Maharashtra govt formation: ਸ਼ਿੰਦੇ, ਫੜਨਵੀਸ ਅਤੇ ਅਜੀਤ ਪਵਾਰ ਸ਼ਾਹ ਨਾਲ ਕਰਨਗੇ ਮੁਲਾਕਾਤ
ਮੁੰਬਈ, 28 ਨਵੰਬਰ
ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ, ਦਵੇਂਦਰ ਫੜਨਵੀਸ, ਅਜੀਤ ਪਵਾਰ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਰਮਿਆਨ ਵੀਰਵਾਰ ਰਾਤ ਸਮੇਂ ਦਿੱਲੀ ਵਿੱਚ ਹੋਣ ਵਾਲੀ ਮਹੱਤਵਪੂਰਨ ਮੀਟਿੰਗ ਮਗਰੋਂ ਤੇਜ਼ੀ ਮਿਲਣ ਦੀ ਸੰਭਵਨਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਕਾਫ਼ੀ ਅਹਿਮ ਹੋਣ ਵਾਲੀ ਹੈ ਕਿਉਂਕਿ ਸਾਰੀਆਂ ਧਿਰਾਂ ਦੇ 288 ਵਿਧਾਇਕਾਂ ਵਿੱਚੋਂ ਸਭ ਤੋਂ ਵੱਧ ਮਰਾਠਾ ਭਾਈਚਾਰੇ ਨਾਲ ਸਬੰਧਿਤ ਹਨ। ਫੜਨਵੀਸ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਹਨ ਅਤੇ ਪਹਿਲੀ ਵਾਰ 2014 ਵਿੱਚ ਮੁੱਖ ਮੰਤਰੀ ਬਣੇ ਸੀ ਅਤੇ ਫਿਰ 2019 ਵਿੱਚ ਕੁੱਝ ਸਮੇਂ ਲਈ ਮੁੜ ਮੁੱਖ ਮੰਤਰੀ ਬਣੇ।
ਸੂਤਰਾਂ ਨੇ ਕਿਹਾ, ‘‘ਜੇਕਰ ਆਰਐੱਸਐੱਸ ਦਾ ਹੁਕਮ ਚੱਲਦਾ ਹੈ ਤਾਂ ਫੜਨਵੀਸ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਵੱਧ ਹੈ।’’
ਸ਼ਿਵ ਸੈਨਾ ਨੇਤਾਵਾਂ ਦੀ ਸ਼ਿੰਦੇ ਨੂੰ ਮੁੱਖ ਮੰਤਰੀ ਵਜੋਂ ਇੱਕ ਹੋਰ ਕਾਰਜਕਾਲ ਦੇਣ ਦੀ ਜ਼ੋਰਦਾਰ ਮੰਗ ਦਰਮਿਆਨ ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਉਹ ਇਸ ਅਹੁਦੇ ਲਈ ਭਾਜਪਾ ਦੀ ਪਸੰਦ ਦਾ ਪਾਲਣ ਕਰਨਗੇ।
ਸ਼ਿੰਦੇ ਦੇ ਇੱਕ ਕਰੀਬੀ ਸਹਿਯੋਗੀ ਨੇ ਅੱਜ ਇੱਥੇ ਕਿਹਾ ਕਿ ਕਾਰਜਕਾਰੀ ਮੁੱਖ ਮੰਤਰੀ ਵੱਲੋਂ ਨਵੀਂ ਸਰਕਾਰ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਦੀ ਸੰਭਾਵਨਾ ਨਹੀਂ ਹੈ।
ਹਾਲਾਂਕਿ ਸ਼ਿਵ ਸੈਨਾ ਦੇ ਵਿਧਾਇਕ ਅਤੇ ਤਰਜਮਾਨ ਸੰਜੈ ਸ਼ਿਰਸ਼ਾਟ ਨੇ ਕਿਹਾ ਕਿ ਸ਼ਿੰਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ, ‘‘ਉਹ ਸ਼ਾਇਦ ਉਪ ਮੁੱਖ ਮੰਤਰੀ ਨਹੀਂ ਬਣਨਾ ਚਾਹੁਣਗੇ। ਮੁੱਖ ਮੰਤਰੀ ਅਹੁਦੇ ’ਤੇ ਕਾਬਜ਼ ਵਿਅਕਤੀ ਲਈ ਅਜਿਹਾ ਕਰਨਾ ਸਹੀ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਕਿਸੇ ਦੂਜੇ ਨੇਤਾ ਨੂੰ ਉਪ ਮੁੱਖ ਮੰਤਰੀ ਬਣਾਉਣ ਲਈ ਕਹੇਗੀ।
ਮੈਨੂੰ ਮੇਰੇ ਪਿਤਾ ’ਤੇ ਮਾਣ: ਸ੍ਰੀਕਾਂਤ ਸ਼ਿੰਦੇ
ਇਸੇ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਏਕਨਾਥ ਸ਼ਿੰਦੇ ’ਤੇ ਮਾਣ ਹੈ, ਜਿਨ੍ਹਾਂ ਨਿੱਜੀ ਲਾਲਸਾਵਾਂ ਨੂੰ ਪਾਸੇ ਰੱਖ ਕੇ ‘ਗੱਠਜੋੜ ਧਰਮ’ ਦੀ ਪਾਲਣਾ ਕਰਨ ਦੀ ਮਿਸਾਲ ਕਾਇਮ ਕੀਤੀ ਹੈ।
ਸ੍ਰੀਕਾਂਤ ਸ਼ਿੰਦੇ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਮਹਾਰਾਸ਼ਟਰ ਦੇ ਲੋਕਾਂ ਨਾਲ ਅਟੁੱਟ ਰਿਸ਼ਤਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਆਪਣੇ ਪਿਤਾ ਅਤੇ ਸ਼ਿਵਾ ਸੈਨਾ ਸੁਪਰੀਮੋ ’ਤੇ ਮਾਣ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਭਰੋਸਾ ਬਣਾਈ ਰੱਖਿਆ ਅਤੇ ਆਪਣੀਆਂ ਨਿੱਜੀ ਲਾਲਸਾਵਾਂ ਨੂੰ ਦੂਰ ਰੱਖਦਿਆਂ ਗੱਠਜੋੜ ਧਰਮ ਦਾ (ਬਿਹਤਰੀਨ) ਉਦਹਾਰਨ ਪੇਸ਼ ਕੀਤਾ।’’
ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੇ 288 ਮੈਂਬਰੀ ਸਦਨ ਵਿੱਚ 230 ਸੀਟਾਂ ਜਿੱਤੀਆਂ ਅਤੇ ਹਾਲ ਹੀ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਮਹਾਂ ਵਿਕਾਸ ਅਗਾੜੀ (ਐੱਮਵੀਏ) ਨੂੰ 46 ਸੀਟਾਂ ’ਤੇ ਸਮੇਟ ਦਿੱਤਾ। ਭਾਜਪਾ ਨੇ 132, ਸ਼ਿਵ ਸੈਨਾ 57 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ 41 ਸੀਟਾਂ ਜਿੱਤੀਆਂ ਹਨ। ਸ਼ਿਵ ਸੈਨਾ (ਯੂਬੀਟੀ), ਐਮਵੀਏ ਦਾ ਹਿੱਸਾ, ਨੇ 20 ਸੀਟਾਂ, ਕਾਂਗਰਸ ਨੇ 16 ਅਤੇ ਸ਼ਰਦ ਪਵਾਰ ਦੀ ਐਨਸੀਪੀ (ਐਸਪੀ) ਨੇ 10 ਸੀਟਾਂ ਜਿੱਤੀਆਂ। -ਪੀਟੀਆਈ