For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ

09:00 AM Oct 24, 2024 IST
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
ਸੰਗਰੂਰ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ। -ਫੋਟੋ: ਲਾਲੀ
Advertisement

ਅਕਾਲੀ ਆਗੂਆਂ ਨੂੰ ਹਾਰ ਦਾ ਡਰ ਸਤਾਉਣ ਲੱਗਾ: ਢੀਂਡਸਾ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤੇ ਗਏ ਪ੍ਰਧਾਨ ਦੇ ਹਮਾਇਤੀ ਲੋਕ ਹਨ ਜਦੋਂ ਕਿ ਦੂਜੇ ਪਾਸੇ ਪੰਥਕ ਮਰਿਆਦਾ ਨੂੰ ਬਚਾਉਣ ਵਾਲੇ ਲੋਕ ਹਨ। ਆਪਣੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਬਾਦਲ ਹਮਾਇਤੀ ਆਗੂਆਂ ’ਚ ਘਬਰਾਹਟ ਹੈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਸਾਫ਼ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਚੀਮਾ ਨੇ ਸੁਧਾਰ ਲਹਿਰ ਦੇ ਆਗੂਆਂ ’ਤੇ ਦੋਸ਼ ਲਗਾਏ ਹਨ ਕਿ ਐੱਸਜੀਪੀਸੀ ਚੋਣਾਂ ਵਿਚ ਆਰਐੱਸਐੱਸ, ਭਾਜਪਾ ਅਤੇ ‘ਆਪ’ ਵਾਲੇ ਇਨ੍ਹਾਂ ਦੀ ਹਮਾਇਤ ਕਰ ਰਹੇ ਹਨ। ਢੀਂਡਸਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਚੀਮਾ ਇੱਕ ਵੀ ਸਬੂਤ ਦੇਣ ਕਿ ਭਾਜਪਾ ਤੇ ‘ਆਪ’ ਦੇ ਕਿਹੜੇ ਆਗੂਆਂ ਦਾ ਉਨ੍ਹਾਂ ਦੇ ਹੱਕ ਵਿਚ ਫੋਨ ਆਇਆ ਹੈ। ਬੁਲਾਰੇ ਤੇਜਾ ਸਿੰਘ ਕਮਾਲਪੁਰ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਿਸ ਪਾਰਟੀ ਦਾ ਪ੍ਰਧਾਨ ਤਨਖਾਹੀਆ ਹੋਵੇ, ਉਸ ਦਾ ਉਮੀਦਵਾਰ ਨਹੀਂ ਬਣਨਾ ਚਾਹੀਦਾ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ ਤੇ ਭਾਈ ਮਲਕੀਤ ਸਿੰਘ ਚੰਗਾਲ ਆਦਿ ਹਾਜ਼ਰ ਸਨ।

Advertisement

ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤੇਗਾ: ਗੜ੍ਹੀ

Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ 28 ਅਕਤੂਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਰੋਧੀਆਂ ਦੇ ਪਤਨ ਦਾ ਕਾਰਨ ਸਿੱਧ ਹੋਵੇਗੀ। ਕਿਉਂਕਿ ਇਸ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ। ਇਸ ਨਾਲ ਸਪਸ਼ਟ ਹੋ ਜਾਵੇਗਾ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਦੇ ਚੁਣੇ ਗਏ ਮੈਂਬਰ ਵੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਨਹੀਂ ਹਨ। ਸੁਰਜੀਤ ਗੜ੍ਹੀ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਕੁਝ ਤਾਕਤਾਂ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ’ਤੇ ਵੀ ਆਰਐੱਸਐੱਸ ਦਾ ਕਬਜ਼ਾ ਕਰਵਾਉਣ ਨੂੰ ਫਿਰਦੇ ਹਨ। ਉਹ ਅੱਜ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਤੇ ਹੋਰ ਕਾਰਜਾਂ ਸਬੰਧੀ ਪ੍ਰਬੰਧਕਾਂ ਨਾਲ ਮੀਟਿੰਗ ਵੀ ਕੀਤੀ ਜਿਸ ਦੌਰਾਨ ਗੁਰਦੁਆਰਾ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇੱਥੇ ਗੁਰਦਵਾਰਾ ਸਾਹਿਬ ਵਿਖੇ ਨਸਤਮਤ ਹੋਣ ਆਏ ਜਿਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਐਗਜ਼ੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ ਅਤੇ ਸੁਰਜੀਤ ਸਿੰਘ ਗੜ੍ਹੀ ਵੀ ਮੁਲਾਕਾਤ ਕੀਤੀ।

Advertisement
Author Image

Advertisement