ਸ਼ੇਖ ਹਸੀਨਾ ਨੂੰ ਅਦਾਲਤੀ ਹੱਤਕ ਮਾਮਲੇ ’ਚ ਛੇ ਮਹੀਨੇ ਜੇਲ੍ਹ ਦੀ ਸਜ਼ਾ
07:41 PM Jul 02, 2025 IST
Advertisement
ਢਾਕਾ, 2 ਜੁਲਾਈ
ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (72) ਨੂੰ ਅਦਾਲਤੀ ਹੱਤਕ ਮਾਮਲੇ ’ਚ ਅੱਜ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
‘ਡੇਅਲੀ ਸਟਾਰ’ ਅਖ਼ਬਾਰ ਦੀ ਖ਼ਬਰ ਅਨੁਸਾਰ ਜਸਟਿਸ ਮੁਹੰਮਦ ਗੁਲਾਮ ਮੁਰਤਜ਼ਾ ਮਜੂਮਦਾਰ ਦੀ ਅਗਵਾਈ ਹੇਠਲੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ-1 ਦੇ ਤਿੰਨ ਮੈਂਬਰੀ ਬੈਂਚ ਨੇ ਅਹੁਦੇ ਤੋਂ ਹਟਾਈ ਅਵਾਮੀ ਲੀਗ ਦੀ ਆਗੂ ਨਾਲ ਸਬੰਧਤ ਲੀਕ ਹੋਈ ਫੋਨ ’ਤੇ ਗੱਲਬਾਤ ਦੇ ਅੰਸ਼ ਦੀ ਸਮੀਖਿਆ ਤੋਂ ਬਾਅਦ ਇਹ ਹੁਕਮ ਪਾਸ ਕੀਤਾ।
ਫੋਨ ’ਤੇ ਗੱਲਬਾਤ ਦੇ ਅੰਸ਼ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਏ ਸਨ। ਪਿਛਲੇ ਸਾਲ ਅਗਸਤ ’ਚ ਅਹੁਦਾ ਛੱਡਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸ਼ੇਖ ਹਸੀਨਾ ਨੂੰ ਕਿਸੇ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ।
ਆਡੀਓ ਕਲਿੱਪ ਵਿੱਚ ਹਸੀਨਾ ਨੂੰ ਗੋਵਿੰਦਗੰਜ ਉਪ ਜ਼ਿਲ੍ਹਾ ਦੇ ਸਾਬਕਾ ਪ੍ਰਧਾਨ ਤੇ ਪਾਬੰਦੀਸ਼ੁਦਾ ਬੰਗਲਾਦੇਸ਼ ਵਿਦਿਆਰਥੀ ਲੀਗ (ਬੀਸੀਐੱਲ) ਦੇ ਆਗੂ ਸ਼ਕੀਲ ਅਕੰਦ ਬੁਲਬੁਲ ਨੂੰ ਕਥਿਤ ਤੌਰ ’ਤੇ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘ਮੇਰੇ ਖ਼ਿਲਾਫ਼ 227 ਕੇਸ ਦਰਜ ਹਨ, ਇਸ ਲਈ ਮੈਨੂੰ 227 ਲੋਕਾਂ ਨੂੰ ਮਾਰਨ ਦਾ ਲਾਇਸੈਂਸ ਮਿਲ ਗਿਆ ਹੈ।’ ਟ੍ਰਿਬਿਊਨਲ ਨੇ ਬਿਆਨ ਨੂੰ ਹੱਤਕ ਭਰਿਆ ਤੇ ਅਦਾਲਤ ਨੂੰ ਕਮਜ਼ੋਰ ਕਰਨ ਦੀ ਸਿੱਧੀ ਕੋਸ਼ਿਸ਼ ਮੰਨਿਆ ਹੈ। -ਪੀਟੀਆਈ
Advertisement
Advertisement