For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਕਮੇਟੀ ਚੋਣਾਂ: ਡੀਸੀ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

09:52 AM Aug 18, 2024 IST
ਸ਼੍ਰੋਮਣੀ ਕਮੇਟੀ ਚੋਣਾਂ  ਡੀਸੀ ਵੱਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀਆਂ ਚੋਣਾਂ ਲਈ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਵੋਟਰ ਰਜਿਸਟਰੇਸ਼ਨ ਲਈ ਹੁਣ ਆਖ਼ਰੀ ਤਾਰੀਕ 16 ਸਤੰਬਰ ਨਿਰਧਾਰਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨਾਲ ਕੈਂਪ ਹਾਊਸ ਵਿੱਚ ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੋਂ ਇਲਾਵਾ ਪੁਲੀਸ ਵਿਭਾਗ, ਸਿਹਤ ਵਿਭਾਗ, ਮੰਡੀ ਬੋਰਡ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਇਸ਼ਮੀਤ ਅਕੈਡਮੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਵੱਖ-ਵੱਖ 13 ਐੱਸ.ਜੀ.ਪੀ.ਸੀ. ਹਲਕਿਆਂ ਲਈ ਅਧਿਕਾਰੀਆਂ ਅਤੇ ਐੱਸਡੀਐੱਮ, ਤਹਿਸੀਲਦਾਰਾਂ, ਰਿਵਾਈਜਿੰਗ ਅਥਾਰਿਟੀਆਂ ਤੇ ਹੋਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਹੁਣ ਤੱਕ ਬਣਾਈਆਂ ਗਈਆਂ ਵੋਟਾਂ ਦੀ ਸਥਿਤੀ ਬਾਰੇ ਜਾਣਕਾਰੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਦੁਹਰਾਇਆ ਕਿ ਆਪਣੇ ਅਧੀਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਬਣਾਉਣ ਨੂੰ ਮੁੱਖ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਮਹਿਲਾ ਵੋਟਰਾਂ ਲਈ ਆਪਣੀ ਫੋਟੋ ਲਗਾਉਣੀ ਵਿਕਲਪਿਕ ਹੈ, ਲਾਜ਼ਮੀ ਨਹੀਂ। ਇਸ ਤੋਂ ਇਲਾਵਾ ਜਿਹੜੇ ਵੋਟਰਾਂ ਨੇ ਸਾਲ 2011 ਵਿੱਚ ਆਪਣੀ ਵੋਟ ਬਣਵਾਈ ਸੀ, ਉਨ੍ਹਾਂ ਨੂੰ ਹੁਣ ਆਪਣੀ ਵੋਟ ਦੁਬਾਰਾ ਬਣਵਾਉਣੀ ਪਵੇਗੀ। ਚੋਣ ਸ਼ੈਡਿਊਲ ਤਹਿਤ ਜਿਹੜੇ ਯੋਗ ਵੋਟਰਾਂ ਵੱਲੋਂ 21 ਅਕਤੂਬਰ 2023 ਤੋਂ ਬਾਅਦ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਹੈ, ਉਨ੍ਹਾਂ ਨੂੰ ਹੁਣ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਸਾਂਝਾ ਕੀਤਾ ਕਿ ਸਾਲ 2011 ਦੇ ਮੁਕਾਬਲੇ ਹੁਣ ਤੱਕ 57 ਫੀਸਦੀ ਵੋਟਾਂ ਬਣ ਚੁੱਕੀਆਂ ਹਨ। ਚੋਣਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 16 ਸਤੰਬਰ ਤੱਕ ਜਾਰੀ ਰਹੇਗੀ, ਇਸ ਤੋਂ ਬਾਅਦ 17 ਸਤੰਬਰ ਤੋਂ 8 ਅਕਤੂਬਰ ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਹੋਵੇਗੀ। ਸ਼ੁਰੂਆਤੀ ਵੋਟਰ ਸੂਚੀ 9 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖ਼ਰੀ 29 ਅਕਤੂਬਰ ਹੈ।

Advertisement

Advertisement
Advertisement
Author Image

Advertisement