For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਨੂੰ ਝਟਕਾ: ਟੀਨੂੰ ਤੇ ਚੰਨੀ ‘ਆਪ’ ਵਿੱਚ ਸ਼ਾਮਲ

07:11 AM Apr 15, 2024 IST
ਅਕਾਲੀ ਦਲ ਨੂੰ ਝਟਕਾ  ਟੀਨੂੰ ਤੇ ਚੰਨੀ ‘ਆਪ’ ਵਿੱਚ ਸ਼ਾਮਲ
ਪਵਨ ਕੁਮਾਰ ਟੀਨੂੰ ਦਾ ‘ਆਪ’ ਵਿੱਚ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ/ਜਲੰਧਰ, 14 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੋਆਬਾ ਖ਼ਿੱਤੇ ’ਚ ਵੱਡਾ ਝਟਕਾ ਲੱਗਾ ਜਦੋਂ ਦੋ ਵਾਰ ਵਿਧਾਇਕ ਰਹੇ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਤੇ ਪੀਏਸੀ ਕਮੇਟੀ ਮੈਂਬਰ ਗੁਰਚਰਨ ਸਿੰਘ ਚੰਨੀ ‘ਆਪ’ ਸ਼ਾਮਲ ਹੋ ਗਏ। ਪਵਨ ਕੁਮਾਰ ਟੀਨੂੰ ਕੱਦਾਵਰ ਦਲਿਤ ਨੇਤਾ ਵਜੋਂ ਜਾਣੇ ਜਾਂਦੇ ਹਨ ਜਦਕਿ ਚੰਨੀ ਅਕਾਲੀ ਦਲ ’ਚ ਵਾਪਸੀ ਮਗਰੋਂ ਕੁਝ ਪਹਿਲਾਂ ਹੀ ਪੀਏਸੀ ਦੇ ਮੈਂਬਰ ਬਣੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਵਨ ਕੁਮਾਰ ਟੀਨੂੰ ਤੇ ਚੰਨੀ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਹੈ। ਮੁੱਖ ਮੰਤਰੀ ਵੱਲੋਂ 16 ਅਪਰੈਲ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਪਵਨ ਕੁਮਾਰ ਟੀਨੂੰ ਨੂੰ ‘ਆਪ’ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਜਾਣਾ ਲਗਪਗ ਤੈਅ ਹੈ। ਹਫ਼ਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਪਵਨ ਕੁਮਾਰ ਟੀਨੂੰ ਜਲੰਧਰ ਤੋਂ ਉਮੀਦਵਾਰ ਬਣਾਏ ਜਾਣ ਬਾਰੇ ਫ਼ੈਸਲਾ ਆਖ਼ਰੀ ਪੜਾਅ ’ਤੇ ਸੀ ਪਰ ਹੁਣ ‘ਆਪ’ ਨੇ ਟੀਨੂੰ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਲੈ ਲਿਆ ਜਾਪਦਾ ਹੈ। ‘ਆਪ’ ਨੇ ਪਹਿਲਾਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਐਲਾਨਿਆ ਸੀ ਪਰ ਰਿੰਕੂ ਭਾਜਪਾ ’ਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ’ਤੇ ਟੀਨੂੰ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਕਿਹਾ ਕਿ ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਸਾਨੂੰ ਮਜ਼ਬੂਤ ਕਰ ਰਹੇ ਹਨ। ਪਵਨ ਟੀਨੂੰ ਨੇ ‘ਆਪ’ ਵਿਚ ਸ਼ਾਮਲ ਹੋਣ ਮਗਰੋਂ ਕਿਹਾ ਕਿ ਉਹ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਖ਼ਾਤਰ ‘ਆਪ’ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਬਿਨਾਂ ਸ਼ਰਤ ‘ਆਪ’ ਵਿਚ ਸ਼ਾਮਲ ਹੋਏ ਹਨ। ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਵਰ੍ਹਿਆਂ ਦੌਰਾਨ ਆਮ ਆਦਮੀ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਅਤੇ ਮੁੱਖ ਮੰਤਰੀ ਨੂੰ ਕੋਈ ਵੀ ਰਾਹ ਵਿਚ ਰੋਕ ਕੇ ਮਿਲ ਸਕਦਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਲੀਡਰਸ਼ਿਪ ’ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਬੇਯਕੀਨੀ ਤੇ ਅਸੁਰੱਖਿਆ ਦੀ ਭਾਵਨਾ ਹੈ। ਵਰਕਰਾਂ ਵਿੱਚ ਬੈਚੇਨੀ ਫੈਲੀ ਹੋਈ ਹੈ। ਟੀਨੂੰ ਮੁਤਾਬਕ, ‘‘ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਬੇਯਕੀਨੀ ਤੇ ਅਸੁਰੱਖਿਆ ਦੀ ਭਾਵਨਾ ਹੋਵੇ ਤਾਂ ਉਹ ਜਿੱਤ ਨਹੀਂ ਸਕਦੀ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ’ਤੇ ਭਰੋਸਾ ਨਹੀਂ ਰਿਹਾ।’’
ਦੂਜੇ ਪਾਸੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ‘ਆਪ’ ਵਿੱਚ ਆਏ ਗੁਰਚਰਨ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਨੂੰ ਛੱਡ ਚੁੱਕਾ ਹੈ ਤੇ ਜਮਹੂਰੀ ਢਾਂਚੇ ਤੋਂ ਬਹੁਤ ਦੂਰ ਚਲਾ ਗਿਆ ਹੈ।
ਚੰਨੀ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ, ‘‘ਮੈਂ ਪਾਰਟੀ ਨੂੰ 30 ਸਾਲ ਤੋਂ ਵੱਧ ਦਾ ਸਮਾਂ ਦਿੱਤਾ। ਮੈਂ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਹੀ ਅਕਾਲੀ ਦਲਾ ’ਚ ਵਾਪਸ ਆਇਆ ਸੀ। ਪਰ ਪਾਰਟੀ ਵਿੱਚ ਵਾਪਸੀ ਸਮੇਂ ਹੋਏ ਤਜਰਬਿਆਂ ਨਾਲ ਨਿਰਾਸ਼ ਹੋਈ ਹੈ।’’ ਦੱਸਣਯੋਗ ਹੈ ਕਿ ਗੁਰਚਰਨ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਹੇ ਹਨ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਨ-ਮੁਟਾਵ ਕਾਰਨ ਅਕਾਲੀ ਦਲ ਸੰਯੁਕਤ ਵਿੱਚ ਚਲੇ ਗਏ ਸਨ। ਲੰਘੇ ਦਿਨੀਂ ਹੀ ਸੁਖਬੀਰ ਸਿੰਘ ਬਾਦਲ ਨੇ ਚੰਨੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਤੇ ਕੁਝ ਦਿਨ ਪਹਿਲਾਂ ਹੀ ਪਾਰਟੀ ਵੱਲੋਂ ਕਾਇਮ ਕੀਤੀ ਪੀਏਸੀ ਦੀ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ। ਚੰਨੀ ਪਹਿਲੇ ਅਕਾਲੀ ਆਗੂ ਹਨ ਜਿਨ੍ਹਾਂ ਨੇ ਅਕਾਲੀ ਦਲ ਦੀ ਸਭ ਤੋਂ ਵੱਧ ਤਾਕਤਵਾਰ ਮੰਨੀ ਜਾਂਦੀ ਕਮੇਟੀ ਪੀਏਸੀ ਤੋਂ ਅਸਤੀਫ਼ਾ ਦੇ ਕੇ ‘ਝਾੜੂ’ ਫੜਿਆ ਹੈ।

Advertisement

ਟੀਨੂੰ ਤੀਜੀ ਵਾਰ ਤੀਜੀ ਪਾਰਟੀ ਵੱਲੋਂ ਲੜ ਸਕਦੇ ਨੇ ਲੋਕ ਸਭਾ ਚੋਣ

ਜਲੰਧਰ (ਪਾਲ ਸਿੰਘ ਨੌਲੀ): ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਤੀਜੀ ਰਾਜਨੀਤਕ ਪਾਰਟੀ ਵੱਲੋਂ ਤੀਜੀ ਵਾਰ ਹੀ ਲੋਕ ਸਭਾ ਲਈ ਆਪਣੀ ਕਿਸਮਤ ਅਜ਼ਮਾਉਣਗੇ। ‘ਆਪ’ ਵੱਲੋਂ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣਾ ਲਗਪਗ ਤੈਅ ਹੈ। ਬੁਹਜਨ ਸਮਾਜ ਪਾਰਟੀ ਵਿੱਚ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਪਵਨ ਕੁਮਾਰ ਟੀਨੂੰ ਨੇ 2002 ਦੀ ਵਿਧਾਨ ਸਭਾ ਚੋਣ ਜਲੰਧਰ ਪੱਛਮੀ ਤੋਂ ਮਹਿੰਦਰ ਸਿੰਘ ਕੇਪੀ ਦੇ ਵਿਰੁੱਧ ਲੜੀ ਸੀ। ਟੀਨੂੰ ਬਸਪਾ ਦੇ ਬਾਨੀ ਪ੍ਰਧਾਨ ਮਰਹੂਮ ਬਾਬੂ ਕਾਂਸ਼ੀ ਰਾਮ ਦੇ ਕਰੀਬੀਆਂ ’ਚੋਂ ਇੱਕ ਸਨ। ਪਵਨ ਕੁਮਾਰ ਟੀਨੂੰ ਨੇ ਲੋਕ ਸਭਾ ਦੀ ਚੋਣ ਪਹਿਲੀ ਵਾਰ ਸਾਲ 2004 ਵਿੱਚ ਫਿਲੌਰ ਹਲਕੇ ਤੋਂ ਬਸਪਾ ਦੀ ਟਿਕਟ ’ਤੇ ਲੜੀ ਸੀ। ਉਨ੍ਹਾਂ ਨੇ ਸਾਲ 2008 ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜ਼ਰਾਲ ਰਾਹੀਂ ਆਪਣੀ ਬਹੁਜਨ ਕ੍ਰਾਂਤੀ ਪਾਰਟੀ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਦਿੱਤਾ ਸੀ। ਅਕਾਲੀ ਦਲ ਨੇ ਪਵਨ ਕੁਮਾਰ ਟੀਨੂੰ 2014 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ 70 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ। ਹੁਣ ਟੀਨੂੰ ਵੱਲੋਂ ਤੀਜੀ ਵਾਰ 2024 ਦੀ ਲੋਕ ਸਭਾ ਚੋਣ ‘ਆਪ’ ਵੱਲੋਂ ਲੜਨਾ ਤੈਅ ਹੈ। ਇਹ ਇਤਫਾਕ ਹੀ ਕਿ ਟੀਨੂੰ ਹਰ 10 ਸਾਲਾਂ ਬਾਅਦ ਪਾਰਟੀ ਬਦਲ ਕੇ ਚੋਣ ਲੜਦੇ ਆ ਰਹੇ ਹਨ।

Advertisement

Advertisement
Author Image

Advertisement