For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਭਾ ਦਾਸ ਦੇ 488ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾਵਾਂ ਕੱਢੀਆਂ

10:58 AM Apr 08, 2024 IST
ਗੁਰੂ ਨਾਭਾ ਦਾਸ ਦੇ 488ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾਵਾਂ ਕੱਢੀਆਂ
ਪਠਾਨਕੋਟ ਵਿੱਚ ਸਜਾਈ ਗਈ ਸ਼ੋਭਾ ਯਾਤਰਾ ’ਚ ਹਿੱਸਾ ਲੈ ਰਹੀਆਂ ਸੰਗਤਾਂ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਗੋਸੁਆਮੀ ਗੁਰੂ ਨਾਭਾ ਦਾਸ ਦੇ 488ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਕ ਸ਼ੋਭਾ ਯਾਤਰਾ ਗੁਰੂ ਨਾਭਾ ਦਾਸ ਮਹਾਸ਼ਾ ਸੇਵਾ ਸਮਿਤੀ ਵੱਲੋਂ ਕੱਢੀ ਗਈ। ਇਸ ਵਿੱਚ ਸਮਿਤੀ ਦੇ ਚੀਫ ਆਰਗੇਨਾਈਜ਼ਰ ਪ੍ਰਸ਼ੋਤਮ ਭਜੂਰਾ, ਜ਼ਿਲ੍ਹਾ ਪ੍ਰਧਾਨ ਮਾਸਟਰ ਜਨਕ ਰਾਜ ਅਤੇ ਮਹੰਤ ਸਾਂਵਰੀਆ ਦਾਸ, ਮਹਾਂਵੀਰ ਦਾਸ ਜੈਪੁਰ ਵਾਲੇ, ਮਹੰਤ ਬੰਸੀ ਦਾਸ, ਮਹੰਤ ਪ੍ਰਾਣ ਕ੍ਰਿਸ਼ਨਾ ਨਾਥ, ਮਹੰਤ ਨਿਤਿਆ ਦਾਸ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਅਸ਼ਵਨੀ ਸ਼ਰਮਾ, ਵਿਧਾਇਕ ਨਰੇਸ਼ ਪੁਰੀ, ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ, ਸਾਬਕਾ ਵਿਧਾਇਕ ਅਮਿਤ ਵਿੱਜ, ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਮੇਅਰ ਪੰਨਾ ਲਾਲ ਭਾਟੀਆ ਆਦਿ ਵੀ ਸ਼ਾਮਲ ਹੋਏ। ਇਹ ਸ਼ੋਭਾ ਯਾਤਰਾ ਪਿੰਡ ਭੜੋਲੀ ਸਥਿਤ ਬਾਬਾ ਪੰਜ ਪੀਰ ਦੀ ਦਰਗਾਹ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਕ, ਗਾਂਧੀ ਚੌਕ, ਗਾੜੀ ਅਹਾਤਾ ਚੌਕ, ਸਲਾਰੀਆ ਚੌਕ ਅਤੇ ਢਾਂਗੂ ਰੋਡ ਤੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਵਿੱਚ ਪੁੱਜ ਕੇ ਸੰਪੰਨ ਹੋਈ। ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਦਕਿ ਟਰਾਲੀਆਂ ਵਿੱਚ ਗੁਰੂ ਨਾਭਾ ਦਾਸ ਦੇ ਚਿੱਤਰਾਂ ਨੂੰ ਸਜਾਇਆ ਗਿਆ ਸੀ ਅਤੇ ਸੰਗਤਾਂ ਭਜਨਾਂ ਦਾ ਗੁਣਗਾਨ ਕਰਦੀਆਂ ਚੱਲ ਰਹੀਆਂ ਸਨ। ਇਸ ਤੋਂ ਪਹਿਲਾਂ ਧਰਮਸ਼ਾਲਾ ਵਿੱਚ ਧਾਰਮਿਕ ਸਮਾਗਮ ਕੀਤਾ ਗਿਆ ਜਿਸ ਦੌਰਾਨ ਸੰਤਾਂ-ਮਹਾਤਮਾਵਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਗੋਸੁਆਮੀ ਗੁਰੂ ਨਾਭਾ ਦਾਸ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਵਿਸ਼ਾਲ ਭੰਡਾਰਾ ਵੀ ਲਾਇਆ ਗਿਆ।

Advertisement

ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੂੰ ‘ਰਹਬਿਰ-ਏ-ਕੌਮ’ ਸਨਮਾਨ ਦਿੱਤਾ

ਦੀਨਾਨਗਰ (ਪੱਤਰ ਪ੍ਰੇਰਕ): ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਦੇ 451ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਦੀਨਾਨਗਰ ਵਿੱਚ ਰਾਜ ਪੱਧਰੀ ਸ਼ੋਭਾ ਯਾਤਰਾ ਸੂਬਾ ਪ੍ਰਧਾਨ ਵਿਜੇ ਚਾਂਡਲ ਦੀ ਦੇਖ-ਰੇਖ ਹੇਠ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕਾ ਅਰੁਣਾ ਚੌਧਰੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ, ਸੂਬਾ ਮੀਤ ਪ੍ਰਧਾਨ ਬਲਕਾਰ ਚੰਦ ਅਵਾਂਖਾ, ਸੂਬਾ ਚੇਅਰਮੈਨ ਅਸ਼ਵਨੀ ਕੌਂਟਾ, ਬਲਾਕ ਪ੍ਰਧਾਨ ਯਗਦੱਤ ਅਤੇ ਸਿਟੀ ਪ੍ਰਧਾਨ ਬਲਵਿੰਦਰ ਕੁਮਾਰ ਫ਼ੌਜੀ ਦੀ ਅਣਥੱਕ ਮਿਹਨਤ ਸਦਕਾ ਇਸ ਵਾਰ ਸ਼ੋਭਾ ਯਾਤਰਾ ਦੌਰਾਨ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸ਼ੋਭਾ ਯਾਤਰਾ ਨਵੇਂ ਮੰਦਰ ਤੋਂ ਸ਼ੁਰੂ ਹੋ ਕੇ ਬਹਿਰਾਮਪੁਰ ਰੋਡ ਰਾਹੀਂ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮੁੜ ਮੰਦਰ ਵਿਖੇ ਹੀ ਸਮਾਪਤ ਹੋਈ। ਇਸ ਮੌਕੇ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਖੁਸ਼ੀ ਦਾ ਪਲ ਹੈ ਅਤੇ ਸਮੂਹ ਮਹਾਸ਼ਾ ਬਿਰਾਦਰੀ ਅੰਦਰ ਗੁਰੂ ਨਾਭਾ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਸ਼ੋਕ ਚੌਧਰੀ ਨੇ ਵੀ ਸਾਰਿਆਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਮੰਦਰ ਦੇ ਨਿਰਮਾਣ ਲਈ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਜੇ ਚਾਂਡਲ ਨੇ ਕਿਹਾ ਕਿ ਮੈਡਮ ਅਰੁਣਾ ਚੌਧਰੀ ਨੇ ਕੈਬਨਿਟ ਮੰਤਰੀ ਰਹਿੰਦਿਆਂ ਮੰਦਰ ਲਈ ਮਹਾਸੰਮਤੀ ਨੂੰ 2 ਕਨਾਲ ਜਗ੍ਹਾ ਅਤੇ 10 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਸੀ ਜਿਸਦੇ ਲਈ ਮਹਾਸ਼ਾ ਕੌਮ ਉਨ੍ਹਾਂ ਦੀ ਸਦਾ ਰਿਣੀ ਰਹੇਗੀ। ਇਸ ਦੌਰਾਨ ਮਹਾਸੰਮਤੀ ਵੱਲੋਂ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਨੂੰ ‘ਰਹਬਿਰ-ਏ-ਕੌਮ’ ਦੇ ਸਨਮਾਨ ਨਾਲ ਨਿਵਾਜਿਆ ਗਿਆ।

Advertisement
Author Image

Advertisement
Advertisement
×