ਘਰ ’ਚ ਬੌਸ ਵਾਂਗ ਵਿਚਰਦੇ ਨੇ ਸ਼ਿਰੀਸ਼: ਫ਼ਰਾਹ
ਮੁੰਬਈ:
ਫਿਲਮਸਾਜ਼-ਕੋਰਿਓਗ੍ਰਾਫਰ ਫ਼ਰਾਹ ਖ਼ਾਨ ਨੇ ਇੱਥੇ ਖੁਲਾਸਾ ਕੀਤਾ ਕਿ ਉਸ ਦੇ ਪਤੀ ਸ਼ਿਰੀਸ਼ ਕੁੰਦਰ ਦੀ ਘਰ ਵਿਚਲੀ ਭੂਮਿਕਾ ਕਿਵੇਂ ਦੀ ਹੁੰਦੀ ਹੈ ਅਤੇ ਪਰਿਵਾਰ ਵਿੱਚ ਪੈਂਟ ਕੌਣ ਪਹਿਨਦਾ ਹੈ। ਫ਼ਰਾਹ, ਕਾਮੇਡੀਅਨ ਕਪਿਲ ਸ਼ਰਮਾ ਦੀ ਮੇਜ਼ਬਾਨੀ ਵਾਲੇ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਵੇਂ ਐਪੀਸੋਡ ਵਿੱਚ ਸੀਨੀਅਰ ਅਦਾਕਾਰ ਅਨਿਲ ਕਪੂਰ ਨਾਲ ਨਜ਼ਰ ਆਈ। ਗੱਲਬਾਤ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਘਰ ਵਿੱਚ ਉਸ ਦੇ ਪਤੀ, ਫਿਲਮਸਾਜ਼ ਅਤੇ ਫਿਲਮ ਲੇਖਕ ਸ਼ਿਰੀਸ਼ ਸਭ ਤੋਂ ਵੱਧ ਬੋਲਦੇ ਹਨ। ਕਪਿਲ ਨੇ ਫ਼ਰਾਹ ਨੂੰ ਸ਼ਿਰੀਸ਼ ਦੇ ਨਾਲ ਘਰ ਵਿਚਲੇ ਮਾਹੌਲ ਬਾਰੇ ਪੁੱਛਿਆ, ‘‘ਜਦੋਂ ਉਹ ਨਿਰਦੇਸ਼ਕ ਹੈ ਤਾਂ ਸਾਰਿਆਂ ਨੂੰ ਝਿੜਕਦੀ ਹੈ। ਦਰਸ਼ਕ ਇਹ ਜਾਣਨਾ ਚਾਹੁੰਦੇ ਸਨ। ਕੀ ਤੁਸੀਂ ਕਦੇ ਸ਼ਿਰੀਸ਼ ਨੂੰ ਘਰ ਵਿੱਚ ਝਿੜਕਿਆ ਹੈ?’’ ਕਪਿਲ ਦੇ ਸੁਆਲ ਦੇ ਜੁਆਬ ਵਿੱਚ ਫ਼ਰਾਹ ਨੇ ਕਿਹਾ, ‘ਮੇਰੇ ਲਈ ਇਹ ਉਲਟ ਹੈ। ਸ਼ਿਰੀਸ਼ ਘਰ ਵਿੱਚ ਬੌਸ ਹਨ। ਜਦੋਂ ਉਹ ਬਾਹਰ ਹੁੰਦੇ ਹਨ ਤਾਂ ਗੱਲਬਾਤ ਨਹੀਂ ਕਰਦੇ। ਘਰ ਵਿੱਚ ਉਹ ਬਹੁਤ ਬੋਲਦੇ ਹਨ। ਅਸੀਂ ਇਹ ਸੋਚ ਕੇ ਸੋਫੇ ਪਿੱਛੇ ਲੁਕ ਜਾਂਦੇ ਹਾਂ ਕਿ ਉਹ ਆ ਕੇ ਸਾਨੂੰ ਭਾਸ਼ਨ ਦੇਣਾ ਸ਼ੁਰੂ ਕਰ ਦੇਣਗੇੇ। ਘਰ ਵਿੱਚ ਮੈਂ ਬਹੁਤ ਸ਼ਾਂਤ ਤੇ ਨਿਮਰ ਹਾਂ।’’ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਸ਼ਨਿੱਚਰਵਾਰ ਨੂੰ ਰਾਤ ਅੱਠ ਵਜੇ ਨੈੱਟਫਿਲਿਕਸ ’ਤੇ ਪ੍ਰਸਾਰਿਤ ਹੋਵੇਗਾ। -ਆਈਏਐੱਨਐੱਸ