ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ
ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ) 24 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ ਲਈ ਕਮੇਟੀ ਵੱਲੋਂ ਚਲਾਏ ਜਾ ਰਹੇ ਲੰਗਰ ਵਿਚ ਪੁੱਜਣ ਮੌਕੇ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਅਤੇ ਨਲਾਇਕੀ ਕਾਰਨ ਦੇਸ਼ ਲਈ ਰੀੜ੍ਹ ਦੀ ਹੱਡੀ ਕਿਸਾਨਾਂ ਤੇ ਕਿਸਾਨੀ ਦਾ ਲੱਕ ਤੋੜਿਆ ਜਾ ਰਿਹਾ ਅਤੇ ਹਾਕਮਾਂ ਦੇ ਕਿਸਾਨ ਹਿਤਾਇਸ਼ੀ ਹੋਣ ਦੇ ਦਾਅਵਿਆਂ ਦੀ ਵੀ ਫੂਕ ਨਿਕਲ ਗਈ ਹੈ, ਜਿਸ ਕਾਰਨ ਮਜਬੂਰਨ ਕਿਸਾਨਾ ਨੂੰ ਸੜਕਾਂ ’ਤੇ ਉਤਰਨਾ ਪਿਆ ਹੈ। ਉਹ ਖੁਦ ਵੀ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਅੰਤ੍ਰਿਰੰਗ ਕਮੇਟੀ ਮੈਂਬਰ ਜਸਮੇਰ ਲਾਛੜੂ, ਸਤਵਿੰਦਰ ਟੌਹੜਾ, ਜਰਨੈਲ ਕਰਤਾਰਪੁਰ, ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸ਼ੇਖੂਪੁਰ ਤੇ ਰਾਮ ਸਿੰਘ ਚੱਠੇ ਮੌਜੂਦ ਸਨ। ਸ੍ਰੀ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਵਾਅਦਾਖਿਲਾਫੀ ਦਾ ਨਤੀਜਾ ਹੈ ਕਿ ਅੱਜ ਕਿਸਾਨ ਦਿੱਲੀ ਜਾਣ ਲਈ ਮਜਬੂਰ ਹੋਇਆ ਹੈ। ਉਧਰ ਹਕੂਮਤਾਂ ਵਾਅਦਿਆਂ ਦੀ ਪੂਰਤੀ ਦੀ ਥਾ ਤਾਨਾਸ਼ਾਹੀ ਤਰੀਕੇ ਨਾਲ ਬਾਰਡਰਾਂ ’ਤੇ ਰੋਕ ਕੇ ਤਸ਼ੱਦਦ ਕਰ ਰਹੀਆਂ ਹਨ। ਪ੍ਰਧਾਨ ਵੱਲੋਂ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਹਰਿਆਣਾ ਟੱਪਕੇ ਪੰਜਾਬ ਦੀ ਹੱਦ ਵਿਚ ਦਾਖਲ ਹੋ ਕੇ ਕਿਸਾਨਾਂ ’ਤੇ ਹਮਲਾ ਕਰਨਾ, ਨੌਜਵਾਨਾਂ ’ਤੇ ਗੋਲੀ ਚਲਾ ਕੇ ਜਾਨ ਲੈਣ ਤੋਂ ਇਲਾਵਾ ਨੌਜਵਾਨਾਂ ਦੀ ਫੜੋ ਫੜਕੀ ਕਰਕੇ ਮਾਮਲੇ ਦਰਜ ਕਰਨ ਦਾ ਘਿਨੌਣਾ ਵਰਤਾਰਾ ਬੰਦ ਹੋਣਾ ਚਾਹੀਦਾ ਹੈ। ਇਸ ਮੰਦਭਾਗੀ ਘਟਨਾ ਲਈ ਹਰਿਆਣਾ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਇਸ ਮੌਕੇ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਜੰਗ ਸਿੰਘ ਇਟਲੀ ਤੇ ਪੀਏ ਟੋਨੀ ਘਨੌਰ ਸ਼ਾਮਲ ਸਨ।