ਸ਼ਿਮਲਾ: ਮੰਦਰ ’ਚ ਦੋ ਹਿੰਦੂ ਗੁੱਟਾਂ ਵਿਚਾਲੇ ਝੜਪ; ਸੱਤ ਜ਼ਖਮੀ
ਸ਼ਿਮਲਾ, 17 ਨਵੰਬਰ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਕੇਂਦਰੀ ਇਲਾਕੇ ਵਿੱਚ ਦੋ ਹਿੰਦੂ ਧੜਿਆਂ ਹਿਮਾਲਿਆਈ ਬ੍ਰਹਮੋ ਸਮਾਜ ਅਤੇ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਵਿਚਾਲੇ ਵਿਵਾਦ ਮਗਰੋਂ ਹੋਈ ਝੜਪ ਦੌਰਾਨ ਤਿੰਨ ਪੁਲੀਸ ਮੁਲਾਜ਼ਮਾਂ ਸਣੇ ਸੱਤ ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਨੇ ਅੱਜ ਦੱਸਿਆ ਕਿ ਵਿਵਾਦ ਦੌਰਾਨ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਆਸ਼ਰਮ ਵਿਧਾਨ ਸਭਾ ਨੇੜੇ ਬ੍ਰਹਮੋ ਸਮਾਜ ਦੀ ਪ੍ਰਾਪਰਟੀ ’ਚ ਸਥਿਤ ਹੈ। ਪੁਲੀਸ ਨੇ ਕਿਹਾ ਕਿ ਇਸ ਸਬੰਧੀ ਸੱਤ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ।
ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਕਿਹਾ ਕਿ ਇਹ ਝਗੜਾ 100 ਤੋਂ ਵੱਧ ਵਿਅਕਤੀਆਂ ਜਿਨ੍ਹਾਂ ਹਿਮਾਲਿਆਈ ਬ੍ਰਹਮੋ ਸਮਾਜ ਨਾਲ ਸਬੰਧਤ ਔਰਤਾਂ ਵੀ ਸ਼ਾਮਲ ਸਨ, ਦੇ ਸ਼ਨਿਚਰਵਾਰ ਸ਼ਾਮ ਨੂੰ ਪ੍ਰਾਰਥਨਾ ਲਈ ਆਸ਼ਰਮ ਕੰਪਲੈਕਸ ’ਚ ਦਾਖਲ ਹੋਣ ਮਗਰੋਂ ਹੋਇਆ। ਗਾਂਧੀ ਮੁਤਾਬਕ ਬ੍ਰਹਮੋ ਸਮਾਜ ਦੇ ਪੈਰੋਕਾਰ ਰਾਤ ਨੂੰ ਵੀ ਪ੍ਰਾਰਥਨਾ ਜਾਰੀ ਰੱਖਣੀ ਚਾਹੁੰਦੇ ਸਨ, ਜਿਸ ਦਾ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ (ਜਿਸ ਦਾ ਕੰਪਲੈਕਸ ’ਤੇ ਕਬਜ਼ਾ ਹੈ) ਨੇ ਵਿਰੋਧ ਕੀਤਾ। ਆਸ਼ਰਮ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਕੀਮਤ ਵਾਲੀ ਇਸ ਦੀ ਜਾਇਦਾਦ ਦੀ ਮਾਲਕੀ ਸਬੰਧੀ ਵਿਵਾਦ ਚੱਲਦਾ ਹੋਣ ਕਾਰਨ ਕਬਜ਼ੇ ਦੀ ਸੰਭਾਵੀ ਕੋਸ਼ਿਸ਼ ਦੇ ਮੱਦੇਨਜ਼ਰ ਆਸ਼ਰਮ ਪ੍ਰਬੰਧਕਾਂ ਨੇ ਮਦਦ ਲਈ ਪੁਲੀਸ ਤੇ ਪ੍ਰਸ਼ਾਸਨ ਨੂੰ ਬੁਲਾ ਲਿਆ। ਐੱਸਪੀ ਮੁਤਾਬਕ ਜਦੋਂ ਹਿਮਾਲਿਆਈ ਬ੍ਰਹਮੋ ਸਮਾਜ ਦੇ ਪੈਰੋਕਾਰ ਐਤਵਾਰ ਨੂੰ ਫਿਰ ਪ੍ਰਾਰਥਨਾ ਸ਼ੁਰੂ ਕਰਨ ਦੀ ਸ਼ਰਤ ’ਤੇ ਉਥੋਂ ਜਾਣ ਲੱਗੇ ਤਾਂ ਰਾਮਕ੍ਰਿਸ਼ਨ ਮਿਸ਼ਨ ਦੇ ਸ਼ਰਧਾਲੂਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਤਿੰਨ ਪੁਲੀਸ ਮੁਲਾਜ਼ਮਾਂ ਸਣੇ ਸੱਤ ਵਿਅਕਤੀ ਜ਼ਖਮੀ ਹੋ ਗਏ। -ਪੀਟੀਆਈ
ਕਿਸੇ ਨੂੰ ਵੀ ਕਬਜ਼ੇ ਦਾ ਅਧਿਕਾਰ ਨਹੀਂ: ਸੈਕਟਰੀ
ਰਾਮਕ੍ਰਿਸ਼ਨ ਮਿਸ਼ਨ ਦੇ ਸੈਕਟਰੀ ਸਵਾਮੀ ਤਨਮਹਿਮਾਨੰਦ ਨੇ ਕਿਹਾ ਕਿ ਆਸ਼ਰਮ ’ਚ ਸਾਰੇ ਪੂਜਾ ਕਰ ਸਕਦੇ ਹਨ ਪਰ ਕਿਸੇ ਨੂੰ ਵੀ ਕਬਜ਼ਾ ਕਰਨ ਦਾ ਅਧਿਕਾਰ ਨਹੀਂ ਹੈ। ਆਸ਼ਰਮ ਦੇ ਸਹਿ ਸਕੱਤਰ ਸਵਾਮੀ ਰਾਮ ਰੂਪਾਨੰਦ ਨੇ ਕਿਹਾ ਕਿ ਪੁਲੀਸ ਦੀ ਮੌਜੂਦਗੀ ਦੌਰਾਨ ਆਸ਼ਰਮ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਘਟਨਾ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਜਦਕਿ ਹਿਮਾਲਿਆ ਬ੍ਰਹਮੋ ਸਮਾਜ ਦੇ ਟਰੱਸਟੀ ਐੱਮ.ਆਰ. ਸਗਰੋਲੀ ਨੇ ਕਿਹਾ ਕਿ ਇਹ ਕੋਈ ਵੱਡਾ ਵਿਵਾਦ ਨਹੀਂ ਹੈ ਅਤੇ ਦੇਸ਼ ਭਰ ਤੋਂ ਉਥੇ ਆਏ ਪੈਰੋਕਾਰਾਂ ਨੂੰ ਮੰਦਰ ’ਚ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।