ਕੌਮਾਂਤਰੀ ਫ਼ਿਲਮ ਮੇਲੇ ’ਚ ਜੱਜਾਂ ਦੇ ਪੈਨਲ ਦੇ ਮੁਖੀ ਹੋਣਗੇ ਸ਼ੇਖਰ ਕਪੂਰ
ਨਵੀਂ ਦਿੱਲੀ: ਉੱਘੇ ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਗੋਆ ਵਿੱਚ ਅਗਲੇ ਮਹੀਨੇ ਹੋਣ ਵਾਲੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) 2023 ਦੌਰਾਨ ਜੱਜਾਂ ਦੇ ਪੈਨਲ (ਜਿਊਰੀ) ਦੇ ਮੁਖੀ ਹੋਣਗੇ। ਪੰਜ ਮੈਂਬਰੀ ਜਿਊਰੀ ਵਿੱਚ ਸਿਨੇਮਾਟੋਗ੍ਰਾਫਰ ਜੋਸ ਲੁਈਸ ਅਲਕਾਈਨ, ਨਿਰਮਾਤਾ ਜੀਰੋਮ ਪੈਲਾਰਡ, ਕੈਥਰੀਨ ਦੁਸਾਰਟ ਅਤੇ ਹੈਲਨ ਲੀਕ ਵੀ ਸ਼ਾਮਲ ਹਨ। ਪ੍ਰੈੱਸ ਰਿਲੀਜ਼ ਅਨੁਸਾਰ ਇਹ ਪੈਨਲ ‘ਬੈਸਟ ਫ਼ਿਲਮ ਐਵਾਰਡ’ ਦੇ ਜੇਤੂ ਦੀ ਚੋਣ ਕਰੇਗਾ ਅਤੇ ਨਾਲ ਹੀ ‘ਗੋਲਡਨ ਪੀਕਾਕ’ ਐਵਾਰਡ ਲਈ ਡਾਇਰੈਕਟਰ ਅਤੇ ਨਿਰਮਾਤਾ ਨੂੰ ਵੀ ਮਨੋਨੀਤ ਕਰੇਗਾ ਜਿਨ੍ਹਾਂ ਨੂੰ ਇਨਾਮ ਵਜੋਂ ਚਾਲੀ ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। ਇਹ ਜਿਊਰੀ ਬੈਸਟ ਫ਼ਿਲਮ ਸਮੇਤ ਬੈਸਟ ਡਾਇਰੈਕਟਰ, ਬੈਸਟ ਅਦਾਕਾਰ, ਬੈਸਟ ਅਦਾਕਾਰਾ ਅਤੇ ਹੋਰ ਜੇਤੂਆਂ ਦੀ ਚੋਣ ਕਰੇਗੀ। ਕਪੂਰ ਨੂੰ ‘ਮਾਸੂਮ’ ਅਤੇ ‘ਮਿਸਟਰ ਇੰਡੀਆ’ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ। ਇਹ ਫਿਲਮ ਮੇਲਾ ਗੋਆ ਵਿੱਚ 20 ਤੋਂ 28 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਲਈ ਪ੍ਰਬੰਧਕਾਂ ਨੂੰ 105 ਦੇਸ਼ਾਂ ਤੋਂ 2926 ਅਰਜ਼ੀਆਂ (ਐਂਟਰੀਆਂ) ਪ੍ਰਾਪਤ ਹੋਈਆਂ ਹਨ। ਪਿਛਲੇ ਸਾਲ, ਇਹ ਫ਼ਿਲਮ ਮੇਲਾ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਿਆ ਸੀ ਜਦੋਂ ਇੰਟਰੈਨਸ਼ਨਲ ਕੰਪੀਟੀਸ਼ਨ ਜਿਊਰੀ ਦੇ ਮੁਖੀ ਨਾਦਵ ਲਾਪਿਡ ਨੇ ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਆਲੋਚਨਾ ਕੀਤੀ ਸੀ। -ਪੀਟੀਆਈ