For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਅਕਾਲੀ ਦਲ ਦੇ ‘ਵੱਡੇ’ ਆਗੂ ਵੀ ਚੋਣਾਂ ਲੜਨ ਤੋਂ ਭੱਜੇ: ਬਣਾਂਵਾਲੀ

07:44 AM Apr 25, 2024 IST
ਸ਼੍ਰੋਮਣੀ ਅਕਾਲੀ ਦਲ ਦੇ ‘ਵੱਡੇ’ ਆਗੂ ਵੀ ਚੋਣਾਂ ਲੜਨ ਤੋਂ ਭੱਜੇ  ਬਣਾਂਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਲੋਕਾਂ ਨੂੰ ਮਿਲਦੇ ਹੋਏ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 24 ਅਪਰੈਲ
‘ਆਪ’ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਲਗਾਤਾਰ ਦਸ ਸਾਲ ਸੱਤਾ ਵਿਚ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ-ਵੱਡੇ ਆਗੂ ਹੁਣ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਮੀਦਵਾਰ ਵਜੋਂ ਉਤਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿਣ ਵਾਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਈ ਹੋਰ ਚਾਰਾ ਨਾ ਜਾਂਦਾ ਦੇਖ ਮਜਬੂਰਨ ਉਮੀਦਵਾਰ ਵਜੋਂ ਐਲਾਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਨੇਤਾ ਇਸ ਵਾਰ ਚੋਣ ਲੜਨ ਲਈ ਅੱਗੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਸੱਤਾ ਦੇ ਨਸ਼ੇ ਵਿਚ ਪਾਰਟੀ ਆਗੂਆਂ ਵੱਲੋਂ ਕੀਤੀਆਂ ਵੱਡੀਆਂ ਗੁਸਤਾਖੀਆਂ ਹੁਣ ਲੋਕ ਸਭਾ ਚੋਣਾਂ ਵੇਲੇ ਪਾਰਟੀ ਲਈ ਸਿਰਦਰਦੀ ਬਣਨ ਲੱਗੀਆਂ ਹਨ। ਉਹ ਅੱਜ ਜੋੜਕੀਆਂ ਅਤੇ ਇਸ ਦੇ ਨਾਲ ਲੱਗਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਲੋਕਾਂ ਦੇ ਇਕੱਠ ਨੂੰ ‘ਆਪ’ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਵਿੱਚ ਵਜ਼ੀਰ ਹੁੰਦਿਆਂ ਕਾਲੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਦਿਆਂ ਇਨ੍ਹਾਂ ਨੂੰ ਕਿਸਾਨ-ਪੱਖੀ ਕਰਾਰ ਦਿੱਤਾ ਸੀ। ਜਦੋਂ ਕਿਸਾਨਾਂ ਅਤੇ ਜਥੇਬੰਦੀਆਂ ਸਣੇ ਹੋਰ ਰਾਜਨੀਤਿਕ ਧਿਰਾਂ ਵੱਲੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੂੰ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਵਿੱਚ ਜਨਤਾ ਦੋਗਲੀਆਂ ਚਾਲਾਂ ਦਾ ਜਵਾਬ ਦੇਵੇਗੀ।
ਸ੍ਰੀ ਬਣਾਂਵਾਲੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚਾਲਾਂ ਦਾ ਯੁੱਗ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਪਾਕਿਸਤਾਨ ਦਾ ਮੁੱਦਾ ਚੁੱਕਣਾ ਇਸ ਵਾਰ ਕੰਮ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਰੋਨਾ ਦੇ ਸਮੇਂ ਲੋਕਾਂ ਦੀ ਸਹੀ ਸੰਭਾਲ ਕਰਨ ਦੀ ਬਜਾਇ ਉਨ੍ਹਾਂ ਨੂੰ ਥਾਲੀਆਂ ਖੜਕਾਉਣ ਅਤੇ ਤਾੜੀਆਂ ਵਜਾ ਕੇ ਗ਼ਲਤ ਪਾਸੇ ਉਲਝਾਈ ਰੱਖਿਆ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਅੱਜ ਦੇਸ਼ ਵਿਚ ਭਾਜਪਾ ਵਿਰੋਧੀ ਹਵਾ ਚੱਲ ਰਹੀ ਹੈ ਜਦੋਂਕਿ ਅੱਛੇ ਦਿਨਾਂ ਦਾ ਲਾਲਚ ਦੇ ਕੇ ਸੱਤਾ ਵਿਚ ਆਈ ਭਾਜਪਾ ਨੇ ਦੇਸ਼ ਵਾਸੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਪਰਮਪਾਲ ਕੌਰ ਨੂੰ ਵੋਟਰ ਕੋਈ ਹੁੰਗਾਰਾ ਨਹੀਂ ਭਰਨਗੇ।
ਇਸ ਮੌਕੇ ਜਗਸੀਰ ਸਿੰਘ ਜੋੜਕੀਆਂ, ਗੁਰਪ੍ਰੀਤ ਸਿੰਘ ਕੋਟੜਾ, ਹਰਦੇਵ ਸਿੰਘ ਉਲਕ, ਗੁਰਪ੍ਰੀਤ ਸਿੰਘ ਟਾਂਡੀਆਂ, ਮਲਕੀਤ ਸਿੰਘ, ਅਮਰਜੀਤ ਸਿੰਘ, ਨਛੱਤਰ ਸਿੰਘ ਮੌੜ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×