ਫੌਜੀ ਨਾਲ ਬਦਸਲੂਕੀ ਦੇ ਦੋਸ਼ ਹੇਠ ਐੱਸਐੈੱਚਓ ਮੁਅੱਤਲ
ਬਲਵਿੰਦਰ ਰੈਤ
ਨੂਰਪੁਰ ਬੇਦੀ, 19 ਅਗਸਤ
ਪਿੰਡ ਬਜ਼ਰੂੜ ਦੇ ਇੱਕ ਫੌਜੀ ਜਵਾਨ ਨਾਲ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾਂਦਿਆਂ ਇੱਕ ਨਾਕੇ ’ਤੇ ਉਥੋਂ ਦੇ ਐੱਸਐੱਚਓ ਭਾਰਤ ਭੂਸ਼ਣ ਵੱਲੋਂ ਬਦਸਲੂਕੀ ਕੀਤੀ ਗਈ ਤੇ ਊਸ ਨੇ ਫੌਜੀ ਦੀ ਪਗੜੀ ਵੀ ਲਾਹੀ।
ਅੱਜ ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਅਖਿਲ ਚੌਧਰੀ ਨੇ ਅੱਜ ਊਕਤ ਪੁਲੀਸ ਅਧਿਕਾਰੀ ਖ਼ਿਲਾਫ਼ ਸਖ਼ਤ ਫੈ਼ਸਲਾ ਲੈਂਦਿਆ ਉਸ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਰੂਪਨਗਰ ਪੁਲੀਸ ਲਾਈਨ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਫੌਜੀ ਜਵਾਨ ਨਾਲ ਹੋਈ ਬਦਸਲੂਕੀ ਦੀ ਜਾਂਚ ਦੌਰਾਨ ਰਾਹ ’ਚ ਕੋਈ ਅੜਿੱਕਾ ਨਾ ਆਵੇ। ਦੂਜੇ ਪਾਸੇ ਇਨਸਾਫ ਦੀ ਮੰਗ ਕਰ ਰਹੇ ਸਾਬਕਾ ਫੌਜੀਆਂ ਦੀ ਯੂਨੀਅਨ ਨੇ ਅੱਜ ਪਿੰਡ ਬਜ਼ਰੂੜ ਵਿਚ ਮੀਟਿੰਗ ਕਰ ਕੇ ਪੁਲੀਸ ਵਿਭਾਗ ਵੱਲੋਂ ਉਕਤ ਐੱਸਐੱਚਓ ਵਿਰੁੱਧ ਕੀਤੀ ਕਾਰਵਾਈ ’ਤੇ ਨਾਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਇਲਾਕਾ ਸੰਘਰਸ਼ ਕਮੇੇਟੀ ਤੋਂ ‘ਆਪ’ ਆਗੂ ਵੀ ਸ਼ਾਮਲ ਹੋਏ। ਸਾਬਕਾ ਫੌਜੀਆਂ ਨੇ ਮੰਗ ਕੀਤੀ ਕਿ ਉਕਤ ਐੱਸਐੱਚਓ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲੀਸ ਅਧਿਕਾਰੀ ਨੂੰ ਮੁਅੱਤਲ ਕਰ ਕੇ ਉਸ ਨੂੰ ਪੁਲੀਸ ਵਿਭਾਗ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਿਹੜੇ ਫੌਜੀਆ ਦੇ ਸ਼ਹੀਦ ਹੋਣ ਮਗਰੋਂ ਸਰਕਾਰਾਂ ਸਤਿਕਾਰ ਭੇਟ ਕਰਦੀਆਂ ਹਨ, ਜਿਉਂਦੇ ਜੀਅ ਉਨ੍ਹਾਂ ਫੌਜੀਆਂ ਖ਼ਿਲਾਫ਼ ਹੋਏ ਅਣਮਨੁੱਖੀ ਤਸ਼ੱਦਦ ’ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਂਦੀ। ਉਨ੍ਹਾਂ ਕਿਹਾ ਕਿ ਜੇਕਰ ਕਥਿਤ ਦੋਸ਼ੀ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।