ਸ਼ੈਲਰ ਐਸੋਸੀਏਸ਼ਨ ਖਨੌਰੀ ਵੱਲੋਂ ਸਰਕਾਰੀ ਖਰੀਦ ਤੋਂ ਹੱਥ ਖੜ੍ਹੇ
ਹਰਜੀਤ ਸਿੰਘ
ਖਨੌਰੀ, 7 ਅਕਤੂਬਰ
ਸਥਾਨਕ ਸ਼ਹਿਰ ਦੇ ਰਾਈਸ ਮਿੱਲਰਾਂ ਦੀ ਮੀਟਿੰਗ ਅੱਜ ਗੋਪਾਲ ਰਾਈਸ ਮਿਲ ਵਿੱਚ ਹੋਈ ਜਿਸ ਵਿੱਚ ਸ਼ੈਲਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਅਤੇ ਸਰਕਾਰੀ ਜ਼ੀਰੀ ਦੀ ਖ਼ਰੀਦ ਦਾ ਬਾਈਕਾਟ ਕੀਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਗਰੇਜ਼ ਸਿੰਘ ਸਿੱਧੂ ਅਤੇ ਰਾਜਿੰਦਰ ਕੁਮਾਰ ਇੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਐਫਸੀਆਈ ਖਨੌਰੀ ਵਿੱਚ 0% ਸਪੇਸ ਹੋਣ ਕਰਕੇ ਕੋਈ ਵੀ ਮਿੱਲਰ ਸਰਕਾਰੀ ਜ਼ਾਰੀ ਆਪਣੇ ਸ਼ੈਲਰ ਵਿੱਚ ਸਟੋਰ ਨਹੀਂ ਕਰਾਉਣ ਚਾਹੁੰਦਾ ਅਤੇ ਕੋਈ ਵੀ ਮਿੱਲਰ ਪੋਰਟਲ ’ਤੇ ਆਪਣੇ ਡਾਕੂਮੈਂਟ ਅਪਲੋਡ ਨਹੀਂ ਕਰੇਗਾ। ਇਹ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਸਖ਼ਤੀ ਨਾਲ ਸ਼ਰਤ ਰੱਖੀ ਹੈ ਕਿ ਅਗਰ ਕੋਈ ਮਿੱਲਰ ਆਪਣੇ ਡਾਕੂਮੈਂਟ ਪੋਰਟਲ ’ਤੇ ਅਪਲੋਡ ਕਰਦਾ ਹੈ ਜਾਂ ਮਤੇ ਤੋਂ ਬਾਹਰ ਜਾਂਦਾ ਹੈ ਤਾਂ ਸਮੂਹ ਮਿੱਲਰ ਭਾਈਚਾਰਾ ਉਸਦਾ ਬਾਈਕਾਟ ਕਰੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮਿੱਲਰਾਂ ਨਾਲ ਧੱਕੇਸ਼ਾਹੀ ਕਰ ਕੇ ਅਲਾਟਮੈਂਟ ਕਰਦੀ ਹੈ ਤਾਂ ਕੋਈ ਵੀ ਮਿੱਲਰ ਜ਼ੀਰੀ ਸਟੋਰ ਨਹੀਂ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ੀਰੀ ਦੀ ਕਿਸਮ ਹਾਈਬ੍ਰਿਡ ਹੋਣ ਕਰਕੇ ਜੋ ਈਲਡ ਹੈ ਉਹ 62 ਕਿੱਲੋ ਹੈ ਅਤੇ ਸਰਕਾਰ 67 ਕਿੱਲੋ ਮੰਗਦੀ ਹੈ। ਉਨ੍ਹਾਂ ਡੀਸੀ ਸੰਗਰੂਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਚਾਵਲ ਦੀਆਂ ਸਪੈਸ਼ਲ ਵੀ ਖਨੌਰੀ ਤੋਂ ਜਾਖ਼ਲ ਭਰਾਈਆਂ ਜਾਣ ਕਿਉਂਕਿ ਖਨੌਰੀ ਤੋਂ ਨਰਵਾਣਾ ਜਾਣ ਵਾਲਾ ਰਸਤਾ ਕਿਸਾਨ ਅੰਦੋਲਨ ਕਾਰਨ ਬੰਦ ਹੈ ਜਿਸ ਕਾਰਨ ਵੀ ਮਿੱਲਰ ਜੀਰੀ ਲਗਵਾਉਣ ਵਿੱਚ ਅਸਮਰੱਥ ਹਨ।