ਨਿਸ਼ਾਨੇਬਾਜ਼ ਮਨੂ ਭਾਕਰ ਨੇ ਭਾਰਤ ਦਾ ਖ਼ਾਤਾ ਖੋਲ੍ਹਿਆ
ਚੈਟੋਰੌਕਸ (ਫਰਾਂਸ), 28 ਜੁਲਾਈ
ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗ਼ਮੇ ਲਈ ਭਾਰਤ ਦੀ 12 ਸਾਲਾਂ ਦੀ ਉਡੀਕ ਖ਼ਤਮ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਤਗ਼ਮਿਆਂ ਦਾ ਖਾਤਾ ਖੋਲ੍ਹਿਆ। ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਵੀ ਬਣੀ। ਲੰਡਨ ਓਲੰਪਿਕ 2012 ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਗ਼ਮਾ ਹੈ। ਲੰਡਨ ਵਿੱਚ ਵਿਜੈ ਕੁਮਾਰ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਦਕਿ ਗਗਨ ਨਾਰੰਗ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੇ ਸਨ।
ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 22 ਸਾਲਾ ਨੇ ਮਨੂ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 221.7 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਦੱਖਣੀ ਕੋਰੀਆ ਦੀ ਕਿਮ ਯੇਜੀ ਨੇ 241.3 ਅੰਕਾਂ ਨਾਲ ਚਾਂਦੀ ਜਦਕਿ ਉਸ ਦੀ ਹਮਵਤਨਣ ਜਿਨ ਯੇ ਓਹ ਨੇ 243.2 ਅੰਕਾਂ ਦੇ ਓਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ।
ਆਪਣੇ ਦੂਜੇ ਓਲੰਪਿਕ ’ਚ ਹਿੱਸਾ ਲੈ ਰਹੀ ਮਨੂ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੀ ਸੀ। ਮਨੂ ਨੇ ਕਿਹਾ, “ਟੋਕੀਓ ਤੋਂ ਬਾਅਦ ਮੈਂ ਬਹੁਤ ਨਿਰਾਸ਼ ਸੀ ਅਤੇ ਇਸ ਤੋਂ ਉਭਰਨ ਲਈ ਮੈਨੂੰ ਬਹੁਤ ਸਮਾਂ ਲੱਗਾ। ਸੱਚ ਕਹਾਂ ਤਾਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਕਿ ਅੱਜ ਮੈਨੂੰ ਕਿੰਨਾ ਚੰਗਾ ਮਹਿਸੂਸ ਹੋ ਰਿਹਾ ਹੈ।’’ ਟੋਕੀਓ ਓਲੰਪਿਕ ਦੇ ਇਸੇ ਈਵੈਂਟ ਲਈ ਕੁਆਲੀਫਾਈ ਕਰਨ ਦੌਰਾਨ ਪਿਸਟਲ ਦੀ ਖਰਾਬੀ ਕਾਰਨ ਮਨੂ ਦੀ ਮੁਹਿੰਮ ਹੰਝੂਆਂ ਨਾਲ ਖ਼ਤਮ ਹੋ ਗਈ ਸੀ ਪਰ ਅੱਜ ਉਸ ਦੇ ਚਿਹਰੇ ’ਤੇ ਮੁਸਕਰਾਹਟ ਹੈ। ਉਸ ਨੇ ਕਿਹਾ, “ਮੈਂ ਆਪਣੀ ਪੂਰੀ ਤਾਕਤ ਨਾਲ ਲੜ ਰਹੀ ਸੀ। ਮੈਂ ਭਗਵਦ ਗੀਤਾ ਪੜ੍ਹੀ ਹੈ ਅਤੇ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਮੈਨੂੰ ਕਰਨਾ ਚਾਹੀਦਾ ਹੈ। ਬਾਕੀ ਮੈਂ ਪਰਮਾਤਮਾ ’ਤੇ ਛੱਡ ਦਿੰਦੀ ਹਾਂ। ਅਸੀਂ ਕਿਸਮਤ ਨਾਲ ਨਹੀਂ ਲੜ ਸਕਦੇ।’’ -ਪੀਟੀਆਈ
ਰਮਿਤਾ ਤੇ ਅਰਜੁਨ ਨੇ ਵੀ ਤਗ਼ਮਿਆਂ ਦੀ ਉਮੀਦ ਜਗਾਈ
ਮਨੂ ਭਾਕਰ ਮਗਰੋਂ ਰਾਈਫਲ ਨਿਸ਼ਾਨੇਬਾਜ਼ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਨੇ ਵੀ ਕ੍ਰਮਵਾਰ ਔਰਤਾਂ ਦੀ 10 ਮੀਟਰ ਏਅਰ ਰਾਈਫਲ ਅਤੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ’ਚ ਜਗ੍ਹਾ ਬਣਾ ਕੇ ਤਗ਼ਮੇ ਦੀ ਉਮੀਦ ਜਗਾਈ ਹੈ। ਰਮਿਤਾ ਬੀਤੇ ਦਿਨ ਬਬੂਟਾ ਨਾਲ ਮਿਕਸਡ ਟੀਮ ਫਾਈਨਲ ’ਚ ਜਗ੍ਹਾ ਬਣਾਉਣ ਵਿੱਚ ਨਾਕਾਮ ਰਹੀ ਸੀ ਪਰ ਅੱਜ ਉਸ ਨੇ ਪੰਜਵੇਂ ਸਥਾਨ ’ਤੇ ਰਹਿ ਕੇ ਮਹਿਲਾ 10 ਮੀਟਰ ਏਅਰ ਰਾਈਫਲ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਰਮਿਤਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ 631.5 ਅੰਕ ਬਣਾਏ ਜਦਕਿ ਉਸ ਦੀ ਹਮਵਤਨ ਇਲਾਵੇਨਿਲ ਵਲਾਰਿਵਾਨ 630.7 ਅੰਕਾਂ ਨਾਲ 10ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਈ। ਇਸੇ ਤਰ੍ਹਾਂ ਬਬੂਟਾ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਕੁਆਲੀਫੀਕੇਸ਼ਨ ਵਿੱਚ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚਿਆ। 25 ਸਾਲਾ ਬਬੂਟਾ ਨੇ 105.7, 104.9, 105.5, 105.4, 104.0 ਅਤੇ 104.6 ਅੰਕਾਂ ਦੀ ਲੜੀ ਨਾਲ ਕੁੱਲ 630.1 ਅੰਕ ਬਣਾਏ। ਉਹ ਸੋਮਵਾਰ ਨੂੰ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਤਗ਼ਮੇ ਲਈ ਚੁਣੌਤੀ ਦੇਵੇਗਾ। ਚੰਡੀਗੜ੍ਹ ਦੇ ਬਬੂਟਾ ਨੇ ਪਿਛਲੇ ਸਾਲ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਰਾਹੀਂ ਓਲੰਪਿਕ ਕੋਟਾ ਹਾਸਲ ਕੀਤਾ ਸੀ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਨੇ ਭਾਕਰ ਨੂੰ ਵਧਾਈ ਦਿੱਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ’ਚ ਮਹਿਲਾ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਤਗ਼ਮਾ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਨਿਸ਼ਾਨੇਬਾਜ਼ੀ ’ਚ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਹੈ। ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਇਹ ਇਤਿਹਾਸਕ ਤਗ਼ਮਾ ਹੈ। ਪੈਰਿਸ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈ। ਸ਼ਾਨਦਾਰ ਪ੍ਰਾਪਤੀ।’’ ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। -ਪੀਟੀਆਈ