ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ: ਕਾਲਕਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਲਈ ਸਰਵਉੱਚ ਅਸਥਾਨ ਹੈ ਅਤੇ ਇਸ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ’ਚੋਂ 24 ਘੰਟਿਆਂ ਅੰਦਰ 10 ਸਾਲਾਂ ਲਈ ਕੱਢਣ ਦਾ ਹੁਕਮ ਨਾ ਮੰਨ ਕੇ ਵੱਡਾ ਗੁਨਾਹ ਕੀਤਾ ਹੈ। ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਇਆ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੀ ਛੇਵੇਂ ਪਾਤਸ਼ਾਹ ਦੇ ਤਖਤ ਤੋਂ ਜਾਰੀ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੈ, ਜੋ ਬੇਹੱਦ ਨਿੰਦਣਯੋਗ ਗੱਲ ਹੈ।
ਉਨ੍ਹਾਂ ਕਿਹਾ ਕਿ ਇਸੇ ਲੀਡਰਸ਼ਿਪ ਨੇ ਬੀਤੇ ਸਮੇਂ ਦੌਰਾਨ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੁਆਉਣ ਸਮੇਤ ਹੋਰ ਵੱਡੇ ਗੁਨਾਹ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਲੀਡਰਸ਼ਿਪ ਸਿੰਘ ਸਾਹਿਬਾਨ ਨੂੰ ਕਥਿਤ ਧਮਕੀਆਂ ਦੇ ਰਹੀ ਹੈ ਤੇ ਉਨ੍ਹਾਂ ਨਾਲ ਮਾੜਾ ਸਲੂਕ ਕਰ ਰਹੀ ਹੈ ਜੋ ਬਹੁਤ ਹੀ ਨਿੰਦਣਯੋਗ ਵਤੀਰਾ ਹੈ।
ਉਨ੍ਹਾਂ ਨੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਸਭ ਤੁਹਾਡੇ ਨਾਲ ਹਨ ਤੇ ਕਿਸੇ ਦੀ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਤਾਹੀਆਂ ਕਰਨ ਵਾਲਿਆਂ ਤੇ ਵੱਡੀਆਂ ਗਲਤੀਆਂ ਕਰਨ ਵਾਲਿਆਂ ਖਿਲਾਫ ਡਟ ਕੇ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ ਜੋ ਕੌਮ ਦੇ ਹਿੱਤ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਜਥੇਦਾਰਾਂ ਨਾਲ ਖੜ੍ਹੀ ਹੈ, ਜਥੇਦਾਰਾਂ ਨੂੰ ਕਿਸੇ ਦੀ ਵੀ ਤਰੀਕੇ ਦਾ ਦਬਾਅ ਝੱਲਣ ਦੀ ਜ਼ਰੂਰਤ ਨਹੀਂ ਹੈ।