ਸ਼ਿਲਪਾ ਸ਼ੈਟੀ ਨੇ ‘ਇੰਡੀਅਨ ਪੁਲੀਸ ਫੋਰਸ’ ਦੀ ਸ਼ੂਟਿੰਗ ਦੇ ਦਿਨ ਯਾਦ ਕੀਤੇ
ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਨੇ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਦੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬੜਾ ਆਨੰਦਦਾਇਕ ਤਜਰਬਾ ਸੀ। ਇਸ ਦੌਰਾਨ ਕੀਤੇ ਸਟੰਟ ਬੇਸ਼ੱਕ ਔਖੇ ਸਨ। ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਨੇ ਆਪਣੇ ਰਿਲੀਜ਼ ਦਾ ਇੱਕ ਸਾਲ ਪੂਰਾ ਕਰ ਲਿਆ ਹੈ। ਇਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ। ਇਸ ਵਿੱਚ ਸ਼ਿਲਪਾ ਨੇ ਪਹਿਲੀ ਮਹਿਲਾ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ। ਇੱਕ ਸਾਲ ਪਹਿਲਾਂ ਰਿਲੀਜ਼ ਹੋਈ ‘ਇੰਡੀਅਨ ਪੁਲੀਸ ਫੋਰਸ’ ਵਿੱਚ ਸ਼ਿਲਪਾ ਨੂੰ ਏਟੀਐੱਸ ਚੀਫ ਤਾਰਾ ਸ਼ੈੱਟੀ ਦੇ ਰੂਪ ’ਚ ਦਿਖਾਇਆ ਗਿਆ ਹੈ। ਅਦਾਕਾਰਾ ਨੇ ਕਿਹਾ ਕਿ ਸੀਰੀਜ਼ ਦੇ ਸਾਲ ਪੂਰਾ ਹੋਣ ਨਾਲ ਉਸ ਨੂੰ ਅਹਿਸਾਸ ਹੋਇਆ ਹੈ ਕਿ ਸਮਾਂ ਕਿੰਨੀ ਤੇਜ਼ੀ ਨਾਲ ਲੰਘਦਾ ਹੈ। ਉਸ ਨੇ ਕਿਹਾ ਕਿ ਜਿਵੇਂ ਇਹ ਅਜੇ ਕੱਲ੍ਹ ਦੀ ਹੀ ਗੱਲ ਹੋਵੇ ਅਤੇ ਉਸ ਨੂੰ ਕਿਰਦਾਰ ਨਿਭਾਉਣ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਏਟੀਐੱਸ ਮੁਖੀ ਦਾ ਕਿਰਦਾਰ ਨਿਭਾਉਣਾ ਉਸ ਲਈ ਮਾਣ ਵਾਲੀ ਗੱਲ ਸੀ। ਇਹ ਕੰਮ ਬੇਸ਼ੱਕ ਔਖਾ ਸੀ ਪਰ ਇਹ ਆਨੰਦ ਦੇਣ ਵਾਲਾ ਸੀ। ਉਸ ਨੇ ਕਿਹਾ ਕਿ ਰੋਹਿਤ ਦੇ ਨਿਰਦੇਸ਼ਨ ਵਾਲੀ ਇਸ ਸੀਰੀਜ਼ ਵਿੱਚ ਕੰਮ ਕਰਨਾ ਉਸ ਲਈ ਬੜਾ ਵਿਲੱਖਣ ਤਜਰਬਾ ਸੀ। -ਆਈਏਐੱਨਐੱਸ