ਸ਼ਾਯਰ: ਵੈਰਾਗ ਭਰਿਆ ਸਫ਼ਰ
ਜਸ਼ਨ ਜੱਸਲ
ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਸ਼ਾਯਰ’ ਦਰਸ਼ਕਾਂ ਨੂੰ ਆਪਣੇ ਨਾਲ ਇੱਕ ਵਿਲੱਖਣ ਸਾਹਿਤਕ ਸਫ਼ਰ ’ਤੇ ਲੈ ਕੇ ਜਾਂਦੀ ਹੈ। ਜਗਦੀਪ ਵੜਿੰਗ ਦੀ ਕਲਮ ਦਾ ਸ਼ਿੰਗਾਰ ਬਣੀ ਇਸ ਫਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਦੇ ਹਰ ਦ੍ਰਿਸ਼ ਵਿੱਚ ਪੈਦਾ ਕੀਤੇ ਮਾਹੌਲ ਨੂੰ ਤੁਸੀਂ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰਦੇ ਹੋ। ਸੱਤੇ ਅਤੇ ਸੀਰੋ ਦੀ ਪਾਕ ਮੁਹੱਬਤ ਵਾਲੀ ਇਹ ਫਿਲਮ ਰੁਮਾਂਟਿਕ ਪੰਜਾਬੀ ਫਿਲਮਾਂ ਵਿੱਚ ਵੱਖਰੀ ਤਰ੍ਹਾਂ ਦੀ ਸਾਬਤ ਹੋਈ ਹੈ। ਇਸ ਫਿਲਮ ਦੀ ਜਾਨ ਇਸ ਦਾ ਨਿਰਦੇਸ਼ਨ, ਸਿਨੇਮੈਟੋਗ੍ਰਾਫ਼ੀ, ਵੱਖਰੇ ਅੰਦਾਜ਼ ਦਾ ਸੰਗੀਤ ਨਹੀਂ, ਸਗੋਂ ਇਸ ਦੀ ਕੰਨਾਂ ਨੂੰ ਸਕੂਨ ਦੇਣ ਵਾਲੀ ਬਾਕਮਾਲ ਸ਼ਾਇਰੀ ਹੈ। ਇਹ ਫਿਲਮ 1971 ਦੇ ਦਹਾਕੇ ਦੇ ਪਿਛੋਕੜ ਵਿੱਚ ਬਣਾਈ ਗਈ ਹੈੈ ਜੋ ਦਰਸ਼ਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜ ਕੇ ਰੱਖਦੀ ਹੈ।
ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ‘ਕਲੀ ਜੋਟਾ’ ਤੋਂ ਬਾਅਦ ਇਸ ਫਿਲਮ ਵਿੱਚ ਬਣੀ ਜੋੜੀ ਦਰਸ਼ਕਾਂ ਦਾ ਮੁੜ ਤੋਂ ਦਿਲ ਜਿੱਤ ਲੈਂਦੀ ਹੈ। ਅੱਲ੍ਹੜ ਉਮਰੇ ਪਿਆਰ ’ਚ ਪਏ ਸਤਿੰਦਰ ਸਰਤਾਜ ਦੇ ਕਿਰਦਾਰ ‘ਸੱਤੇ’ ਦਾ ਸ਼ਾਇਰ ਬਣਨ ਦਾ ਸਫ਼ਰ ਨੀਰੂ ਬਾਜਵਾ ਦੇ ਕਿਰਦਾਰ ‘ਸੀਰੋ’ ਨਾਲ ਵਿਛੋੜਾ ਹੀ ਤੈਅ ਕਰਵਾਉਂਦਾ ਹੈ। ਉਸ ਨੂੰ ਦਿਲ ਵਿੱਚ ਪੈ ਰਹੀ ਵਿਛੋੜੇ ਦੀ ਚੀਸ ਬਰਦਾਸ਼ਤ ਕਰਨ ਦੀ ਤਾਕਤ ਸ਼ਾਇਰੀ ਵਿੱਚੋਂ ਮਿਲਦੀ ਹੈ। ਆਪਣੇ ਮਹਿਬੂਬ ਲਈ ਉਹ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਗ਼ਰੀਬ ਪਰਿਵਾਰ ਤੋਂ ਉੱਠ ਕੇ ਮਹਾਨ ਸ਼ਾਯਰ ਬਣ ਕੇ ਵੀ ਉਸ ਦੀ ਜ਼ਿੰਦਗੀ ਉਸ ਨੂੰ ਮੁਕੰਮਲ ਨਹੀਂ ਜਾਪਦੀ। ਅੰਤ ਸਾਡੀਆਂ ਅੱਖਾਂ ’ਚੋਂ ਵਗੇ ਅੱਥਰੂ ਇਸ ਫਿਲਮ ਦੀ ਦਾਦ ਹਨ।
ਉਦੈ ਪ੍ਰਤਾਪ ਸਿੰਘ ਦਾ ਨਿਰਦੇਸ਼ਨ ਬਹੁਤ ਵਧੀਆ ਹੈ। ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਹਾਲਾਂਕਿ ਫਿਲਮ ਥੋੜ੍ਹੀ ਜਿਹੀ ਲੰਮੀ ਜ਼ਰੂਰ ਜਾਪਦੀ ਹੈ ਪ੍ਰੰਤੂ ਫਿਲਮ ਦੇ ਅਹਿਮ ਮੁਕਾਮਾਂ ’ਤੇ ਸੁਣਾਈ ਗਈ ਬਾਕਮਾਲ ਸ਼ਾਇਰੀ ਦਰਸ਼ਕਾਂ ਨੂੰ ਇਸ ਨਾਲ ਜੋੜੀ ਰੱਖਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਫਿਲਮ ਬਾਕੀ ਆਈਆਂ ਫਿਲਮਾਂ ਤੋਂ ਬਿਲਕੁਲ ਅਲੱਗ ਜਾਪਦੀ ਹੈ। ਸਤਿੰਦਰ ਸਰਤਾਜ ਦਾ ਕਹਾਣੀ ਮੁਤਾਬਿਕ ਉਸ ਭਾਵ ’ਚ ਡੁੱਬ ਕੇ ਸ਼ਾਇਰੀ ਕਰਨਾ ਉਸ ਦੇ ਚੰਗੇ ਅਦਾਕਾਰ ਹੋਣ ਦਾ ਸਬੂਤ ਦਿੰਦਾ ਹੈ। ਖ਼ਾਸਕਰ ਉਸ ਦਾ ਹੰਝੂਆਂ ਭਰੀਆਂ ਅੱਖਾਂ ਨਾਲ ਸ਼ਾਇਰੀ ਸੁਣਾਉਣਾ ਦਰਸ਼ਕਾਂ ਨੂੰ ਕੀਲ ਲੈਂਦਾ ਹੈ।
ਨੀਰੂ ਬਾਜਵਾ ਵੱਲੋਂ ਫਿਲਮ ਵਿੱਚ ਨਿਭਾਇਆ ਸੀਰੋ ਦਾ ਕਿਰਦਾਰ ਦਰਸ਼ਕਾਂ ਨੂੰ ਹਲੂਣਨ ਦਾ ਕੰਮ ਕਰਦਾ ਹੈ। ਫਿਲਮ ਵਿੱਚ ਰਾਣਾ ਰਣਬੀਰ ਅਤੇ ਗੁਰਪ੍ਰੀਤ ਘੁੱਗੀ ਦੀ ਛੋਟੀ ਜਿਹੀ ਝਲਕ ਵੀ ਦਰਸ਼ਕਾਂ ’ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਯੋਗਰਾਜ ਸਿੰਘ, ਮਲਕੀਤ ਰੌਣੀ, ਸੁੱਖੀ ਚਾਹਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਕੇਵਲ ਧਾਲੀਵਾਲ ਆਦਿ ਕਲਾਕਾਰਾਂ ਨੇ ਵੀ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦੇ ਗੀਤ ‘ਭੁੱਲੀਏ ਕਿਵੇਂ’, ‘ਇਮਤਿਹਾਨ’, ‘ਫੁੱਲ ਤੇ ਖੁਸ਼ਬੋ’, ‘ਤਬਾਦਲੇ’, ‘ਕਿਹੜੇ ਰਾਹਾਂ ’ਤੇ’, ‘ਤੇਰੀ ਦੀਦ’, ‘ਮੋਹ ਏ ਪੁਰਾਣਾ’, ‘ਪ੍ਰੀਤਾਂ ਦੇ ਵਣਜਾਰੇ’, ‘ਤੇਰੀ ਯਾਦ’ ਆਦਿ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਫਿਲਮ ਖ਼ਾਸ ਇਸ ਲਈ ਵੀ ਹੈ ਕਿ ਇਹ ਸਾਨੂੰ ਸ਼ਾਇਰੀ ਨਾਲ ਰੂ-ਬ-ਰੂ ਕਰਵਾਉਂਦੀ ਹੈ। ਇਹ ਸਾਨੂੰ ਸ਼ਾਇਰੀ ਦਾ ਅਸਲ ਮਤਲਬ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ। ਪੰਜਾਬੀ ਸਿਨੇਮਾ ਨੂੰ ਅਜਿਹੀਆਂ ਸੋਹਣੀਆਂ ਫਿਲਮਾਂ ਦੇ ਸ਼ਿੰਗਾਰ ਦੀ ਲੋੜ ਹੈ।
ਸੰਪਰਕ: 96461-23337