‘ਕੌਨ ਬਣੇਗਾ ਕਰੋੜਪਤੀ’ ਦੇ ਪਹਿਲੇ ਨਿਰਦੇਸ਼ਕ ਸਨ ਸ਼ੂਜੀਤ ਸਰਕਾਰ
ਮੁੰਬਈ:
ਫ਼ਿਲਮਸਾਜ਼ ਸ਼ੂਜੀਤ ਸਰਕਾਰ ਨੇ ਕੁਇਜ਼ ਆਧਾਰਿਤ ਰਿਐਲਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੇ ਪਹਿਲੇ ਸੀਜ਼ਨ ਦਾ ਨਿਰਦੇਸ਼ਨ ਕੀਤਾ ਸੀ। ਇਹ ਖੁਲਾਸਾ ਬੌਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੀ ਮੇਜ਼ਬਾਨੀ ’ਚ ‘ਕੇਬੀਸੀ’ ਦੇ ਨਵੇਂ ਐਪੀਸੋਡ ਦੌਰਾਨ ਹੋਇਆ, ਜਿਸ ’ਚ ਸ਼ੂਜੀਤ ਸਰਕਾਰ ਵੀ ਨਜ਼ਰ ਆਏ। ਜ਼ਿਕਰਯੋਗ ਹੈ ਕਿ ਨਿਰਦੇਸ਼ਕ ਸ਼ੂਜੀਤ ਸਰਕਾਰ ਆਪਣੀ ਆਉਣ ਵਾਲੀ ਫ਼ਿਲਮ ‘ਆਈ ਵਾਂਟ ਟੂ ਟਾਕ’ ਦੇ ਰਿਲੀਜ਼ ਹੋਣ ਦੀ ਉਡੀਕ ’ਚ ਹਨ। ਦਰਅਸਲ, ਰਿਐਲਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਨਿਰਮਾਤਾਵਾਂ ਵੱਲੋਂ ਇੱਕ ਐਪੀਸੋਡ ਦੀ ਕਲਿੱਪ ਸਾਂਝੀ ਕੀਤੀ ਗਈ ਹੈ, ਜਿਸ ’ਚ ਬਿੱਗ ਬੀ ਦਰਸ਼ਕਾਂ ਨੂੰ ਇਹ ਦੱਸਦੇ ਦਿਖਾਈ ਦਿੰਦੇ ਹਨ ਕਿ ਸ਼ੂਜੀਤ ਇਸ ਪ੍ਰਸਿੱਧ ਸ਼ੋਅ ਦੇ ਪਹਿਲੇ ਨਿਰਦੇਸ਼ਕ ਸਨ। ਬਿੱਗ ਬੀ ਨੇ ਕਿਹਾ, ‘‘ਤੁਹਾਨੂੰ ਦੱਸ ਦਈਏ ਕਿ ਜਦੋਂ ਸਾਲ 2000 ਵਿੱਚ ‘ਕੇਬੀਸੀ’ ਸ਼ੁਰੂ ਹੋਇਆ ਸੀ ਤਾਂ ਸ਼ੂਜੀਤ ਇਸ ਸ਼ੋਅ ਦੇ ਨਿਰਦੇਸ਼ਕ ਸਨ’’। ਸ਼ੂਜੀਤ ਨੇ ਕਿਹਾ, ‘‘ਮੈਂ ਆਨਲਾਈਨ ਨਿਰਦੇਸ਼ਨ ਵਿੱਚ ਸੀ। ਉਹ ਕੰਟਰੋਲ ਰੂਮ ਵਿੱਚ ਬੈਠੇ ਸਨ ਤੇ ਸਿਧਾਰਥ ਬਾਸੂ, ਜਿਸ ਨੂੰ ਅਸੀਂ ਪਿਆਰ ਨਾਲ ਬਾਬੂ ਕਹਿੰਦੇ ਸਨ, ਨੇ ਮੈਨੂੰ ਦਿੱਲੀ ਵਿੱਚ ਉਨ੍ਹਾਂ ਦੀ ਮਦਦ ਲਈ ਅਪੀਲ ਕੀਤੀ ਸੀ ਅਤੇ ਉਹ ਪਹਿਲੀ ਵਾਰ ਕੇਬੀਸੀ ਲਈ ਮੁੰਬਈ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਕਦੇ ਮੁੰਬਈ ਨਹੀਂ ਸੀ ਦੇਖਿਆ। ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਦਾ ਪਹੀਆ ਘੁੰਮਦਾ ਹੈ। ਉੱਥੇ ਮੈਂ, ਤੁਹਾਨੂੰ ਮਿਲਿਆ ਤੇ ਤੁਹਾਡੇ ਨਾਲ ਇੱਕ ਫ਼ਿਲਮ ਕੀਤੀ ਅਤੇ ਅੱਜ ਮੈਂ ਇੱਥੇ ਬੈਠਾ ਹਾਂ।’’ -ਆਈਏਐੱਨਐੱਸ