For the best experience, open
https://m.punjabitribuneonline.com
on your mobile browser.
Advertisement

ਸ਼ਿਲਾਂਗ ਬੰਬ ਧਮਾਕਾ: ਜਾਣਕਾਰੀ ਦੇਣ ਵਾਲੇ ਲਈ ਲੱਖ ਰੁਪਏ ਇਨਾਮ ਐਲਾਨਿਆ

07:31 AM Mar 12, 2024 IST
ਸ਼ਿਲਾਂਗ ਬੰਬ ਧਮਾਕਾ  ਜਾਣਕਾਰੀ ਦੇਣ ਵਾਲੇ ਲਈ ਲੱਖ ਰੁਪਏ ਇਨਾਮ ਐਲਾਨਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਾਰਚ
ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਦੀ ਆਬਾਦੀ ਵਾਲੀ ਕਲੋਨੀ ਦੇ ਨੇੜੇ ਬੰਬ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਧਮਾਕਾ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬੰਬ ਧਮਾਕੇ ਕਾਰਨ ਸਿੱਖ ਭਾਈਚਾਰਾ ਚਿੰਤਤ ਹੈ ਅਤੇ ਵੱਡੀਆਂ ਸਿੱਖ ਸੰਸਥਾਵਾਂ ਵੱਲ ਸਹਿਯੋਗ ਲਈ ਦੇਖ ਰਿਹਾ ਹੈ।
ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਬੰਬ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੂੰ ਕੋਈ ਸੁਰਾਗ ਨਹੀਂ ਲੱਗਿਆ। ਕਾਲੋਨੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਹ ਉਸੇ ਦਹਿਸ਼ਤਗਰਦ ਜਥੇਬੰਦੀ ਦਾ ਕਾਰਾ ਹੈ ਜਿਸ ਵੱਲੋਂ ਸਿੱਖ ਭਾਈਚਾਰੇ ਨੂੰ ਇਹ ਰਿਹਾਇਸ਼ੀ ਕਲੋਨੀ ਖਾਲੀ ਕਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦ ਜਥੇਬੰਦੀ ਵੱਲੋਂ ਇਹ ਕਾਰਵਾਈ ਚਿਤਾਵਨੀ ਦੇ ਰੂਪ ਵਿੱਚ ਕੀਤੀ ਗਈ ਹੈ ਜਿਸ ਕਾਰਨ ਇੱਥੇ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਜਾਣੂ ਕਰਵਾ ਰਹੇ ਹਨ ਅਤੇ ਮਦਦ ਦੀ ਅਪੀਲ ਕਰਨਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਮਦਦ ਮੰਗੀ ਗਈ ਹੈ। ਇਸ ਦੌਰਾਨ ਸ਼ਿਲਾਂਗ ਪੁਲੀਸ ਦੇ ਸੁਪਰਡੈਂਟ ਰਿਤੂਰਾਜ ਰਵੀ ਨੇ ਧਮਾਕੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਪੁਲੀਸ ਅਧਿਕਾਰੀ ਨੇ ਆਖਿਆ ਕਿ ਇਹ ਬੰਬ ਧਮਾਕਾ 9 ਮਾਰਚ ਦੀ ਰਾਤ ਲਗਪਗ 10.30 ਵਜੇ ਹੋਇਆ ਸੀ ਅਤੇ ਧਮਾਕੇ ਲਈ ਆਈਈਡੀ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕਾਖੇਜ਼ ਸਮੱਗਰੀ ਨੂੰ ਟੀਨ ਦੇ ਇੱਕ ਖਾਲੀ ਢਾਂਚੇ ਵਿੱਚ ਰੱਖਿਆ ਗਿਆ ਸੀ ਅਤੇ ਸਿੰਡੀਕੇਟ ਬੱਸ ਸਟੈਂਡ ਪੰਜਾਬੀ ਲੇਨ ਨੇੜੇ ਧਮਾਕਾ ਕੀਤਾ ਗਿਆ।
ਧਮਾਕੇ ਕਾਰਨ ਕਈ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਆਦਿ ਟੁੱਟ ਗਏ ਅਤੇ ਲਖਣ ਸਿੰਘ ਨਾਂ ਦਾ ਇੱਕ ਵਿਅਕਤੀ ਜ਼ਖਮੀ ਹੋਇਆ। ਉਨ੍ਹਾਂ ਕਿਹਾ ਕਿ ਇਹ ਧਮਾਕਾ ਕਰਨ ਦੀ ਵਿਧੀ ਪਾਬੰਦੀਸ਼ੁਦਾ ਜਥੇਬੰਦੀ ਐੱਚਐੱਨਐੱਲਸੀ ਵੱਲੋਂ ਪਹਿਲਾਂ ਕੀਤੇ ਗਏ ਧਮਾਕਿਆਂ ਨਾਲ ਮਿਲਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×