For the best experience, open
https://m.punjabitribuneonline.com
on your mobile browser.
Advertisement

ਗ਼ੈਰਤ ਤੇ ਇਖ਼ਲਾਕ ਦਾ ਮੁਜੱਸਮਾ ਸੀ ਸ਼ਿਵ ਨਾਥ

08:05 AM Aug 27, 2023 IST
ਗ਼ੈਰਤ ਤੇ ਇਖ਼ਲਾਕ ਦਾ ਮੁਜੱਸਮਾ ਸੀ ਸ਼ਿਵ ਨਾਥ
Advertisement

ਸੰਜੀਵਨ ਸਿੰਘ

ਅੱਜ ਅੰਤਿਮ ਅਰਦਾਸ ’ਤੇ ਵਿਸ਼ੇਸ਼

Advertisement

ਜਾਬੀ ਦੇ ਅਖਾਣ ‘ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ’ ਮੁਤਾਬਿਕ ਕਿਸੇ ਵੀ ਸਮਾਜਿਕ ਜੀਵ ਲਈ ਆਪਣੇ ਤੇ ਆਪਣੇ ਪਰਿਵਾਰ ਦੇ ਪੇਟ ਵਾਸਤੇ ਰੋਟੀ ਪਹਿਲਾ ਤੇ ਸਭ ਤੋਂ ਅਹਿਮ ਸਵਾਲ ਹੈ। ਹਰ ਕੋਈ ਇਸ ਲੋੜ ਦੀ ਪੂਰਤੀ ਲਈ ਦਿਨ-ਰਾਤ ਜਫ਼ਰ ਜਾਲਦਾ ਹੈ। ਸਾਰੀ ਉਮਰ ਇਸੇ ਚੱਕਰ ਵਿਚ ਉਲਝਿਆ ਰਹਿੰਦਾ ਹੈ, ਪਰ ਕਈ ਇਨਸਾਨ ਆਪਣੇ ਅਤੇ ਆਪਣਿਆਂ ਦੇ ਪੇਟ ਦੀ ਚਿੰਤਾ ਕੀਤਾ ਬਗ਼ੈਰ ਲੋਕਾਈ ਲਈ, ਉਨ੍ਹਾਂ ਦੇ ਦੁੱਖਾਂ-ਦਰਦਾਂ ਤੇ ਔਕੜਾਂ ਬਾਰੇ ਵੱਧ ਫ਼ਿਕਰਮੰਦ ਹੁੰਦੇ ਹਨ। ਅਜਿਹੇ ਹੀ ਇਨਸਾਨਾਂ ਵਿਚ ਸ਼ੁਮਾਰ ਸਨ ਸ਼ਿਵ ਨਾਥ।
ਸ਼ਿਵ ਨਾਥ ਨੇ ਆਜ਼ਾਦੀ ਤੋਂ ਤਕਰੀਬਨ ਬਾਰ੍ਹਾਂ ਸਾਲ ਪਹਿਲਾਂ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਗ਼ੁਰਬਤ ਵਿਚ ਅੱਖ ਪੁੱਟੀ ਅਤੇ ਸਾਰੀ ਉਮਰ ਗ਼ੁਰਬਤ ਨਾਲ ਦਸਤਪੰਜਾ ਲੈਂਦਿਆਂ ਆਜ਼ਾਦੀ ਦੇ ਛਿਹੱਤਰ ਸਾਲ ਬਾਅਦ ਗ਼ੁਰਬਤ ਵਿਚ ਹੀ ਅੱਖਾਂ ਮੀਟ ਗਏ। ਆਜ਼ਾਦੀ ਤੋਂ ਤੁਰੰਤ ਬਾਅਦ ਮੁੱਖ ਰੂਪ ਵਿਚ ਪੰਜਾਬ ਅਤੇ ਬੰਗਾਲ ’ਚ ਝੁੱਲੇ ਫ਼ਿਰਕੂ ਤੂਫ਼ਾਨ ਨੇ ਵੱਡੇ-ਵੱਡੇ ਦਰੱਖਤ ਪੁੱਟ ਸੁੱਟੇ। ਸ਼ਿਵ ਨਾਥ ਦੇ ਪੁਰਖਿਆਂ ਨਾਲ ਵੀ ਅਜਿਹਾ ਹੋਣਾ ਹੀ ਸੀ। ਉਹ ਵੀ ਲੁੱਟੇ-ਪੁੱਟੇ ਓਧਰੋਂ, ਏਧਰ ਆ ਗਏ।
ਆਪਣੀ ਮਾਂ ਦੀ ਸ਼ਖ਼ਸੀਅਤ ਤੋਂ ਮੁਤਾਸਿਰ ਸ਼ਿਵ ਨਾਥ ਨੇ ਚੜ੍ਹਦੀ ਉਮਰੇੇ ਤਕਰੀਬਨ ਇਕ ਦਹਾਕਾ ਫਗਵਾੜਾ ਦੇ ਬੱਸ ਅੱਡੇ ’ਤੇ ਛੋਲੇ ਵੀ ਵੇਚੇ। ਉਨ੍ਹਾਂ ਨੇ ਜੁਆਨੀ ਤੋਂ ਢਲਦੀ ਉਮਰ ਤੱਕ ਤਕਰੀਬਨ ਤਿੰਨ ਦਹਾਕੇ ਬੱਸੀ ਪਠਾਣਾਂ ਵਿਖੇ ਦਰਜ਼ੀ ਦਾ ਕੰਮ ਕੀਤਾ ਜਿੱਥੇ ਸ਼ਿਵ ਨਾਥ ਹੋਰਾਂ ਆਪਣੇ ਪਲੇਠੇ ਸਾਹਿਤਕ ਰਾਹ ਦਸੇਰੇ ਪ੍ਰੋਫੈਸਰ ਸੁਜਾਨ ਸਿੰਘ ਕੋਲੋਂ ਗੁਰਮੁਖੀ ਦੇ ਅੱਖਰ ਉਠਾਲਣੇ ਸਿੱਖ ਕੇ ਪੰਜਾਬੀ ਸਾਹਿਤ ਜਗਤ ਵਿਚ ਪੈਰ ਧਰਿਆ।
ਮੁਹਾਲੀ ਦੇ ਵੱਸਣ ਤੋਂ ਕੁਝ ਚਿਰ ਬਾਅਦ ਹੀ ਸ਼ਿਵ ਨਾਥ ਨੇ ਪਰਿਵਾਰ ਸਮੇਤ ਉਸਰ ਰਹੇ ਮੁਹਾਲੀ ਸ਼ਹਿਰ ਵਿਚ ਡੇਰੇ ਲਾ ਲਏ ਜਿੱਥੇ ਉਨ੍ਹਾਂ ਨੇ ਸ਼ਹਿਰ ਨੂੰ ਉਸਰਦਾ, ਪਨਪਦਾ ਤੇ ਵਿਗਸਦਾ ਦੇਖਿਆ। ਉੱਥੇ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਪੰਜਾਬੀ ਸਾਹਿਤ ਜਗਤ ਵਿਚ ਉਸਾਰਿਆ ਤੇ ਆਪਣੀ ਨਿਵੇਕਲੀ ਜਗ੍ਹਾ ਬਣਾਈ। ਸਾਰੀ ਉਮਰ ਆਮ ਲੋਕਾਂ ਦੇ ਹੱਕ ਲਈ ਲਿਖਣ ਵਾਲੇ ਸਕੂਲੀ ਇਲਮ ਤੋਂ ਕੋਰੇ ਸ਼ਿਵ ਨਾਥ ਨੇ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਇੱਕੀ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਜਿਨ੍ਹਾਂ ਵਿਚ ਗਿਆਰਾਂ ਕਾਵਿ-ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਦੋ ਜੀਵਨੀਆਂ, ਇਕ ਯਾਦਾਂ, ਇਕ ਸਵੈ-ਜੀਵਨੀ ਅਤੇ ਬਾਲ ਸਹਿਤ ਦੀਆਂ ਚਾਰ ਪੁਸਤਕਾਂ ਸ਼ਾਮਿਲ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਭਾਸ਼ਾ ਵਿਭਾਗ ਵੱਲੋਂ ਦਿੱਤਾ ਜਾਂਦਾ ਸ਼੍ਰੋਮਣੀ ਕਵੀ ਪੁਸਰਕਾਰ ਵੀ ਪ੍ਰਾਪਤ ਕੀਤਾ।
ਮੁਹਾਲੀ 10 ਫੇਜ਼ ਵਿਚ ਹੀ ਸ਼ਿਵ ਨਾਥ ਦੀ ਪੰਜਾਬੀ ਦੇ ਪ੍ਰਤੀਬੱਧ ਅਤੇ ਬਹੁ-ਵਿਧਾਵੀ ਲੇਖਕ ਸੰਤੋਖ ਸਿੰਘ ਧੀਰ ਹੋਰਾਂ ਨਾਲ ਵਾਕਫ਼ੀਅਤ ਹੋਈ। ਇਕ ਦੂਜੇ ਨਾਲ ਵਾਕਫ਼ੀਅਤ, ਇਕ ਦੂਜੇ ਦੀ ਆਦਤ ਕਦੋਂ ਬਣ ਗਈ, ਇਸ ਦਾ ਪਤਾ ਦੋਵਾਂ ਨੂੰ ਹੀ ਨਹੀਂ ਲੱਗਿਆ। ਜੇ ਕਦੇ ਇਕ ਦੂਜੇ ਨੂੰ ਦੋ-ਚਾਰ ਦਿਨ ਨਾ ਮਿਲਣਾ ਤਾਂ ਦੋਵਾਂ ਨੂੰ ਹੀ ਅਜੀਬ ਕਿਸਮ ਦੀ ਅੱਚਵੀ ਜਿਹੀ ਲੱਗ ਜਾਣੀ, ਬੇਚੈਨੀ ਜਿਹੀ ਹੋ ਜਾਣੀ। ਧੀਰ ਤੇ ਸ਼ਿਵ ਨਾਥ ਹੋਰਾਂ ਦੇ ਵਿਚਾਰਾਂ ਦੇ ਭੇੜ ਵੀ ਹੁੰਦੇ ਤੇ ਰੂਹਾਂ ਦੇ ਨੇੜ ਵੀ। ਸ਼ਿਵ ਨਾਥ ਨੇ ਤਾਂ ਧੀਰ ਹੋਰਾਂ ਦਾ ਕੋਈ ਵੀ ਸਾਹਿਤਕ ਸੁਝਾਅ ਝੱਟ ਸਵੀਕਾਰ ਕਰ ਲੈਣਾ, ਪਰ ਜਦ ਸ਼ਿਵ ਨਾਥ ਨੇ ਕੋਈ ਰਾਇ ਦੇਣੀ ਤਾਂ ਸੰਤੋਖ ਸਿੰਘ ਧੀਰ ਨੇ ਕਹਿਣਾ, ‘‘ਤੈਨੂੰ ਨੀ ਪਤਾ ਕੁਝ ਵੀ, ਤੂੰ ਹਾਲੇ ਹੋਰ ਸਿੱਖ।’’
ਮੇਰੇ ਨਾਲ ਸ਼ਿਵ ਨਾਥ ਹੋਰਾਂ ਦੀ ਕਾਫ਼ੀ ਨੇੜਤਾ ਸੀ। ਉਨ੍ਹਾਂ ਅਕਸਰ ਕਹਿਣਾ, ‘‘ਤੈਨੂੰ ਤਾਂ ਬੱਬੂ (ਮੇਰੇ ਘਰ ਦਾ ਨਾਂ) ਮੈਂ ਆਪਣੀ ਗੋਦੀ ਖਿਡਾਇਆ ਹੋਇਐ।’’ ਮੇਰੀ ਰਿੜਣ, ਤੁਰਨ ਦੀ ਉਮਰੇ ਬੱਸੀ ਪਠਾਣਾਂ ਸ਼ਿਵ ਨਾਥ ਹੋਰੀਂ ਸਾਡੇ ਘਰ ਦੇ ਨੇੜੇ ਹੀ ਦਰਜ਼ੀ ਵਜੋਂ ਕੰਮ ਕਰਦੇ ਸਨ।
ਆਪਣੇ ਤੇ ਆਪਣੇ ਪਰਿਵਾਰ ਦੇ ਪੇਟ ਨੂੰ ਝੁਲਕਾ ਦੇਣ ਲਈ ਆਪਣੀ ਉਮਰ ਦੇ ਪੰਝਤਰਵੇਂ ਸਾਲ ਤੱਕ ਸ਼ਿਵ ਨਾਥ ਹੋਰੀਂ ਮੁਹਾਲੀ ਦੀਆਂ ਸੜਕਾਂ ’ਤੇ ਰੋਜ਼ਾਨਾ ਤਕਰੀਬਨ ਚਾਲੀ-ਪੰਜਾਹ ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਚੋਣਵੇਂ ਗਾਹਕਾਂ ਤੇ ਸਾਹਿਤਕ ਮਿੱਤਰਾਂ ਦੇ ਘਰ ਰਸਾਲੇ ਪੁੱਜਦੇ ਕਰਦੇ। ਅਕਸਰ ਲੇਖਕਾਂ ਨੂੰ ਲਿਖਣ ਲਈ ਸਾਜ਼ਗਾਰ ਤੇ ਅਨੁਕੂਲ ਵਾਤਾਵਰਣ ਲੋੜੀਂਦਾ ਹੁੰਦਾ ਹੈ, ਪਰ ਸ਼ਿਵ ਨਾਥ ਹੋਰਾਂ ਨੂੰ ਜਦੋਂ ਵੀ ਕੋਈ ਸਾਹਿਤਕ ਵਿਚਾਰ ਫੁਰਨਾ, ਉਨ੍ਹਾਂ ਛਾਂ ਦੇਖ ਕੇ ਸਾਈਕਲ ਖੜ੍ਹਾ ਕਰਕੇ, ਪਸੀਨਾ ਪੂੰਝ ਕੇ, ਕਾਪੀ ਕੱਢ, ਬਿਨਾਂ ਆਵਾਜਾਈ ਦੇ ਸ਼ੋਰ-ਸ਼ਰਾਬੇ ਦੀ ਪਰਵਾਹ ਕੀਤਿਆਂ ਲਿਖਣਾ ਸ਼ੁਰੂ ਕਰ ਦੇਣਾ।
ਸੰਕੋਚਵਾਂ ਅਤੇ ਸਾਦਾ ਖਾਣ-ਪੀਣ ਅਤੇ ਨਿੱਤ ਦੀ ਸੈਰ ਦੇ ਆਦੀ ਸ਼ਿਵ ਨਾਥ ਚਾਹੇ ਕੋਈ ਸਾਹਿਤਕ ਇਕੱਠ ਹੋਵੇ ਜਾਂ ਕੋਈ ਹੋਰ ਕੰਮ ਹੁੰਦਾ ਵਾਹ ਲੱਗਦੀ ਪੈਦਲ ਹੀ ਜਾਂਦੇ। ਕੁੜਤਾ ਪਜਾਮਾ ਤੇ ਗਲ ਵਿਚ ਸੂਤੀ ਪਰਨਾ ਲਪੇਟੀ ਸਾਦੇ ਲਬਿਾਸ ਵਿਚ ਸ਼ਿਵ ਨਾਥ ਕਿਸੇ ਵੀ ਸਾਹਿਤਕ ਇਕੱਠ ਵਿਚ ਗਰਦਨ ਪਿੱਛੇ ਖੁਰਕਦਿਆਂ ਹੌਲੀ ਹੌਲੀ ਲੰਮੇ ਲੰਮੇ ਠਹਿਰਾ ਲੈ ਕੇ ਜਦ ਆਪਣੀ ਕਵਿਤਾ/ਨਜ਼ਮ ਸੁਣਾਉਂਦੇ ਤਾਂ ਹਰ ਕੋਈ ਧਿਆਨ ਨਾਲ ਸੁਣਦਾ। ਤੰਗਦਸਤੀ ਤੇ ਮੰਦਹਾਲੀ ਦੇ ਬਾਵਜੂਦ ਸ਼ਿਵ ਨਾਥ ਨੇ ਗ਼ੈਰਤ ਤੇ ਇਖ਼ਲਾਕ ਦਾ ਪੱਲਾ ਨਹੀਂ ਛੱਡਿਆ।
ਬਿਮਾਰੀ ਦੌਰਾਨ ਪੁੱਤਰ ਸੁਮੇਲ ਅਤੇ ਨੂੰਹ ਸੰਤੋਸ਼ ਵੱਲੋਂ ਦਿਨ ਰਾਤ ਸੇਵਾ ਕਰਨ ਦੇ ਬਾਵਜੂਦ ਅਠਾਸੀ ਸਾਲ ਦੀ ਉਮਰ ਭੋਗ ਕੇ ਵਿਛੜੇ ਸ਼੍ਰੋਮਣੀ ਕਵੀ ਸ਼ਿਵ ਨਾਥ ਦੀ ਯਾਦ ਵਿਚ ਅੰਤਿਮ ਅਰਦਾਸ ਅੱਜ ਭਾਵ ਐਤਵਾਰ, 27 ਅਗਸਤ 2023 ਨੂੰ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਫੇਜ਼ 11 ਮੁਹਾਲੀ ਵਿਖੇ ਬਾਅਦ 12.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਹੋਵੇਗੀ।
ਸੰਪਰਕ: 94174-60656

Advertisement

Advertisement
Author Image

Advertisement