For the best experience, open
https://m.punjabitribuneonline.com
on your mobile browser.
Advertisement

ਸ਼੍ਰੋਮਣੀ ਅਕਾਲੀ ਦਲ: ਕਿਲਾ ਬਚਾਇਆ, ਪੰਜਾਬ ਗੁਆਇਆ..!

08:10 AM Jun 05, 2024 IST
ਸ਼੍ਰੋਮਣੀ ਅਕਾਲੀ ਦਲ  ਕਿਲਾ ਬਚਾਇਆ  ਪੰਜਾਬ ਗੁਆਇਆ
ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਸ਼ੁਕਰਾਨੇ ਵਜੋਂ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਣ ਜਾਂਦੇ ਹੋਏ। ਫੋਟੋ: ਪਵਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਲੈ ਕੇ ਹੁਣ ਪਾਰਟੀ ਅੰਦਰ ਵਿਰੋਧੀ ਸੁਰਾਂ ਉੱਠਣ ਦੀ ਸੰਭਾਵਨਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵੋਟ ਦਰ ਵਿਚ ਅਸੈਂਬਲੀ ਚੋਣਾਂ ਤੋਂ ਮਗਰੋਂ ਹੁਣ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਲੋਕ ਸਭਾ ਚੋਣਾਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਲੰਮੇ ਅਰਸੇ ਮਗਰੋਂ ਭਾਜਪਾ ਤੋਂ ਵੱਖ ਹੋ ਕੇ ਲੜੀਆਂ ਹਨ ਅਤੇ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।
ਇਨ੍ਹਾਂ ਲੋਕ ਸਭਾ ਚੋਣਾਂ ਵਿਚ ਬਾਦਲ ਪਰਿਵਾਰ ਤਾਂ ਬਠਿੰਡਾ ਤੋਂ ਪਾਸ ਹੋ ਗਿਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਹਾਰ ਗਿਆ ਹੈ। ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕੀਤੀ ਹੈ ਅਤੇ ਪਹਿਲੀ ਵਾਰ ਹੈ ਕਿ ਵੱਡੇ ਬਾਦਲ ਦੇ ਜਹਾਨੋਂ ਚਲੇ ਜਾਣ ਮਗਰੋਂ ਹਰਸਿਮਰਤ ਕੌਰ ਬਾਦਲ ਦੀ ਇਹ ਪਹਿਲੀ ਜਿੱਤ ਹੈ।
ਬੀਬੀ ਬਾਦਲ 2019 ਦੇ ਮੁਕਾਬਲੇ ਢਾਈ ਗੁਣਾ ਵੱਧ 49,656 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਤਾਂ ਅੱਠ ਸੀਟਾਂ ’ਤੇ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਬਠਿੰਡਾ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਹਲਕੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੂਜੇ ਜਾਂ ਤੀਜੇ ਨੰਬਰ ’ਤੇ ਆਉਣਾ ਵੀ ਨਸੀਬ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ 13 ਵਿਚੋਂ 11 ਹਲਕਿਆਂ ’ਤੇ ਚੌਥੇ ਨੰਬਰ ’ਤੇ ਰਿਹਾ ਹੈ ਜਿਨ੍ਹਾਂ ਵਿਚ ਸ੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ, ਫ਼ਰੀਦਕੋਟ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਫ਼ਿਰੋਜ਼ਪੁਰ, ਖਡੂਰ ਸਾਹਿਬ ਸ਼ਾਮਲ ਹਨ। ਸੰਗਰੂਰ ਹਲਕੇ ’ਚ ਅਕਾਲੀ ਉਮੀਦਵਾਰ ਪੰਜਵੇਂ ਸਥਾਨ ’ਤੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੋਟ ਫ਼ੀਸਦੀ ਦਾ ਇਤਿਹਾਸ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ। ਅਸੈਂਬਲੀ ਚੋਣਾਂ 2022 ਵਿਚ ਅਕਾਲੀ ਦਲ ਨੇ ਤਿੰਨ ਸੀਟਾਂ ਜਿੱਤੀਆਂ ਸਨ ਅਤੇ ਉਸ ਵਕਤ ਅਕਾਲੀ ਦਲ ਨੂੰ 18.38 ਫ਼ੀਸਦੀ ਵੋਟਾਂ ਪਈਆਂ ਸਨ ਪਰ ਅੱਜ ਜੋ ਨਤੀਜੇ ਆਏ ਹਨ, ਉਨ੍ਹਾਂ ਵਿਚ ਅਕਾਲੀ ਦਲ ਦਾ ਵੋਟ ਫੀਸਦ 13.42 ਰਹਿ ਗਿਆ ਹੈ। ਸਾਲ 2022 ਨਾਲੋਂ ਐਤਕੀਂ ਅਕਾਲੀ ਦਲ ਦਾ ਵੋਟ ਸ਼ੇਅਰ 4.96 ਫੀਸਦੀ ਘਟਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਸੀਟਾਂ ਜਿੱਤੀਆਂ ਸਨ ਅਤੇ ਵੋਟ ਦਰ 27.8 ਫ਼ੀਸਦੀ ਰਹੀ ਸੀ। 2019 ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ 14.38 ਫ਼ੀਸਦੀ ਘਟਿਆ ਹੈ। ਵਰ੍ਹਾ 2017 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਅਤੇ ਉਦੋਂ ਅਕਾਲੀ ਦਲ ਨੇ 14 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਜੋ 2022 ਦੀਆਂ ਚੋਣਾਂ ਵਿਚ ਘੱਟ ਕੇ 3 ਸੀਟਾਂ ਤੱਕ ਰਹਿ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੇ 1977 ਦੀਆਂ ਚੋਣਾਂ ਵਿਚ 9 ਸੀਟਾਂ ਹਾਸਲ ਕਰਕੇ 42.5 ਫ਼ੀਸਦੀ ਵੋਟਾਂ ਲਈਆਂ ਸਨ ਅਤੇ 1984 ਦੀਆਂ ਚੋਣਾਂ ਵਿਚ 7 ਸੀਟਾਂ ਜਿੱਤ ਕੇ 37.2 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ।
ਜਦੋਂ 2022 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪਾਰਟੀ ਦੀ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਕਮੇਟੀ ਨੇ ਆਪਣੀ ਰਿਪੋਰਟ ਵੀ ਦੇ ਦਿੱਤੀ ਸੀ ਜੋ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਹੈ
ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਉਂਗਲਾਂ ਉੱਠਣੀਆਂ ਤੈਅ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਸੀਟ ਤੋਂ ਜ਼ਿੰਮੇਵਾਰੀ ਸੰਭਾਲੀ ਹੋਈ ਸੀ ਅਤੇ ਉਸ ਹਲਕੇ ਤੋਂ ਵੀ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਚੌਥੇ ਨੰਬਰ ’ਤੇ ਆਏ ਹਨ। ਢੀਂਡਸਾ ਪਰਿਵਾਰ ਨੇ ਵੀ ਇਨ੍ਹਾਂ ਚੋਣਾਂ ਵਿਚ ਚੁੱਪ ਹੀ ਵਰਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਚੋਣਾਂ ਦੌਰਾਨ ਹੀ ਆਊਟ ਕਰ ਦਿੱਤਾ ਸੀ। ਚੋਣਾਂ ਦੌਰਾਨ ਰਵੀਕਰਨ ਸਿੰਘ ਕਾਹਲੋਂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

Advertisement

ਹਰਸਿਮਰਤ ਕੌਰ ਬਾਦਲ ਵੱਲੋਂ ਵੋਟਰਾਂ ਦਾ ਧੰਨਵਾਦ

ਬਠਿੰਡਾ/ਲੰਬੀ (ਪੱਤਰ ਪ੍ਰੇਰਕ): ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ‘ਮੈਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ ਹਾਂ ਅਤੇ ਅਕਾਲੀ ਦਲ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਬਠਿੰਡਾ ਹਲਕੇ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਲਗਾਤਾਰ ਚੌਥੀ ਵਾਰੀ ਮੇਰੇ ਹੱਕ ਵਿੱਚ ਫ਼ਤਵਾ ਦੇ ਕੇ ਮੈਨੂੰ ਸੇਵਾ ਦਾ ਮੌਕਾ ਬਖ਼ਸ਼ਿਆ ਹੈ। ਮੈਂ ਸਮੂਹ ਹਲਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਉਨ੍ਹਾਂ ਦੀ ਭਲਾਈ ਅਤੇ ਹਲਕੇ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਾਂਗੀ।’ ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ’ਤੇ ਸੰਦੇਸ਼ ਜਾਰੀ ਕਰ ਕੇ ਜਸ਼ਨ ਨਾ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੂਨ ਮਹੀਨੇ ਵਿੱਚ ਕਾਂਗਰਸ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਕੀਤੇ ਹਮਲੇ ਕਰਕੇ ਸਮੁੱਚੀ ਸਿੱਖ ਕੌਮ ਦਾ ਹਿਰਦਾ ਵਲੂੰਧਰਿਆ ਗਿਆ ਸੀ, ਇਸ ਕਰਕੇ ਸਹੀਦੀ ਹਫਤੇ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਬਠਿੰਡਾ ਹਲਕਾ ਵਾਸੀਆਂ ਨੂੰ ਬੇਨਤੀ ਹੈ ਕਿ ਜਿੱਤ ਦਾ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਵੇ।

ਲੋਕ-ਫਤਵੇ ਨੂੰ ਸਵੀਕਾਰ ਕਰਦਾ ਹਾਂ: ਸੁਖਬੀਰ ਸਿੰਘ ਬਾਦਲ

ਲੰਬੀ (ਇਕਬਾਲ ਸਿੰਘ ਸ਼ਾਂਤ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਵੋਟਰਾਂ ਵੱਲੋਂ ਦਿੱਤੇ ਫਤਵੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ਪਿੰਡ ਬਾਦਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤੀ ਜਿਨ੍ਹਾਂ ਨੇ ਅਤਿ ਦਰਜੇ ਦੀ ਗਰਮੀ ਤੇ ਔਕੜਾਂ ਦਾ ਸਾਹਮਣਾ ਕਰਦਿਆਂ ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ।

Advertisement
Author Image

joginder kumar

View all posts

Advertisement
Advertisement
×