ਸ਼ੇਰਪੁਰ: ਭੀੜੇ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਵਿਕਰੀ ਦਾ ਵਿਰੋਧ
ਬੀਰਬਲ ਰਿਸ਼ੀ
ਸ਼ੇਰਪੁਰ, 30 ਅਕਤੂਬਰ
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਅਤੇ ਹੋਰ ਸਮੱਗਰੀ ਲਈ ਭਾਵੇਂ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਸ਼ਹਿਰਾਂ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਈ ਥਾਂ ਨਿਰਧਾਰਤ ਕੀਤੀ ਹੋਈ ਹੈ ਪਰ ਅਗਾਊਂ ਮੰਗ ਪੱਤਰਾਂ ਦੇ ਬਾਵਜੂਦ ਸਬੰਧਤ ਅਧਿਕਾਰੀਆਂ ਦੀ ਚੁੱਪ ਵਿਰੁੱਧ ਕੁਦਰਤ ਮਾਨਵ ਕੇਂਦਰ ਲੋਕ ਲਹਿਰ ਨੇ ਅੱਜ ਸਬ-ਤਹਿਸੀਲ ਸ਼ੇਰਪੁਰ ਅਤੇ ਥਾਣਾ ਸ਼ੇਰਪੁਰ ਅੱਗੇ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ। ਸੰਸਥਾ ਦੇ ਕਨਵੀਨਰ ਸੰਦੀਪ ਸਿੰਘ ਗਰੇਵਾਲ, ਕਾਮਰੇਡ ਹਰਗੋਬਿੰਦ, ਗੁਰਮੁਖ ਸਿੰਘ ਸ਼ੇਰਪੁਰ, ਡਾਕਟਰ ਰਣਜੀਤ ਸਿੰਘ ਕਾਲਾਬੂਲਾ, ਅਮਰਜੀਤ ਸਿੰਘ ਜੱਸੀ, ਗੁਰਮੇਲ ਸਿੰਘ, ਮੇਘ, ਗੁਰਦੇਵ ਸਿੰਘ ਧਾਲੀਵਾਲ, ਬਹਾਦਰ ਸਿੰਘ ਚੌਧਰੀ, ਕੇਸਰ ਸਿੰਘ ਗਰੇਵਾਲ, ਕਰਮਿੰਦਰ ਸਿੰਘ ਲਾਲੀ, ਬਲਦੇਵ ਸਿੰਘ ਘਨੌਰੀ ਅਤੇ ਗਗਨਦੀਪ ਸਿੰਘ ਆਦਿ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਭੀੜ ਭੜੱਕੇ ਵਾਲੀ ਜਗ੍ਹਾ ’ਤੇ ਪਟਾਕੇ ਵਿਕ ਰਹੇ ਹਨ।
ਉਕਤ ਆਗੂਆਂ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਥਾਂ ਲੋਕਲ ਪ੍ਰਸ਼ਾਸਨ ਪਤਾ ਨਹੀਂ ਕਿਹੜੀਆਂ ਮਜਬੂਰੀ ਕਾਰਨ ਚੁੱਪ ਹੈ। ਨਾਇਬ ਤਹਿਸੀਲਦਾਰ ਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਜਦੋਂ ਕਿ ਐੱਸਡੀਐੱਮ ਧੂਰੀ ਫੋਨ ਨਹੀਂ ਚੁੱਕ ਰਹੇ।