ਸ਼ੈੱਲਰ ਮਾਲਕਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਅਕਤੂਬਰ
ਰਾਈਸ ਮਿੱਲਰਾਂ ਦੀ ਸੂਬਾ ਪੱਧਰੀ ਹੜਤਾਲ ਦੌਰਾਨ ਅੱਜ ਰਾਈਸ ਮਿੱਲਰਜ਼ ਐਸੋਸੀਏਸ਼ਨ ਭਵਾਨੀਗੜ੍ਹ ਦੀ ਅਗਵਾਈ ਹੇਠ ਸ਼ੈੱਲਰ ਮਾਲਕਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਫਰਮਾਨਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਸ਼ੈੱਲਰਾਂ ਦੀਆਂ ਚਾਬੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ।
ਇਸ ਮੌਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਆਗੂ ਨੇ ਕਿਹਾ ਕਿ ਸੂਬੇ ਭਰ ਵਿੱਚ ਸ਼ੈੱਲਰ ਇੰਡਸਟਰੀ ਵੱਲੋਂ ਝੋਨੇ ਤੋਂ ਚਾਵਲ ਬਣਾਉਣ ਮੌਕੇ ਫੋਰਟੀਫਾਈਡ ਚਾਵਲ ਮਿਕਸ ਕਰਨ ਦੀ ਸ਼ਰਤ ਪੂਰੀ ਕਰਨ ਦੇ ਬਾਵਜੂਦ ਸਰਕਾਰ ਨੇ ਪਿਛਲੇ ਸਾਲਾਂ ਦਾ ਲਗਭਗ ਇੱਕ ਹਜ਼ਾਰ ਦੇ ਕਰੀਬ ਚਾਵਲਾਂ ਦੇ ਸਟੈਕ ਰੱਦ ਕਰ ਦਿੱਤੇ ਜਦੋਂ ਕਿ ਇਸ ਵਿੱਚ ਸ਼ੈੱਲਰ ਇੰਡਸਟਰੀ ਦਾ ਕੋਈ ਦੋਸ਼ ਨਹੀਂ। ਫਿਰ ਵੀ ਇਸ ਵਿੱਚ ਸ਼ੈੱਲਰ ਇੰਡਸਟਰੀ ਨੂੰ ਨਿਸ਼ਾਨਾ ਬਣਾਉਣਾ ਧੱਕੇਸ਼ਾਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਬਾਰਦਾਨੇ ਦੀ ਵਰਤੋਂ ਚਾਰਜਿਜ਼ 7.32 ਪੈਸੇ ਤੋਂ ਘਟਾ ਕੇ 3.75 ਪੈਸੇ ਕਰ ਦਿੱਤਾ ਗਿਆ। ਸ਼ੈਲਰ ਮਾਲਕਾਂ ਨੇ ਕਿਹਾ ਕਿ ਅਜਿਹਾ ਫਰਮਾਨ ਜਾਰੀ ਕਰਦਿਆਂ ਸਰਕਾਰ ਨੇ ਪਹਿਲਾਂ ਹੀ ਅਨੇਕਾਂ ਮੁਸੀਬਤਾਂ ਨਾਲ ਜੂਝ ਰਹੀ ਸ਼ੈਲਰ ਇੰਡਸਟਰੀ ਦਾ ਲੱਕ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋੰ ਝੋਨੇ ਦੀ ਡਰਾਈ ਵੀ 1 ਫੀਸਦ ਤੋਂ ਘਟਾ ਕੇ ਅੱਧਾ ਫੀਸਦ ਕਰਨਾ ਕੇਂਦਰ ਦੀ ਮਨਮਰਜ਼ੀ ਦੀ ਵੱਡੀ ਮਿਸਾਲ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਉਕਤ ਮੰਗਾਂ ਸਮੇਤ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਕਦਮ ਨਹੀਂ ਚੁੱਕਦੀ ਸੂਬੇ ਭਰ ਵਿੱਚ ਸ਼ੈੱਲਰ ਮਾਲਕਾਂ ਦੀ ਹੜਤਾਲ ਜਾਰੀ ਰਹੇਗੀ।
ਸ਼ੈੱਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਸਰਕਾਰ: ਉਗਰਾਹਾਂ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਜੇਕਰ ਆਉਂਦੇ ਦਿਨਾਂ ’ਚ ਸ਼ੈੱਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਕੱਢਦੀ ਤਾਂ ਉਨ੍ਹਾਂ ਦੀ ਜਥੇਬੰਦੀ ਸੂਬੇ ’ਚ ਵੱਡਾ ਸੰਘਰਸ਼ ਦੀ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ। ਸ੍ਰੀ ਉਗਰਾਹਾਂ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਦੀ ਹੜਤਾਲ ਦਾ ਸਿੱਧਾ ਅਸਰ ਪੰਜਾਬ ਦੀ ਖੇਤੀ ’ਤੇ ਪੈ ਰਿਹਾ ਹੈ। ਉਨ੍ਹਾਂ ਦੀ ਹੜਤਾਲ ਕਾਰਨ ਦਾਣਾ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਦੂਜੇ ਪਾਸੇ ਮੀਂਹ ਕਾਰਨ ਝੋਨੇ ਦੀ ਕਟਾਈ ਨੇ ਜ਼ੋਰ ਫੜ ਲਿਆ ਹੈ ਅਤੇ ਮੰਡੀਆਂ ਵਿੱਚ ਖਾਲੀ ਥਾਂ ਦੀ ਲੋੜ ਹੈ। ਕਿਸਾਨ ਵੱਡੀ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚ ਲੈ ਕੇ ਆ ਰਹੇ ਹਨ। ਜੇਕਰ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਜਾਵੇਗਾ ਅਤੇ ਝੋਨੇ ਦੀ ਕੀਮਤ ਘਟ ਜਾਵੇਗੀ। ਇਸ ਦੀ ਕੀਮਤ ਕਿਸਾਨਾਂ ਨੂੰ ਚੁਕਾਉਣੀ ਪਵੇਗੀ। ਉਗਰਾਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸ਼ੈੱਲਰ ਸਨਅਤ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੀ ਯੂਨੀਅਨ ਸੂਬਾ ਪੱਧਰੀ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ। ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਨੂੰ ਕਿਸੇ ਵੀ ਕੀਮਤ ‘ਤੇ ਬਰਬਾਦ ਨਹੀਂ ਹੋਣ ਦਿੱਤਾ ਜਾ ਸਕਦਾ।
ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ
ਅਮਰਗੜ੍ਹ (ਰਾਜਿੰਦਰ ਜੈਦਕਾ): ਦਾਣਾ ਮੰਡੀ ਵਿੱਚ ਲਿਫਟਿਗ ਨਾ ਹੋਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਟੀਨਾ, ਤੀਰਥ ਸਿੰਘ, ਕਰਮਜੀਤ ਸਿੰਘ ਤੇ ਮੋਹਨ ਲਾਲ ਨੇ ਦੱਸਿਆ ਕਿ ਪਿਛਲੇ 2 ਹਫ਼ਤੇ ਤੋਂ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਇੱਕ ਲੱਖ ਦੇ ਕਰੀਬ ਬੋਰੀਆਂ ਪਈਆਂ ਹਨ। ਬਰਸਾਤ ਕਾਰਨ ਆੜ੍ਹਤੀਆਂ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਬੋਰੀਆਂ ਦੀਆਂ ਧਾਂਕਾਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦੋਂ ਕਿ ਖਰੀਦ ਏਜੰਸੀਆਂ ਨੇ ਝੋਨੇ ਦੀਆਂ ਬੋਰੀਆਂ ਦੀ ਚੁਕਵਾਈ 72 ਘੰਟੇ ਵਿਚ ਕਰਵਾਉਣੀ ਹੁੰਦੀ ਹੈ। ਪਨਗ੍ਰੇਨ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ,‘ਦੋ ਦਿਨ ਪਹਿਲਾਂ ਅਸੀ ਲਿਫ਼ਟਿੰਗ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਸ਼ੈੱਲਰ ਮਾਲਕਾਂ ਨੇ ਮਾਲ ਲੈਣ ਤੋਂ ਇਨਕਾਰ ਕਰ ਦਿੱਤਾ। ਪਨਸਪ ਇੰਸਪੈਕਟਰ ਸੰਜੀਵ ਕਮਾਰ ਤੇ ਵੇਅਰਹਾਊਸ ਇੰਸਪੈਕਟਰ ਅਮਿਤਇੰਦਰ ਸਿੰਘ ਦਾ ਕਹਿਣਾ ਹੈ ਕਿ ਹਰ ਰੋਜ਼ ਬੋਲੀ ਤਾਂ ਲਗਾਈ ਜਾਂਦੀ ਹੈ ਤੇ ਪੇਮੈਂਟ ਵੀ ਹਰ ਰੋਜ਼ ਪਾਈ ਜਾ ਰਹੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਕੁਮਾਰ ਜੱਗੀ ਦਾ ਕਹਿਣਾ ਹੈ ਕਿ ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਲਿਫ਼ਟਿੰਗ ਦਾ ਕੰਮ ਬੰਦ ਪਿਆ ਹੈ। ਪੇਮੈਂਟ ਸਮੇਂ ਸਿਰ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।