ਸ਼ੋਮਾ ਸੇਨ ਮੁੰਬਈ ਜੇਲ੍ਹ ’ਚੋਂ ਬਾਹਰ ਆਈ
ਮੁੰਬਈ: ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ਦੀ ਮੁਲਜ਼ਮ ਤੇ ਨਾਗਪੁਰ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਸ਼ੋਮਾ ਸੇਨ ਨੂੰ ਅੱਜ ਦੁਪਹਿਰੇ ਇੱਥੋਂ ਦੀ ਇੱਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਅੰਗਰੇਜ਼ੀ ਭਾਸ਼ਾ ਦੀ 66 ਸਾਲਾ ਪ੍ਰੋਫੈਸਰ ਨੂੰ 2018 ਦੇ ਇੱਕ ਮਾਮਲੇ ਵਿੱਚ 5 ਅਪਰੈਲ ਨੂੰ ਜ਼ਮਾਨਤ ਦਿੱਤੀ ਸੀ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੋਮਾ ਸੇਨ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਕੇਂਦਰੀ ਮੁੰਬਈ ਦੀ ਬਾਇਕੂਲਾ ਜੇਲ੍ਹ ਤੋਂ ਬਾਹਰ ਆ ਗਈ। ਸੇਨ ਨੂੰ 6 ਜੂਨ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ਤੋਂ ਬਾਹਰ ਉਨ੍ਹਾਂ ਦੀ ਧੀ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ੋਮਾ ਸੇਨ ਦੀ ਵਕੀਲ ਇੰਦਰਾ ਜੈਸਿੰਘ ਨੇ ‘ਐਕਸ’ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘‘ਉਹ (ਸੇਨ) ਆਖ਼ਰਕਾਰ ਜੇਲ੍ਹ ’ਚੋਂ ਬਾਹਰ ਆ ਗਈ। ਸ਼ੋਮਾ ਸੇਨ ਨਾਲ ਉਸ ਦੀ ਧੀ ਬਾਇਕੂਲਾ ਜੇਲ੍ਹ ਦੇ ਬਾਹਰ।’’ ਸ਼ੋਮਾ ਸੇਨ 31 ਦਸੰਬਰ 2017 ਨੂੰ ਪੁਣੇ ਵਿੱਚ ਹੋਏ ਐਲਗਾਰ ਪ੍ਰੀਸ਼ਦ ਸੰਮਲਨ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕਾਰਕੁਨਾਂ ਅਤੇ ਬੁੱਧਜੀਵੀਆਂ ਸਮੇਤ 16 ਵਿਅਕਤੀਆਂ ਵਿੱਚੋਂ ਇੱਕ ਸੀ। ਪੁਣੇ ਪੁਲੀਸ ਨੇ ਦੋਸ਼ ਲਾਇਆ ਸੀ ਕਿ ਸੰਮੇਲਨ ਨੂੰ ਮਾਓਵਾਦੀਆਂ ਦਾ ਸਮਰਥਨ ਪ੍ਰਾਪਤ ਸੀ ਅਤੇ ਉੱਥੇ ‘ਭੜਕਾਊ’ ਭਾਸ਼ਣ ਦਿੱਤੇ ਗਏ ਜਿਸ ਤੋਂ ਅਗਲੇ ਦਿਨ ਪੁਣੇ ਜ਼ਿਲ੍ਹੇ ਵਿੱਚ ਭੀਮਾ ਕੋਰੇਗਾਓਂ ਜੰਗੀ ਯਾਦਗਾਰ ਨੇੜੇ ਹਿੰਸਾ ਭੜਕ ਗਈ ਸੀ। ਇਸ ਕੇਸ ਵਿੱਚ ਮੁਲਜ਼ਮਾਂ ਵਿੱਚੋਂ ਪੀ. ਵਰਵਰਾ ਰਾਓ, ਸੁਧਾ ਭਾਰਦਵਾਜ, ਵਰਨਨ ਗੋਂਜ਼ਾਲਵੇਜ਼, ਅਰੁਣ ਫਰੇਰਾ ਅਤੇ ਆਨੰਦ ਤੈਲਤੁੰਬੜੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਹਨ, ਜਦਕਿ ਗੌਤਮ ਨਵਲੱਖਾ ਜੇਲ੍ਹ ਵਿੱਚ ਰਹਿਣ ਮਗਰੋਂ ਹੁਣ ਘਰ ਵਿੱਚ ਨਜ਼ਰਬੰਦ ਹਨ। ਇਕ ਹੋਰ ਮੁਲਜ਼ਮ ਫਾਦਰ ਸਟੈਨ ਸਵਾਮੀ ਦੀ ਜੇਲ੍ਹ ਵਿਚ ਮੌਤ ਹੋ ਗਈ ਸੀ। -ਪੀਟੀਆਈ