ਨਿਗਮ ਚੋਣਾਂ ’ਚ ਉਮੀਦਵਾਰ ਖੜ੍ਹਾ ਕਰੇਗੀ ਸ਼ਿਵ ਸੈਨਾ
ਪੱਤਰ ਪ੍ਰੇਰਕ
ਪਟਿਆਲਾ, 24 ਨਵੰਬਰ
ਪਟਿਆਲਾ ਨਗਰ ਨਿਗਮ ਚੋਣਾਂ ਦੀ ਤਿਆਰੀ ਲਈ ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਆਗੂਆਂ ’ਤੇ ਆਧਾਰਿਤ ਬਣਾਈ ਗਈ ਕੋਰ ਕਮੇਟੀ ਦੇ ਅਹਿਮ ਮੈਂਬਰਾਂ ਦੀ ਮੀਟਿੰਗ ਅੱਜ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਘਰ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਟਿਆਲਾ ਤੋਂ ਆਪਣੇ ਉਮੀਦਵਾਰ ਖੜ੍ਹਾਏ ਜਾਣਗੇ।
ਪਵਨ ਗੁਪਤਾ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਵਿੱਚ ਚੰਗੇ ਇਮਾਨਦਾਰ ਕੌਂਸਲਰਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਪਟਿਆਲਾ ਦਾ ਵਿਕਾਸ ਕਰਾਉਣ ਵਿਚ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ। ਅੱਜ ਦੀ ਮੀਟਿੰਗ ਵਿੱਚ ਪਾਰਟੀ ਦੀ ਕੋਰ ਕਮੇਟੀ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ ਕ੍ਰਿਸ਼ਨ ਕੁਮਾਰ ਗਾਬਾ ਚੇਅਰਮੈਨ, ਪ੍ਰਧਾਨ ਉੱਤਰੀ ਭਾਰਤ ਰਾਜੇਸ਼ ਕੌਸ਼ਿਕ ਗਗੀ, ਪੰਜਾਬ ਪ੍ਰਧਾਨ ਆਈਟੀ ਸੈਨਾ ਹਿਤੇਸ਼ ਰਿੰਕੂ, ਜ਼ਿਲ੍ਹਾ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਸ਼ਹਿਰੀ ਪ੍ਰਧਾਨ ਪਟਿਆਲਾ ਰਵੀ ਸੋਹਲ ਅਤੇ ਮੀਤ ਪ੍ਰਧਾਨ ਪਟਿਆਲਾ ਦੀਪਕ ਕੁਮਾਰ ਹਾਜ਼ਰ ਹੋਏ। ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦੀ ਤਿਆਰੀ ਸਬੰਧੀ ਕੋਰ ਕਮੇਟੀ ਦੇ ਅਹਿਮ ਮੈਂਬਰਾਂ ਨੇ ਦੱਸਿਆ ਕਿ ਸ਼ਿਵ ਸੈਨਾ ਨਗਰ ਨਿਗਮ ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਪਾਰਟੀ ਦੀ ਕੋਰ ਕਮੇਟੀ ਨੇ ਅੱਜ ਦੀ ਮੀਟਿੰਗ ਵਿੱਚ ਦੱਸਿਆ ਕਿ ਪਾਰਟੀ ਵੱਲੋਂ ਹੁਣ ਤੱਕ 30 ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੋਣ ਪ੍ਰਕਿਰਿਆ ਦੋ ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਅਗਲੀ ਸੂਚੀ ਵੀ ਜਲਦ ਤਿਆਰ ਕਰ ਲਈ ਜਾਵੇਗੀ।