ਸ਼੍ਰੋਮਣੀ ਭਗਤ ਨਾਮਦੇਵ ਜੀ: ਜੀਵਨ ਅਤੇ ਰਚਨਾ
ਡਾ. ਚਰਨਜੀਤ ਸਿੰਘ ਗੁਮਟਾਲਾ
ਭਗਤ ਨਾਮਦੇਵ ਜੀ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ। ਇਸ ਬਾਰੇ ਮਰਾਠੀ, ਅੰਗਰੇਜ਼ੀ ਤੇ ਹਿੰਦੀ ਦੇ ਵਿਦਵਾਨ ਵੱਖੋ-ਵੱਖਰੀਆਂ ਤਰੀਕਾਂ ਦੱਸਦੇ ਹਨ। ਬੰਸੀਧਰ ਸ਼ਾਸਤਰੀ ਨਾਮਦੇਵ ਦਾ ਜਨਮ 1363 ਈ. ਵਿੱਚ ਹੋਇਆ ਦੱਸਦੇ ਹਨ। ਪ੍ਰੋ. ਵੀ ਬੀ ਪਟਵਰਧਨ, ਡਾ. ਭੰਡਾਰਕਰ, ਡਾ. ਨਿਕਲ ਮੈਕਲੀਕੋਲ ਤੇ ਭਗਤ ਰਾਮ 1370 ਈ. ਵਿੱਚ ਉਨ੍ਹਾਂ ਦਾ ਜਨਮ ਹੋਇਆ ਲਿਖਦੇ ਹਨ। ਗਰਸਾ ਡੀ ਟੈਸੀ 1278 ਤੇ ਡਾ. ਮੋਹਨ ਸਿੰਘ ਦੀਵਾਨਾ ਇਹ ਵਰ੍ਹਾ 1390 ਈ. ਲਿਖਦੇ ਹਨ। ਗਿਆਨੀ ਗੁਰਦਿੱਤ ਸਿੰਘ ਆਪਣੀ ਪੁਸਤਕ ਇਤਿਹਾਸ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਿੱਧ ਕਰਦੇ ਹਨ, ਜਿਸ ਨੂੰ ਡਾ. ਅਤਰ ਸਿੰਘ ਅਤੇ ਨਰਿੰਦਰ ਸਿੰਘ ਸੋਚ ਨੇ ਨਕਾਰਿਆ ਹੈ। ਇਸ ਵਾਦ ਵਿਵਾਦ ਉਪਰ ਡਾ. ਅਵਤਾਰ ਸਿੰਘ ਨੇ ਆਪਣੀ ਪੁਸਤਕ ਨਿਰਗੁਣ-ਕਾਵਿ ਅਤੇ ਭਗਤ ਨਾਮਦੇਵ ਵਿੱਚ ਵਿਚਾਰ ਚਰਚਾ ਕਰਦਿਆਂ ਪੰਨਾ 56 ਤੇ 57 ਉਪਰ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਦੀ 10 ਵੀਂ ਵਾਰ ਦੀ 15 ਵੀਂ ਪੌੜੀ ਵਿੱਚ ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਤੋਂ ‘ਰਾਮ ਨਾਮ’ ਦਾ ਉਪਦੇਸ਼ ਮਿਲਣ ਦੀ ਘਟਨਾ ਦਾ ਬਿਆਨ ਕੀਤਾ ਗਿਆ ਹੈ। ਜੇ ਕਬੀਰ ਜੀ ਜਾਂ ਨਾਮਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੁੰਦੇ ਤਾਂ ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਜ਼ਰੂਰ ਇਸ ਵਾਰ ਵਿੱਚ ਕਰਨਾ ਸੀ। ਗੁਰੂ ਗ੍ਰੰਥ ਸਾਹਿਬ ਦੇ ਅੰਗ 1372-73 ਵਿੱਚ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਦੇ ਸੰਵਾਦ ਦੀ ਗਵਾਹੀ ਮਿਲਦੀ ਹੈ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥212॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥213॥
(ਗੁਰੂ ਗ੍ਰੰਥ ਸਾਹਿਬ, ਅੰਗ 1372-73)
ਨਾਮਦੇਵ ਗਾਥਾ ਸੰਗ੍ਰਹਿ ਦੇ ਅਭੰਗ 1240 ਤੋ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ 1270 ਈ. ’ਚ ਅਵਤਾਰ ਧਾਰਿਆ। ਉਪਰੋਕਤ ਅਭੰਗ ਦੇ ਆਧਾਰ ’ਤੇ ਆਰ.ਡੀ. ਰਾਨਾਡੇ, ਲਕਸ਼ਮਣ ਗਣੇਸ਼ਯੋਗ, ਮਾਧਵ ਗੋਪਾਲ ਦੇਸ਼ਮੁਖ, ਡਾ. ਤਾਰਨ ਸਿੰਘ, ਭਾਈ ਜੋਧ ਸਿੰਘ, ਕਿਰਪਾਲ ਸਿੰਘ ਨਾਰੰਗ ਅਤੇ ਗਿਆਨੀ ਖ਼ਜ਼ਾਨ ਸਿੰਘ ਤੋਂ ਬਿਨਾਂ ਹੋਰ ਵਿਦਵਾਨ ਉਨ੍ਹਾਂ ਦੀ ਜਨਮ ਮਿਤੀ 26 ਅਕਤੂਬਰ 1270 ਈ. ਸਵੀਕਾਰ ਚੁੱਕੇ ਹਨ।
ਉਨ੍ਹਾਂ ਦੇ ਜਨਮ ਸਥਾਨ ਬਾਰੇ ਵੀ ਦੋ ਮਤ ਹਨ। ਕਈ ਲੇਖਕ ਪੰਡਰਪੁਰ ਨੂੰ ਜਨਮ ਸਥਾਨ ਮੰਨਦੇ ਹਨ ਤੇ ਕਈ ਪਿੰਡ ਨਰਸੀ ਨੂੰ ਮੰਨਦੇ ਹਨ। ਹਿੰਦੀ ਵਿੱਚ ਸਭ ਤੋਂ ਪਹਿਲਾਂ ਚਰਿੱਤਰ ਲਿਖਣ ਵਾਲੇ ਅਨੰਤਦਾਸ, ਨਾਮਦੇਵ ਜੀ ਦਾ ਜਨਮ ਸਥਾਨ ਪੰਡਰਪੁਰ ਮੰਨਦੇ ਹਨ। ਪੰਜਾਬੀ ਦੇ ਸਾਖੀਕਾਰ ਪੂਰਨਦਾਸ, ਸੋਹਨ ਲਾਲ ਮਨੋਹਰ ਤੇ ਗਿਆਨੀ ਖਜ਼ਾਨਾ ਸਿੰਘ ਵੀ ਪੰਡਰਪੁਰ ਨੂੰ ਜਨਮ ਸਥਾਨ ਮੰਨਦੇ ਹਨ। ਪਰ ਸ੍ਰੀ ਨਾਮਦੇਵ ਗਾਥਾ ਅਨੁਸਾਰ ਉਨ੍ਹਾਂ ਦਾ ਜਨਮ ਨਰਸੀ ਪਿੰਡ ਵਿੱਚ ਹੋਇਆ। ਪ੍ਰੋ. ਸਾਹਿਬ ਸਿੰਘ, ਮੈਕਾਲਿਫ, ਮਰਾਠੀ ਵਿਦਵਾਨ ਕੇਸ਼ਵ ਰਾਮ ਕੋਹਾਤਪੁਰ, ਅਜਗਾਉਂਕਰ ਆਦਿ ਤੇ ਹਿੰਦੀ ਦੇ ਵਿਦਵਾਨ ਮਾਧਵ ਗੋਪਾਲ ਦੇਸ਼ਮੁਖ, ਡਾ. ਭਗੀਰਥ ਮਿਸਰ ਆਦਿ ਵੀ ਅਜਿਹਾ ਹੀ ਮੰਨਦੇ ਹਨ। ਇਸ ਤਰ੍ਹਾਂ ਅੱਜ-ਕੱਲ੍ਹ ਨਰਸੀ ਬਾਹਮਣੀ ਪਿੰਡ, ਜੋ ਮੁੰਬਈ ਦੇ ਜ਼ਿਲ੍ਹਾ ਸਤਾਰਾ ਵਿੱਚ ਪੈਂਦਾ ਹੈ, ਨੂੰ ਹੀ ਜਨਮ ਸਥਾਨ ਸਵੀਕਾਰ ਕੀਤਾ ਜਾਂਦਾ ਹੈ।
ਨਾਮਦੇਵ ਜੀ ਦੇ ਪਿਤਾ ਦਾ ਨਾਂ ਦਾਮੇਸ਼, ਮਾਤਾ ਦਾ ਨਾਂ ਗੋਣਾਈ, ਪਤਨੀ ਦਾ ਨਾਂ ਰਾਜਾਈ, ਜੇਠੇ ਪੁੱਤਰ ਦਾ ਨਾਂ ਨਾਰਾ ਤੇ ਉਸ ਦੀ ਪਤਨੀ ਭਾਵ ਨੂੰਹ ਦਾ ਨਾਂ ਲਾਡਾਈ, ਦੂਸਰੇ ਪੁੱਤਰ ਦਾ ਨਾਂ ਵਿਠਾ ਤੇ ਉਸ ਦੀ ਪਤਨੀ ਦਾ ਨਾਂ ਗੋਡਾਈ, ਤੀਜੇ ਪੁੱਤਰ ਦਾ ਨਾਂ ਗੋਦਾ ਤੇ ਉਸ ਦੀ ਪਤਨੀ ਦਾ ਨਾਂ ਯੇਸਾਈ, ਚੌਥੇ ਪੁੱਤਰ ਦਾ ਨਾਂ ਮਹਾਦਾ ਤੇ ਉਸ ਦੀ ਪਤਨੀ ਦਾ ਨਾਂ ਸਾਖਾਰਾਈ, ਜਦਕਿ ਧੀ ਦਾ ਨਾਂ ਲਿੰਬਾਈ ਸੀ। ਉਨ੍ਹਾਂ ਦੀ ਦਾਸੀ (ਸ਼ਿਸ਼) ਦਾ ਨਾਂ ਜਨਾਬਾਈ ਸੀ।
ਦੇਹਧਾਰੀ ਗੁਰੂ ਦੀ ਲੋੜ ਸਬੰਧੀ ਗਿਆਨ ਉਨ੍ਹਾਂ ਨੂੰ ਗਿਆਨਸ਼ੇਵਰ ਅਤੇ ਨਵਿਰਤੀ ਨਾਥ ਆਦਿ ਭਗਤਾਂ ਕੋਲੋਂ ਹੋਇਆ। ਇਸ ਮੌਕੇ ਘੁਮਿਆਰ ਭਗਤ ਸ੍ਰੀ ਗੋਰਾ ਵੀ ਉਥੇ ਮੌਜੂਦ ਸਨ। ਉਨ੍ਹਾਂ ਨੇ ਨਾਮਦੇਵ ਜੀ ਨੂੰ ਨਿਰਗੁਣਧਾਰਾ ਵੱਲ ਪ੍ਰੇਰਿਤ ਕੀਤਾ। ਵਿਸ਼ਬਾਖੇਚਰ ਦੀ ਸੰਗਤ ਨੇ ਨਾਮਦੇਵ ਜੀ ਦੇ ਭਰਮ-ਜਾਲ ਨੂੰ ਤੋੜ ਦਿੱਤਾ। ਉਹ ‘ਬੀਠੁਲ’ ਹੁਣ ਨਾਮਦੇਵ ਨੂੰ ਘਟ-ਘਟ ਵਿੱਚ ਰਮਿਆ ਵਿਖਾਈ ਦੇਣ ਲੱਗਾ। ਹੁਣ ਪੰਡਰਪੁਰ ਹੀ ਨਹੀਂ, ਸਗੋਂ ਸਾਰਾ ਸੰਸਾਰ ਉਨ੍ਹਾਂ ਨੂੰ ਆਪਣਾ-ਆਪਣਾ ਲੱਗਣ ਲੱਗਾ। ਉਹ ਬੀਠਲ (ਵਿਠੁਲ) ਜਿਹੜਾ ਪੰਡਰਪੁਰ ਦੇ ਮੰਦਰ ਵਿਚਲੀ ਮੂਰਤੀ ’ਚੋਂ ਹੀ ਉਨ੍ਹਾਂ ਨੂੰ ਦਿਸਦਾ ਸੀ, ਜ਼ਰੇ-ਜ਼ਰੇ ਵਿੱਚ ਪ੍ਰਤੀਤ ਹੋਣ ਲੱਗ ਪਿਆ:
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ।
ਅਤੇ
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਸ਼ੁਰੂ ਵਿੱਚ ਉਨ੍ਹਾਂ ਉੱਤਰੀ ਭਾਰਤ ਦੀ ਯਾਤਰਾ ਕੀਤੀ। ਪਹਿਲੀ ਯਾਤਰਾ ਸੰਨ 1293 ਦੇ ਆਸ-ਪਾਸ ਹੋਈ। ਕਾਂਸ਼ੀ ਦੇ ਦਸ਼ਾਂਸ਼ਵਮੇਧ ਘਾਟ ’ਤੇ ਗਿਆਨੇਸ਼ਵਰ ਮੱਠ ਹੈ। ਉਥੇ ਇੱਕ ਸਤੰਭ ’ਤੇ ਸੰਮਤ 1351 ਲਿਖਿਆ ਹੈ। ਸੰਮਤ 1351 ਦੇ ਸਮਾਨੰਤਰ ਸੰਨ 1293 ਆਉਂਦਾ ਹੈ। ਗਿਆਨੇਸ਼ਵਰ ਦੇ ਨਾਲ ਜਦੋਂ ਨਾਮਦੇਵ ਜੀ ਕਾਂਸ਼ੀ ਯਾਤਰਾ ’ਤੇ ਗਏ ਤਾਂ ਉਹ ਉੱਥੇ ਹੀ ਠਹਿਰੇ ਸਨ। ਕਿਰਪਾਲ ਸਿੰਘ ਨਾਰੰਗ ਅਨੁਸਾਰ ਭਗਤ ਨਾਮਦੇਵ ਜੀ ਗਿਆਨੇਸ਼ਵਰ ਦੇ ਨਾਲ ਪਹਿਲੀ ਯਾਤਰਾ ਸਮੇਂ ਰਾਜਸਥਾਨ ਵੀ ਗਏ। ਇਸ ਇਲਾਕੇ ਵਿੱਚ ਉਨ੍ਹਾਂ ਦੀ ਯਾਤਰਾ ਦੀ ਸਮ੍ਰਿਤੀ ਵਿੱਚ ਇੱਕ ਖੂਹ ਵੀ ਹੈ। ਇਹ ਖੂਹ ਕੋਲਾਯਾਤ ਵਿੱਚ ਹੈ, ਜੋ ਬੀਕਾਨੇਰ ਤੋਂ 40 ਕਿਲੋਮੀਟਰ ਦੂਰ ਹੈ। ਖੂਹ ਵਿੱਚ ਪਾਣੀ ਇੰਨਾ ਡੂੰਘਾ ਸੀ ਕਿ ਪਾਣੀ ਕੱਢ ਸਕਣਾ ਅਸੰਭਵ ਸੀ। ਗਿਆਨੇਸ਼ਵਰ ਯੋਗ ਮਤ ਦੀ ਸਿੱਧੀ ਰਾਹੀਂ ਖੂਹ ਵਿੱਚ ਉਤਰ ਕੇ ਪਾਣੀ ਪੀ ਆਏ ਪਰ ਨਾਮਦੇਵ ਜੀ ਰਿੱਧੀਆਂ-ਸਿੱਧੀਆਂ ਦੇ ਜਾਲ ਵਿੱਚ ਨਾ ਪੈ ਕੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਤਿਆਰ ਹੋ ਗਏ। ਸ੍ਰੀ ਨਾਮਦੇਵ ਗਾਥਾ ਦਾ ਇੱਕ ਅਭੰਗ ਵੀ ਗਵਾਹੀ ਦਿੰਦਾ ਹੈ ਕਿ ਭਗਵਾਨ ਦੀ ਕਿਰਪਾ ਰਾਹੀਂ ਪਾਣੀ ਉਸ ਸਮੇਂ ਖੂਹ ਵਿੱਚ ਉਪਰ ਚੜ੍ਹ ਆਇਆ ਅਤੇ ਨਾਮਦੇਵ ਜੀ ਨੇ ਪਿਆਸ ਬੁਝਾ ਲਈ।
ਭਾਈ ਜੋਧ ਸਿੰਘ ਅਨੁਸਾਰ, ਆਪਣੀ ਇਸ ਯਾਤਰਾ ਸਮੇਂ ਉਹ ਦੇਵਗਿਰੀ ਵੀ ਗਏ, ਜਿਥੇ ਉਹ ਸਧਨਾ ਕਸਾਈ ਕੋਲ ਠਹਿਰੇ। ਫਿਰ ਉਹ ਐਲੋਗ, ਪੰਚਵਟੀ ਆਦਿ ਥਾਵਾਂ ਤੋਂ ਹੁੰਦੇ ਹੋਏ ਜੂਨਾਗੜ੍ਹ ਪਹੁੰਚੇ ਅਤੇ ਅੰਤ ਦਿੱਲੀ ਪਧਾਰੇ। ਦਿੱਲੀ ਤੋਂ ਕਾਂਸ਼ੀ, ਅਯੁੱਧਿਆ, ਮਥੁਰਾ, ਗੋਕਲ, ਵਰਿੰਦਾਵਨ, ਜਗਨਨਾਥ ਅਤੇ ਦਵਾਰਕਾ ਵੀ ਗਏ। ਮੈਕਾਲਿਫ ਲਿਖਦਾ ਹੈ ਕਿ ਉਹ ਮਾਰਵਾੜ ’ਚੋਂ ਲੰਘਦੇ ਹੋਏ ਕਾਮੇਸ਼ਵਰ ਦੇ ਦਰਸ਼ਨ ਕਰਨ ਚਲੇ ਗਏ। ਫਿਰ ਔਧਿਆ ਨਾਗ ਨਾਥ ਤੋਂ ਹੁੰਦੇ ਹੋਏ ਪੰਡਰਪੁਰ ਪਰਤ ਆਏ।
ਇਸ ਤਰ੍ਹਾਂ ਭਗਤ ਨਾਮਦੇਵ ਨੇ ਗਿਆਨੇਸ਼ਵਰ ਦੀ ਸੰਗਤ ਵਿੱਚ ਭਾਰਤ ਦੇ ਪ੍ਰਮੁੱਖ ਤੀਰਥ-ਸਥਾਨਾਂ ਦੀ ਯਾਤਰਾ ਕੀਤੀ। ਜਦੋਂ ਇਹ ਸੰਤ-ਮੰਡਲੀ ਇਸ ਯਾਤਰਾ ਤੋਂ ਵਾਪਸ ਪਰਤੀ ਤਾਂ ਗਿਆਨੇਸ਼ਵਰ ਸ਼ਕ ਸੰਮਤ 1218 (1296 ਈ.) ਨੂੰ ਆਲੰਦੀ ਵਿੱਚ ਸਮਾ ਗਏ। ਇੱਕ ਪਿਆਰੇ ਸੱਜਣ ਦੀ ਮੌਤ ਨੇ ਨਾਮਦੇਵ ਜੀ ਦੇ ਹਿਰਦੇ ਨੂੰ ਉਚਾਟ ਕਰ ਦਿੱਤਾ ਅਤੇ ਉਹ ਆਪਣੀ ਮਾਤ-ਭੂਮੀ ਨੂੰ ਅੰਤਮ ਤੌਰ ’ਤੇ ਅਲਵਿਦਾ ਕਹਿ ਕੇ ਸਿੱਧੇ ਪੰਜਾਬ ਆ ਨਿਕਲੇ। ਇਹ ਉਨ੍ਹਾਂ ਦੀ ਦੂਜੀ ਯਾਤਰਾ ਸੀ। ਉਹ ਹਰਿਦੁਆਰ ਤੋਂ ਚੱਲ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ‘ਭੂਤ ਪਿੰਡ’ ਵਿੱਚ ਆ ਟਿਕੇ। ਇੱਥੋਂ ਦੇ ਇੱਕ ਪ੍ਰੇਮੀ ਸਿੱਖ ਬਹੁੜ ਦਾਸ ਜਾਂ ਬੋਹੜ ਦਾਸ ਨਾਲ ਉਨ੍ਹਾਂ ਦਾ ਸੰਪਰਕ ਹੋਇਆ।
ਇਸ ਤੋਂ ਅਗਲਾ ਪੜਾਅ ਉਨ੍ਹਾਂ ਮਰੜ ਪਿੰਡ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਕੀਤਾ। ਮਰੜ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਇੱਕ ਹੋਰ ਪਿੰਡ ਭੱਟੀਵਾਲ ਗਏ। ਇਸ ਪਿੰਡ ਵਿੱਚ ਨਾਮਦੇਵ ਜੀ ਨੇ ਇੱਕ ਖੂਹ ਲਗਵਾਇਆ। ਇਸ ਜ਼ਿਲ੍ਹੇ ਵਿੱਚ ਭਗਤ ਨਾਮਦੇਵ ਜੀ ਦੀ ਇੱਕ ਹੋਰ ਯਾਦਗਾਰ ਪਿੰਡ ਸੱਖੋਵਾਲ ਵਿੱਚ ਬਣੀ ਹੈ। ਸਭ ਤੋਂ ਪ੍ਰਸਿੱਧ ਅਤੇ ਕੇਂਦਰੀ ਅਹਿਮੀਅਤ ਰੱਖਣ ਵਾਲਾ ਨਾਮਦੇਵ ਜੀ ਦਾ ਯਾਦਗਾਰੀ ਸਥਾਨ ਘੁਮਾਣ (ਗੁਰਦਾਸਪੁਰ) ਵਿੱਚ ਹੈ।
ਉਨ੍ਹਾਂ 1350 ਈਸਵੀ ਵਿੱਚ ਆਪਣਾ ਪੰਜ ਭੂਤਕ ਸਰੀਰ ਦਾ ਤਿਆਗ ਦਿੱਤਾ। ਇਸ ਤੱਥ ਦਾ ਆਧਾਰ ਸ੍ਰੀ ਨਾਮਦੇਵ ਗਾਥਾ ਵਿਚਲੇ ਅਭੰਗ ਹਨ। ਉਨ੍ਹਾਂ ਦਾ ਦੇਹੁਰਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੌਜੂਦ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ 61 ਸ਼ਬਦ 18 ਰਾਗਾਂ ’ਚ ਮਿਲਦੇ ਹਨ। ਆਦਿ ਗ੍ਰੰਥ ਤੋਂ ਬਾਹਰ ਉਨ੍ਹਾਂ ਦੇ ਹਿੰਦੀ ਪਦਿਆਂ ਦੀ ਕੁੱਲ ਗਿਣਤੀ 231 ਹੈ, ਜੋ 15 ਰਾਗਾਂ ’ਚ ਹਨ। ਹਿੰਦੀ ਪਦਿਆਂ ’ਚੋਂ 25 ਪਦੇ ਤਾਂ ਅਜਿਹੇ ਹਨ ਜੋ ਆਦਿ ਗ੍ਰੰਥ ਵਿਚਲੇ ਸ਼ਬਦਾਂ ਨਾਲ ਹੂ-ਬ-ਹੂ ਮਿਲਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੀ ਮਰਾਠੀ ਰਚਨਾ ਅਭੰਗਾਂ ਵਿੱਚ ਹੈ, ਜੋ ਸ੍ਰੀ ਨਾਮਦੇਵ ਗਾਥਾ ਰੂਪ ਵਿੱਚ ਮਿਲਦੀ ਹੈ। ਇਨ੍ਹਾਂ ਅਭੰਗਾਂ ਦੀ ਗਿਣਤੀ 2655 ਹੈ। ਇਨ੍ਹਾਂ ਵਿੱਚ ਨਾਮਦੇਵ ਜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਚਿਤ 548 ਅਭੰਗ ਵੀ ਸ਼ਾਮਲ ਹਨ।
ਸੰਪਰਕ: 94175-33060