ਤਕਰਾਰ ਮਗਰੋਂ ਨੌਜਵਾਨਾਂ ਵੱਲੋਂ ਸ਼ਿਵ ਸੈਨਾ ਆਗੂ ’ਤੇ ਹਮਲਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਕਤੂਬਰ
ਚੌੜਾ ਬਾਜ਼ਾਰ ’ਚ ਰਸਤੇ ਲਈ ਹੋਈ ਤਕਰਾਰ ਤੋਂ ਬਾਅਦ ਕੁਝ ਨੌਜਵਾਨਾਂ ਨੇ ਸ਼ਿਵ ਸੈਨਾ ਸਮਾਜਵਾਦੀ ਦੇ ਵਪਾਰ ਮੰਡਲ ਦੇ ਪ੍ਰਧਾਨ ਰਾਜਨ ਰਾਣਾ, ਉਸ ਦੇ ਭਰਾ ਅਤੇ ਭਤੀਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਮਗਰੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਰਾਜਨ ਰਾਣਾ, ਉਸ ਦੇ ਭਰਾ ਅਤੇ ਭਤੀਜੇ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਰਾਜਨ ਰਾਣਾ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰਾਜਨ ਰਾਣਾ ਆਪਣੇ ਭਰਾ ਦਾ ਜਨਮ ਦਿਨ ਮਨਾ ਕੇ ਵਾਪਸ ਆ ਰਿਹਾ ਸੀ। ਹਾਲਾਂਕਿ ਜਦੋਂ ਉਹ ਪਰਿਵਾਰ ਦੇ ਨਾਲ ਸੀ ਤਾਂ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਮੌਜੂਦ ਨਹੀਂ ਸੀ। ਥਾਣਾ ਡਿਵੀਜ਼ਨ 3 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਨ ਰਾਣਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਭਰਾ ਬੌਬੀ ਦਾ ਜਨਮ ਦਿਨ ਮਨਾ ਕੇ ਕਾਰ ਵਿੱਚ ਘਰ ਪਰਤ ਰਿਹਾ ਸੀ। ਚੌੜਾ ਬਾਜ਼ਾਰ ਵਿੱਚ ਪਰਾਂਠੇ ਵੇਚਣ ਵਾਲਿਆਂ ਦੀ ਰੇਹੜੀਆਂ ’ਤੇ ਕੁਝ ਨੌਜਵਾਨ ਖੜ੍ਹੇ ਸਨ। ਉਸ ਦੇ ਭਤੀਜੇ ਪੀਯੂਸ਼ ਨੇ ਸੜਕ ’ਤੇ ਜਗਾ ਘੱਟ ਹੋਣ ਕਾਰਨ ਨੌਜਵਾਨਾਂ ਨੂੰ ਹਾਰਨ ਮਾਰਿਆ ਤਾਂ ਜੋ ਰਸਤਾ ਮਿਲ ਸਕੇ ਅਤੇ ਉਨ੍ਹਾਂ ਦੀ ਕਾਰ ਲੰਘ ਸਕੇ। ਹਾਰਨ ਵਜਾਉਣ ’ਤੇ ਗੁੱਸੇ ’ਚ ਆਏ ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਰਾਣਾ ਦੀ ਕਾਰ ਨੂੰ ਸਕੂਟਰੀ ਨਾਲ ਟੱਕਰ ਮਾਰੀ ਜਿਸ ਤੋਂ ਬਾਅਦ ਨੌਜਵਾਨ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਕਤ ਨੌਜਵਾਨ ਨੇ ਆਪਣੇ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ, ਜਿਸ ਵਿਚ ਰਾਜਨ ਰਾਣਾ, ਉਸ ਦਾ ਭਰਾ ਬੌਬੀ ਅਤੇ ਭਤੀਜਾ ਪਿਊਸ਼ ਗੰਭੀਰ ਜ਼ਖ਼ਮੀ ਹੋ ਗਏ।
ਦੋ ਧਿਰਾਂ ਵਿਚਾਲੇ ਲੜਾਈ ਦਾ ਮਾਮਲਾ: ਐੱਸਐੱਚਓ
ਥਾਣਾ ਡਿਵੀਜ਼ਨ 3 ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਹਮਲਾ ਨਹੀਂ ਹੈ ਸਗੋਂ ਰਸਤੇ ਲਈ ਹੋਏ ਝਗੜੇ ਤੋਂ ਬਾਅਦ ਦੋ ਧਿਰਾਂ ਵਿਚਾਲੇ ਲੜਾਈ ਹੋਈ ਹੈ। ਪੁਲੀਸ ਜਾਂਚ ’ਚ ਰੁੱਝੀ ਹੋਈ ਹੈ ਅਤੇ ਜਾਂਚ ਤੋਂ ਬਾਅਦ ਜੋ ਕਾਰਵਾਈ ਬਣੇਗੀ ਉਹ ਜ਼ਰੂਰ ਕੀਤੀ ਜਾਵੇਗੀ।