ਇਮੀਗ੍ਰੇਸ਼ਨ ਦਫ਼ਤਰ ’ਤੇ ਗੋਲੀ ਚਲਾਉਣ ਵਾਲਾ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਜ਼ਿਲ੍ਹਾ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਇਮੀਗ੍ਰੇਸ਼ਨ ਦਫਤਰ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਮਨਕਿਤ ਲੋਹਾਨ ਵਾਸੀ ਨਾਰਨੌਂਦ ਜ਼ਿਲ੍ਹਾ ਜੀਂਦ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੇ 23 ਅਕਤੂਬਰ ਨੂੰ ਏਐੱਸਆਈ ਕੰਟਰੋਲ ਰੂਮ ਕੁਰੂਕਸ਼ੇਤਰ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 10 ’ਚ ਵਰਲਡ ਵਾਈਡ ਇਮੀਗਰੇਸ਼ਨ ’ਤੇ ਫਾਇਰਿੰਗ ਹੋਈ ਹੈ।
ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਮਾਮਲਾ ਦਰਜ ਕਰ ਜਾਂਚ ਏਐੱਸਆਈ ਸੁਰਿੰਦਰ ਸਿੰਘ ਨੂੰ ਸੌਂਪੀ ਗਈ ਸੀ। ਉਸ ਤੋਂ ਬਾਅਦ ਜਾਂਚ ਐੱਸਆਈ ਗੁਲਾਬ ਸਿੰਘ ਨੂੰ ਸੌਂਪੀ ਗਈ। ਉਨ੍ਹਾਂ ਮਾਮਲੇ ਦੀ ਜਾਂਚ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਸੂਰਜ ਵਾਸੀ ਹਥੋਲੀ ਜ਼ਿਲ੍ਹਾ ਸਹਾਰਨਪੁਰ ਨੂੰ ਕਾਬੂ ਕਰ ਲਿਆ ਸੀ, ਜਿਸ ਤੋਂ ਪੁੱਛ-ਪੜਤਾਲ ਦੌਰਾਨ ਮੋਬਾਈਲ ਬਰਾਮਦ ਹੋਇਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਰੋਜ਼ਾ ਰਿਮਾਂਡ ਲਿਆ ਸੀ।
ਰਿਮਾਂਡ ਦੌਰਾਨ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ।
6 ਨਵੰਬਰ ਨੂੰ ਐੱਸਆਈ ਗੁਲਾਬ ਸਿੰਘ ਨੂੰ ਸੂਚਨਾ ਮਿਲੀ ਕਿ ਇਮੀਗਰੇਸ਼ਨ ’ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਤਿੰਨ ਮੁਲਜ਼ਮ ਦੇਵੀ ਲਾਲ ਪਾਰਕ ’ਚ ਬੈਠੇ ਹਨ।
ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਸੀ। ਪੁਲੀਸ ਅਨੁਸਾਰ ਅੱਜ ਕਾਬੂ ਕੀਤੇ ਮੁਲਜ਼ਮ ਮਨਕਿਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਹੋਰ ਪੁੱਛ-ਪਛਤਾਲ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਇਮੀਗ੍ਰੇਸ਼ਨ ਸੈਂਟਰ ’ਤੇ ਹਮਲਾ ਕਿਉਂ ਕੀਤਾ ਸੀ।