‘ਬਾਅਦ ’ਚ ਦੇਖ ਲਵਾਂਗੇ’ ਦੀ ਧਮਕੀ ਦੇਣ ਸਬੰਧੀ ਸ਼ਿਵਪਾਲ ਦਾ ਵੀਡੀਓ ਵਾਇਰਲ
ਬਦਾਯੂੰ (ਉੱਤਰ ਪ੍ਰਦੇਸ਼), 5 ਅਪਰੈਲ
ਬਦਾਯੂੰ ਤੋਂ ਸਪਾ ਉਮੀਦਵਾਰ ਸ਼ਿਵਪਾਲ ਯਾਦਵ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘‘ਅਸੀਂ ਸਾਰਿਆਂ ਦੀ ਵੋਟ ਮੰਗਾਂਗੇ। ਜੇਕਰ ਤੁਸੀਂ ਸਾਨੂੰ ਵੋਟ ਦਿੰਦੇ ਹੋ ਤਾਂ ਸਭ ਠੀਕ ਹੈ, ਨਹੀਂ ਤਾਂ ਬਾਅਦ ’ਚ ਦੇਖ ਲਵਾਂਗੇ।’’ ਵੀਡੀਓ ’ਚ ਸ਼ਿਵਪਾਲ ਯਾਦਵ ਦੇ ਨਾਲ ਸਮਾਜਵਾਦੀ ਪਾਰਟੀ (ਸਪਾ) ਦੇ ਸਹਿਸਵਨ ਤੋਂ ਵਿਧਾਇਕ ਬ੍ਰਜੇਸ਼ ਯਾਦਵ ਅਤੇ ਸ਼ਿਵਪਾਲ ਦਾ ਪੁੱਤਰ ਵੀ ਮੰਚ ’ਤੇ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਸ਼ਿਵਪਾਲ ਨੇ ਇਹ ਟਿੱਪਣੀ ਕਿੱਥੇ ਅਤੇ ਕਦੋਂ ਕੀਤੀ। ਹਾਲਾਂਕਿ ਸ਼ਿਵਪਾਲ ਯਾਦਵ ਦੇ ਨਾਲ ਮੰਚ ’ਤੇ ਨਜ਼ਰ ਆ ਰਹੇ ਸਪਾ ਵਿਧਾਇਕ ਬ੍ਰਜੇਸ਼ ਯਾਦਵ ਨੇ ਕਿਹਾ, ‘‘ਵੀਡੀਓ ਦੀ ਸਮੱਗਰੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਬਿਆਨ ਬਦਾਯੂੰ ਦੇ ਬਿਲਸੀ ਵਿਧਾਨ ਸਭਾ ਹਲਕੇ ਵਿੱਚ ਦਿੱਤਾ।’’ ਇਸ ਦੌਰਾਨ ਬਦਾਯੂੰ ਦੇ ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਕਿਹਾ, ‘‘ਅਸੀਂ ਵੀਡੀਓ ਨੂੰ ਟਰੇਸ ਕਰ ਲਿਆ ਹੈ ਅਤੇ ਯੂਪੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਇਸ ਵੀਡੀਓ ਬਾਰੇ ਜਾਣਕਾਰੀ ਮੰਗੀ ਗਈ ਹੈ। ਵੀਡੀਓ ਦੀ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।’’ ਸ਼ਿਵਪਾਲ ਯਾਦਵ ਇਸ ਸਮੇਂ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ਤੋਂ ਸਪਾ ਦੇ ਵਿਧਾਇਕ ਹਨ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 7 ਮਈ ਨੂੰ ਬਦਾਯੂੰ ’ਚ ਵੋਟਾਂ ਪੈਣਗੀਆਂ। ਬਾਅਦ ‘ਚ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਸ਼ਿਵਪਾਲ ਯਾਦਵ ਨੇ ਕਿਹਾ, ‘’ਜੋ ਵੀਡੀਓ ਦਿਖਾਈ ਗਈ, ਉਹ 20-25 ਸੈਕਿੰਡ ਦਾ ਸੀ। ਵੀਡੀਓ ’ਚ ਇਸ ਤੋਂ ਪਹਿਲਾਂ ਕੀ ਬੋਲਿਆ ਗਿਆ ਅਤੇ ਬਾਅਦ ਵਿੱਚ ਕੀ, ਇਹ ਦਿਖਾਇਆ ਨਹੀਂ ਗਿਆ।’’ ਉਨ੍ਹਾਂ ਕਿਹਾ, ‘‘ਇਸ ’ਚ ਮੈਂ ਸਿਰਫ਼ ਉਨ੍ਹਾਂ ਲੋਕਾਂ ਲਈ ਕਿਹਾ ਸੀ ਜੋ ਸਪਾ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜ ਕੇ ਵਿਧਾਇਕ ਬਣੇ ਸਨ, ਪਰ ਵੋਟ ਕਿਸੇ ਹੋਰ ਪਾਰਟੀ ਨੂੰ ਦਿੱਤੀ ਸੀ ਕਿ ਆਉਣ ਵਾਲੀਆਂ ਚੋਣਾਂ ‘ਚ ਲੋਕ ‘ਹਿਸਾਬ-ਕਿਤਾਬ’ ਕਰਨਗੇ।’’ -ਪੀਟੀਆਈ
ਖਜੂਰਾਹੋ ਤੋਂ ਸਪਾ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ
ਪੰਨਾ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ’ਚ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਚੋਣ ਅਧਿਕਾਰੀ ਵੱਲੋਂ ਖਜੂਰਾਹੋ ਲੋਕ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ (ਐੱਸਪੀ) ਦੀ ਉਮੀਦਵਾਰ ਮੀਰਾ ਯਾਦਵ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਐਸਪੀ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾਕ੍ਰਮ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਅਤੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ। ਭਾਜਪਾ ਸ਼ਾਸਤ ਰਾਜ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ‘ਇੰਡੀਆ’ ਬਲਾਕ ’ਚ ਸੀਟ ਵੰਡ ਸਮਝੌਤੇ ਤਹਿਤ ਖਜੂਰਾਹੋ ਸੀਟ ਸਪਾ ਲਈ ਛੱਡੀ ਸੀ। ਇਸ ਸੀਟ ਲਈ ਦੂਜੇ ਗੇੜ ਵਿੱਚ 26 ਅਪਰੈਲ ਨੂੰ ਵੋਟਾਂ ਪੈਣਗੀਆਂ। ਪੰਨਾ ਦੇ ਜ਼ਿਲ੍ਹਾ ਕੁਲੈਕਟਰ ਜੋ ਚੋਣ ਰਿਟਰਨਿੰਗ ਅਫ਼ਸਰ ਵੀ ਹਨ, ਨੇ ਮੀਰਾ ਯਾਦਵ ਦੀ ਨਾਮਜ਼ਦਗੀ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਸ ਨੇ ‘ਬੀ ਫਾਰਮ’ ’ਤੇ ਦਸਤਖਤ ਨਹੀਂ ਸਨ ਕੀਤੇ ਅਤੇ ਉਹ 2023 ਅਸੈਂਬਲੀ ਚੋਣਾਂ ਦੀ ਵੋਟਰ ਸੂਚੀ ਦੀ ਪ੍ਰਮਾਣਿਤ ਕਾਪੀ ਨੱਥੀ ਕਰਨ ਵਿੱਚ ਵੀ ਅਸਫਲ ਰਹੀ ਸੀ। -ਪੀਟੀਆਈ