ਸ਼ਿਖਰ ਧਵਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ
ਨਵੀਂ ਦਿੱਲੀ, 24 ਅਗਸਤ
ਭਾਰਤ ਦੇ ਦਿੱਗਜ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੋ ਸਾਲ ਪਹਿਲਾਂ ਦੇਸ਼ ਲਈ ਆਪਣਾ ਆਖਰੀ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਉਹ ਤਿੰਨਾਂ ਵੰਨਗੀਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਸੰਤੁਸ਼ਟ ਹੈ। 38 ਸਾਲਾ ਖਿਡਾਰੀ ਨੇ 2010 ਵਿੱਚ ਵਿਸ਼ਾਖਾਪਟਨਮ ਵਿੱਚ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਦੇਸ਼ ਲਈ ਆਖਰੀ ਮੈਚ 2022 ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ। ਉਸ ਨੇ ਭਾਰਤ ਲਈ 34 ਟੈਸਟ, 167 ਇੱਕ ਰੋਜ਼ਾ ਅਤੇ 68 ਟੀ-20 ਮੈਚ ਖੇਡੇ।
ਧਵਨ ਨੇ ‘ਐਕਸ’ ’ਤੇ ਲਿਖਿਆ, ‘‘ਮੈਂ ਆਪਣੇ ਕ੍ਰਿਕਟ ਸਫ਼ਰ ਦਾ ਇਹ ਅਧਿਆਏ ਬੰਦ ਕਰ ਰਿਹਾ ਹਾਂ। ਇਸ ਲੰਮੇ ਸਫ਼ਰ ਵਿੱਚ ਕਈ ਤਰ੍ਹਾਂ ਦੇ ਤਜਰਬੇ ਹੋਏ ਅਤੇ ਮੈਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਪਿਆਰ ਅਤੇ ਸਮਰਥਨ ਲਈ ਧੰਨਵਾਦ। ਜੈ ਹਿੰਦ।’’
ਇਸੇ ਤਰ੍ਹਾਂ ਉਸ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਅੱਜ ਮੈਂ ਅਜਿਹੇ ਮੋੜ ’ਤੇ ਖੜ੍ਹਾ ਹਾਂ, ਜਿੱਥੋਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਿਰਫ ਯਾਦਾਂ ਅਤੇ ਜਦੋਂ ਅੱਗੇ ਦੇਖਦੇ ਹਾਂ ਤਾਂ ਨਵੀਂ ਦੁਨੀਆ ਦਿਖਾਈ ਦਿੰਦੀ ਹੈ। ਭਾਰਤ ਲਈ ਖੇਡਣਾ ਮੇਰਾ ਇੱਕੋ-ਇੱਕ ਸੁਫਨਾ ਸੀ ਤੇ ਉਹ ਮੈਂ ਪੂਰਾ ਕਰ ਲਿਆ ਹੈ।’’ ਉਸ ਨੇ ਦਿੱਲੀ ਕ੍ਰਿਕਟ ਐਸੋਸੀਏਸ਼ਨ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।
ਉਸ ਨੇ ਕਿਹਾ, ‘‘ਕਹਾਣੀ ਵਿਚ ਅੱਗੇ ਵਧਣ ਲਈ ਪੰਨੇ ਪਲਟਣੇ ਬਹੁਤ ਜ਼ਰੂਰੀ ਹਨ, ਇਸ ਲਈ ਮੈਂ ਵੀ ਅਜਿਹਾ ਹੀ ਕਰਨ ਜਾ ਰਿਹਾ ਹਾਂ। ਮੈਂ ਕੌਮਾਂਤਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਕ੍ਰਿਕਟ ਨੂੰ ਅਲਵਿਦਾ ਕਹਿੰਦਿਆਂ ਮੇਰੇ ਦਿਲ ਵਿੱਚ ਸਕੂਨ ਹੈ ਕਿ ਮੈਂ ਦੇਸ਼ ਲਈ ਇੰਨਾ ਸਮਾਂ ਖੇਡਿਆ।’’
ਪਿਛਲੇ ਕੁਝ ਸਾਲਾਂ ਵਿੱਚ ਖਰਾਬ ਲੈਅ ਅਤੇ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਵਰਗੇ ਨੌਜਵਾਨ ਸਲਾਮੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਹ ਟੀਮ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਉਸ ਨੇ 50 ਓਵਰਾਂ ਦੇ ਫਾਰਮੈਟ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਸ ਨੇ 44.11 ਦੀ ਔਸਤ ਨਾਲ 6,793 ਦੌੜਾਂ ਬਣਾਈਆਂ। ਇਸ ਵਿੱਚ 17 ਸੈਂਕੜੇ ਅਤੇ 39 ਨੀਮ ਸੈਂਕੜੇ ਸ਼ਾਮਲ ਹਨ। ਟੈਸਟ ਕ੍ਰਿਕਟ ਵਿੱਚ 40.61 ਦੀ ਔਸਤ ਨਾਲ ਸੱਤ ਸੈਂਕੜਿਆਂ ਦੀ ਮਦਦ ਨਾਲ ਉਸ ਨੇ 2,315 ਦੌੜਾਂ ਬਣਾਈਆਂ। -ਪੀਟੀਆਈ
ਧਵਨ ਦੇ ਨਾਮ ਹੈ ਆਈਪੀਐੱਲ ਵਿੱਚ ਸਭ ਤੋਂ ਵੱਧ ਚੌਕੇ ਮਾਰਨ ਦਾ ਰਿਕਾਰਡ
ਧਵਨ ਨੂੰ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਦੇ ਮਹਾਨ ਖਿਡਾਰੀਆਂ ’ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲੀਗ ਵਿੱਚ ਉਸ ਨੇ 222 ਮੈਚਾਂ ’ਚ 6769 ਦੌੜਾਂ ਬਣਾਈਆਂ। ਇਸ ਵਿੱਚ ਦੋ ਸੈਂਕੜੇ ਅਤੇ 51 ਨੀਮ ਸੈਂਕੜੇ ਸ਼ਾਮਲ ਹਨ। ਸਭ ਤੋਂ ਵੱਧ 768 ਚੌਕਿਆਂ ਦਾ ਰਿਕਾਰਡ ਉਸੇ ਦੇ ਨਾਮ ਹੈ। ਉਹ ਹੈਦਰਾਬਾਦ, ਦਿੱਲੀ, ਮੁੰਬਈ ਅਤੇ ਪੰਜਾਬ ਦੀਆਂ ਫਰੈਂਚਾਇਜ਼ੀ ਟੀਮਾਂ ਲਈ ਖੇਡ ਚੁੱਕਾ ਹੈ। ਉਹ ਪਿਛਲੇ ਸੀਜ਼ਨ ’ਚ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਸੀ ਪਰ ਫਿਟਨੈੱਸ ਦੀ ਸਮੱਸਿਆ ਕਾਰਨ ਸਿਰਫ਼ ਪੰਜ ਮੈਚ ਹੀ ਖੇਡ ਸਕਿਆ ਸੀ।