ਸੱਚ, ਸੁਹਜ ਤੇ ਮਾਨਵੀ ਹਿੱਤਾਂ ਨਾਲ ਲਬਰੇਜ਼ ਸ਼ਾਇਰੀ
ਹਰਿਭਜਨ ਸਿੰਘ ਭਾਟੀਆ
ਪੰਜਾਬੀ ਅਦਬੀ ਹਲਕਿਆਂ ਵਿੱਚ ਦਰਸ਼ਨ ਬੁਲੰਦਵੀ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਕਵਿਤਾ, ਵਾਰਤਕ ਅਤੇ ਕਹਾਣੀ ਆਦਿ ਕਈ ਖੇਤਰਾਂ ਵਿੱਚ ਕਲਮ ਅਜ਼ਮਾਈ ਕੀਤੀ ਹੈ, ਪਰ ਉਸ ਦੀ ਪੱਕੀ ਪੀਡੀ ਅਤੇ ਗੂੜ੍ਹੀ ਮਿੱਤਰਤਾ ਸ਼ਾਇਰੀ ਨਾਲ ਹੀ ਰਹੀ ਹੈ। ਕਵਿਤਾ ਵਿੱਚ ਵੀ ਅੱਗੋਂ ਉਸ ਗੀਤ, ਗ਼ਜ਼ਲ ਅਤੇ ਖੁੱਲ੍ਹੀ ਨਜ਼ਮ ਲਿਖੀ ਹੈ, ਪਰ ਇੱਥੇ ਵੀ ਖੁੱਲ੍ਹੀ ਨਜ਼ਮ ਨੂੰ ਉਸ ਆਪਣੇ ਅਨੁਭਵ ਦੇ ਪ੍ਰਗਟਾਵੇ ਲਈ ਹਮੇਸ਼ਾ ਤਰਜੀਹ ਦਿੱਤੀ ਹੈ। ਉਸ ਦਾ ਅਦਬੀ ਸਫ਼ਰ ਅੱਧੀ ਸਦੀ ਪਾਰ ਕਰ ਚੁੱਕਾ ਹੈ। ਇਸ ਸਫ਼ਰ ਦੌਰਾਨ ਉਸ ਨੇ ਸ਼ਾਇਰੀ ਦੇ ਖੇਤਰ ਵਿੱਚ ਜੋ ਘਾਲਣਾ ਘਾਲੀ ਹੈ, ਉਸ ਵਿੱਚੋਂ ਚੋਣਵੀਆਂ ਕਵਿਤਾਵਾਂ ਨੂੰ ਖ਼ੁਦ ਹੀ ‘ਕਦੇ-ਕਦਾਈਂ’ (592 ਪੰਨਿਆਂ ਵਿੱਚ ਫੈਲਿਆ ਵੱਡਾਕਾਰੀ ਗ੍ਰੰਥ) ਵਿੱਚ ਸਾਂਭ ਲਿਆ ਹੈ। ਅਦਬੀ ਦੁੁਨੀਆ ਦੇ ਦਾਨਿਸ਼ਵਰ ਸਮੁੱਚੇ ਪੰਜਾਬੀ ਅਦਬ ਨੂੰ ਤਿੰਨ ਕੋਟੀਆਂ (ਪਰਵਾਸੀ, ਭਾਰਤੀ ਅਤੇ ਪਾਕਿਸਤਾਨੀ) ਵਿੱਚ ਵੰਡੀਜ ਕੇ ਉਸ ਦੀ ਪਰਖ ਜੋਖ ਕਰਦੇ ਹਨ। ਦਰਸ਼ਨ ਬੁਲੰਦਵੀ ਨੂੰ ਉਹ ਪਰਵਾਸੀ ਅਤੇ ਉਸ ਤੋਂ ਅਗਾਂਹ ਬਰਤਾਨਵੀ ਸਾਹਿਤ ਦੀ ਸ਼੍ਰੇਣੀ ਵਿੱਚ ਰੱਖ ਕੇ ਉਸ ਦੀ ਪਰਖ ਜੋਖ ਕਰਦੇ ਹਨ। ਉਸ ਨੂੰ ਇਹ ਕੋਟੀਆਂ ਅਤੇ ਸ਼੍ਰੇਣੀਆਂ ਅਸਲੋਂ ਨਾਪਸੰਦ ਹਨ। ਉਹ ਆਪਣੇ ਰਚੇ ਸਾਹਿਤ ਨੂੰ ਮੁੱਖ ਧਾਰਾ ਵਿੱਚ ਰੱਖ ਕੇ ਵਾਚਣ ਅਤੇ ਉਸ ਦੀ ਸੰਤੁਲਿਤ ਜਾਂਚ-ਪਰਖ ਦਾ ਹਾਮੀ ਹੈ। ਉਸ ਦਾ ਅਦਬੀ ਸਫ਼ਰ ਇਕਸਾਰ ਅਤੇ ਨਿਰੰਤਰ ਹਰਕਤ ਵਿੱਚ ਰਿਹਾ ਹੈ। ਜ਼ਮਾਨੇ ਦੀ ਗਰਦਸ਼ ਨਾਲ ਦਿਸਦੇ ਧਰਾਤਲ ਉਪਰ ਉਸ ਦੀ ਸ਼ਾਇਰੀ ਦੇ ਸਰੋਕਾਰ ਬੇਸ਼ੱਕ ਬਦਲਦੇ ਰਹੇ ਹਨ, ਪਰ ਗਹਿਨ ਧਰਾਤਲ ਉਪਰ ਉਸ ਦੇ ਸਾਹਿਤ ਨੇ ਮਾਨਵੀ ਮੁੱਲਾਂ ਤੇ ਸਰੋਕਾਰਾਂ ਨਾਲ ਆਪਣਾ ਗਹਿਰਾ ਰਿਸ਼ਤਾ ਬਰਕਰਾਰ ਰੱਖਿਆ ਹੈ। ਉਸ ਦੀ ਸ਼ਾਇਰੀ ਨਾ ਅੰਬਰੀਂ ਉਡਾਰੀਆਂ ਲਾਉਂਦੀ ਹੈ ਅਤੇ ਨਾ ਵਲਵਲਿਆਂ ਦੇ ਦੇਸ਼ ਵਿੱਚ ਵਿਚਰਦੀ ਹੈ। ਇਸ ਦਾ ਸਿੱਧਾ ਸਿੱਧਾ ਰਿਸ਼ਤਾ ਆਮ ਬੰਦੇ, ਉਸ ਦੇ ਦੁੱਖ ਤਕਲੀਫ਼ਾਂ ਤੇ ਪੀੜਾਂ, ਉਸ ਦੇ ਅਧੂਰੇ ਸੁਪਨਿਆਂ ਦੀ ਅੱਕਾਸੀ ਅਤੇ ਧਰਤੀ ਨਾਲ ਜੁੜਿਆ ਹੋਇਆ ਹੈ। ਧਰਤੀ ਤੇ ਮਿੱਟੀ ਦੇ ਆਸ-ਪਾਸ ਵਿਚਰਣ ਵਾਲਾ ਇਹ ਸ਼ਾਇਰ ਰਹੱਸ ਤੇ ਰੁਮਾਂਸ ਦੀਆਂ ਪਰਤਾਂ ਹੇਠ ਛੁਪੇ ਸੱਚ ਦੀ ਤਲਾਸ਼ ਵਿੱਚ ਰਹਿੰਦਾ ਹੈ। ਉਸ ਦੀ ਸ਼ਾਇਰੀ ਖ਼ੂਬ ਤੋਂ ਖ਼ੂਬਤਰ ਦੀ ਤਲਾਸ਼ ਵਿੱਚ ਵਿਚਰਦੀ ਹੈ। ਜੀਵਨ ਤੇ ਰਿਸ਼ਤਿਆਂ ਦੀ ਟੁੱਟ-ਭੱਜ ਰਾਹੀਂ ਕਿਸੇ ਸਦੀਵੀ ਸੱਚ ਤੱਕ ਅੱਪੜਣਾ ਇਸ ਸ਼ਾਇਰੀ ਵਿਚਲੇ ਸੁਹਜ ਤੇ ਸੰਵੇਦਨਾ ਦਾ ਹਿੱਸਾ ਹੈ। ਜਜ਼ਬੇ ਰੱਤੀ ਭਾਸ਼ਾ, ਨਵੇਂ, ਸੱਜਰੇ ਤੇ ਮੌਲਿਕ ਬਿੰਬਾਂ ਦੇ ਜ਼ਰੀਏ ਪਾਠਕ ਨੂੰ ਮਾਨਵ ਹਿਤੈਸ਼ੀ ਮਨੋਰਥ ਨਾਲ ਜੋੜਨਾ ਉਸ ਦੇ ਸਮੁੱਚੇ ਕਾਵਿ ਉੱਦਮ ਦਾ ਹਿੱਸਾ ਹੈ।
‘ਕਦੇ-ਕਦਾਈਂ’ ਪੁਸਤਕ ਵਿੱਚ ਦਰਸ਼ਨ ਬੁਲੰਦਵੀ ਨੇ ਆਪਣੀ ਚੋਣਵੀ ਅਤੇ ਪ੍ਰਤੀਨਿਧ ਰਚਨਾ ਨੂੰ ਸ਼ਾਮਿਲ ਕੀਤਾ ਹੈ। ਇਸ ਪੁਸਤਕ ਵਿੱਚ ਉਸ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ‘ਸਮੁੰਦਰ ਨਾਲ ਗੱਲਾਂ’, ‘ਧੁੱਪ ’ਚ ਜਗਦਾ ਦੀਵਾ’, ‘ਕਿਰਦੀ ਮਿੱਟੀ’, ‘ਮਹਿਕਾਂ ਦਾ ਸਿਰਨਾਵਾਂ’, ‘ਚਾਨਣ ਦੇ ਪਰਛਾਵੇਂ’ ਅਤੇ ‘ਪਾਰ ਦੇ ਸਫ਼ਰ’ ਵਿੱਚੋਂ ਨਜ਼ਮਾਂ ਦੀ ਚੋਣ ਕੀਤੀ ਹੈ। ਇਸ ਵੱਡਾਕਾਰੀ ਗ੍ਰੰਥ ਨੂੰ ਉਸ ਦੀ ਹੁਣ ਤੱਕ ਰਚੀ ਸ਼ਾਇਰੀ ਦਾ ਪ੍ਰਤੀਨਿਧ ਨਮੂਨਾ ਮੰਨਿਆ ਜਾ ਸਕਦਾ ਹੈ। ਸੱਤ ਦਹਾਕੇ ਤੋਂ ਉਪਰ ਆਯੂ ਹੰਢਾਅ ਚੁੱਕੇ ਦਰਸ਼ਨ ਬੁਲੰਦਵੀ (3 ਮਈ 1951) ਦਾ ਜਨਮ ਸ. ਬਚਨ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ। ਉਸ ਦਾ ਮੁੱਢਲਾ ਜੀਵਨ ਮਹਿਮੂਵਾਲ ਮਾਹਲਾਂ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਦੇ ਇਰਦ-ਗਿਰਦ ਗੁਜ਼ਰਿਆ। ਬਾਲ ਵਰੇਸ ਵਿੱਚ ਹੀ ਉਹ ਅਦਬੀ ਗਤੀਵਿਧੀਆਂ ਨਾਲ ਜੁੜ ਗਿਆ ਸੀ। ਕਾਲਜ ਤੱਕ ਅੱਪੜਦਿਆਂ ਉਸ ਗੀਤ ਲਿਖਣੇ ਅਤੇ ਨਾਟਕੀ ਗਤੀਵਿਧੀਆਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਅਤੇ ਸਥਾਨ ਦੀ ਅਦਬੀ ਫ਼ਿਜ਼ਾ ਵਿੱਚ ਇਨਕਲਾਬੀ ਤੇ ਵਿਦਰੋਹੀ ਸੁਰ ਚੋਖੀ ਰਚੀ-ਮਿਚੀ ਹੋਈ ਸੀ। ਪਾਸ਼, ਅਮਰਜੀਤ ਚੰਦਨ, ਸੁਖਵਿੰਦਰ ਕੰਬੋਜ, ਪ੍ਰੋ. ਹਰਭਜਨ ਸਿੰਘ, ਵਰਿੰਦਰ ਪਰਿਹਾਰ ਅਤੇ ਫਤਹਿਜੀਤ ਉਸੇ ਅਦਬੀ ਫ਼ਿਜ਼ਾ ਦਾ ਹਿੱਸਾ ਸਨ। ਗੁਰੂ ਨਾਨਕ ਕਾਲਜ, ਨਕੋਦਰ (ਦਰਸ਼ਨ ਬੁਲੰਦਵੀ ਜਿੱਥੋਂ ਦਾ ਵਿਦਿਆਰਥੀ ਸੀ) ਵਿੱਚ ਤੇ ਨਕੋਦਰ ਸ਼ਹਿਰ ਵਿੱਚ ਲਗਾਤਾਰ ਰਚਾਏ ਜਾਂਦੇ ਅਦਬੀ ਸਮਾਗਮਾਂ ਵਿੱਚ ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਵਰਿਆਮ ਸੰਧੂ ਅਤੇ ਹੋਰ ਤਰੱਕੀਪਸੰਦ ਸ਼ਾਇਰ ਅਕਸਰ ਸ਼ਿਰਕਤ ਕਰਦੇ ਰਹਿੰਦੇ ਸਨ। ਦਰਸ਼ਨ ਬੁਲੰਦਵੀ ਇਸੇ ਅਦਬੀ ਮਾਹੌਲ ਵਿੱਚ ਹੀ ਪੜ੍ਹਿਆ ਤੇ ਜਵਾਨ ਹੋਇਆ। ਇੱਥੇ ਹੀ ਉਸ ਵਿਦਰੋਹੀ ਸੁਰ ਵਾਲੇ ਗੀਤ ਲਿਖਣੇ ਸ਼ੁਰੂ ਕੀਤੇ। ਇਸੇ ਜ਼ਮਾਨੇ ਵਿੱਚ ਹੀ ਉਸ ਦੀ ਪਲੇਠੀ ਪੁਸਤਕ ‘ਲਕੀਰਾਂ ਵਾਹੁੰਦੀ ਪੀੜ’ (1973) ਪ੍ਰਕਾਸ਼ਿਤ ਹੋਈ। ਦੱਬੀ ਕੁਚਲੀ, ਪੀੜਤ ਤੇ ਮਿਹਨਤੀ ਧਿਰ ਦੀ ਪੀੜਾ ਨੂੰ ਮਹਿਸੂਸਣਾ ਅਤੇ ਹਲਕੇ-ਫੁਲਕੇ ਗੀਤਾਂ ਵਿੱਚ ਢਾਲਣਾ ਉਸ ਇਸੇ ਜ਼ਮਾਨੇ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਉਸ ਦੀ ਮੁੱਢਲੇ ਦੌਰ ਦੀ ਸ਼ਾਇਰੀ ਬੇਸ਼ੱਕ ਪ੍ਰਮਾਣਕ ਸ਼ਾਇਰੀ ਦੇ ਪੈਮਾਨਿਆਂ ਦੇ ਮੇਚ ਨਾ ਵੀ ਆਉਂਦੀ ਹੋਵੇ, ਪਰ ਉਸ ਵਿਚਲੇ ਜਜ਼ਬਾਤ, ਵੇਦਨਾ, ਮਾਸੂਮੀਅਤ ਅਤੇ ਲੋਟੂ ਜਮਾਤ ਨਾਲ ਨਫ਼ਰਤ ਜ਼ਰੂਰ ਖਿੱਚ ਪਾਉਂਦੀ ਸੀ। ਅੱਠਵੇਂ ਦਹਾਕੇ ਦੇ ਅੱਧ ਵਿੱਚ ਉਹ ਗ੍ਰੀਕ ਮਰਚੈਂਟ ਨੇਵੀ ਵਿੱਚ ਨੌਕਰੀ ਕਰਨ ਲੱਗਾ। ਰੋਟੀ ਤੇ ਰੁਜ਼ਗਾਰ ਦੇ ਮਸਲਿਆਂ ਨੂੰ ਨਜਿੱਠਦਿਆਂ ਵੀ ਉਸ ਕਲਮ ਨਾਲ ਦੋਸਤੀ ਨਹੀਂ ਤੋੜੀ। ਇੱਥੋਂ ਹੀ ਉਹ ਬਰਤਾਨੀਆ ਪਹੁੰਚਿਆ ਜਿੱਥੇ ਪੂਰੀ ਤਰ੍ਹਾਂ ਪੈਰ ਟਿਕਾਉਂਦਿਆਂ, ਮਿਹਨਤ ਮੁਸ਼ੱਕਤ ਕਰਦਿਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਸ ਨੂੰ ਦੋ ਦਹਾਕੇ ਲੱਗ ਗਏ। ਇਸੇ ਅਰਸੇ ਦੌਰਾਨ ਹੀ ਪ੍ਰਗਤੀਵਾਦੀ ਲਿਖਾਰੀ ਸਭਾ ਸਾਊਥਹੈਂਪਟਨ ਦਾ ਜਨਰਲ ਸਕੱਤਰ ਅਤੇ ਅਦਾਰਾ ਸ਼ਬਦ ਦਾ ਜਨਰਲ ਸਕੱਤਰ ਰਿਹਾ। ਰੋਜ਼ਮੱਰਾ ਦੇ ਮਸਲਿਆਂ ਨੂੰ ਨਜਿੱਠਦਿਆਂ ਉਸ ਆਪਣੇ ਅਦਬੀ ਸਰੋਕਾਰਾਂ ਪ੍ਰਤੀ ਬੇਧਿਆਨੀ ਨਹੀਂ ਵਰਤੀ। ਅਦਬੀ ਮਿੱਤਰਾਂ ਅਤੇ ਵਾਤਾਵਰਣ ਨੂੰ ਸਿਰਜਣਾ ਅਤੇ ਉਸ ਵਿਚ ਵਿਚਰਨਾ ਉਸ ਦਾ ਮਨਭਾਉਂਦਾ ਸ਼ੌਕ ਵੀ ਹੈ ਅਤੇ ਉਸ ਦੀ ਪ੍ਰਤੀਬੱਧਤਾ ਦਾ ਹਿੱਸਾ ਵੀ। ਉਸ ਦੇ ਇਸੇ ਸ਼ੌਕ ਅਤੇ ਪ੍ਰਤੀਬੱਧਤਾ ਵਿੱਚੋਂ ਹੀ ਉਸ ਦੀਆਂ ਮੁੱਲਵਾਨ ਕਾਵਿ ਰਚਨਾਵਾਂ ‘ਪਾਰ ਦੇ ਸਫ਼ਰ’ (1985), ‘ਸਮੁੰਦਰ ਨਾਲ ਗੱਲਾਂ’ (1990), ‘ਧੁੱਪ ’ਚ ਜਗਦਾ ਦੀਵਾ’ (2003), ‘ਕਿਰਦੀ ਮਿੱਟੀ’ (2009), ‘ਮਹਿਕਾਂ ਦਾ ਸਿਰਨਾਵਾਂ’ (2018) ਅਤੇ ‘ਚਾਨਣ ਦੇ ਪਰਛਾਵੇਂ’ (2022) ਦਾ ਜਨਮ ਹੋਇਆ ਹੈ। ਉਸ ਦੇ ਸਫ਼ਰਨਾਮੇ ‘ਪਰ ਤੋਲਦਿਆਂ’ (2011) ਅਤੇ ਨਬਿੰਧ ਸੰਗ੍ਰਹਿ ‘ਡਾਇਰੀ ਦੇ ਜ਼ਖ਼ਮੀ ਪੰਨੇ’ (2021) ਨੇ ਵੀ ਉਸ ਦੀ ਅਦਬੀ ਜਗਤ ਵਿੱਚ ਨਿਰੰਤਰ ਹਾਜ਼ਰ ਰਹਿਣ ਦੀ ਖ਼ਬਰ ਦਿੱਤੀ ਹੈ। ਵਿਸ਼ੇ ਤੇ ਸਰੋਕਾਰਾਂ ਦੀ ਭਿੰਨਤਾ, ਅੰਦਾਜ਼ ਦੀ ਵੰਨ-ਸੁਵੰਨਤਾ, ਰੂਪ ਅਤੇ ਵਿਧਾ ਦੀ ਵੱਖਰਤਾ ਦੇ ਬਾਵਜੂਦ ਦਰਸ਼ਨ ਬੁਲੰਦਵੀ ਦਾ ਸਮੁੱਚਾ ਸਾਹਿਤ ਤਰੱਕੀਪਸੰਦ ਤੇ ਮਾਨਵ ਹਿਤੈਸ਼ੀ ਨਜ਼ਰੀਏ ਕਰਕੇ ਸਾਂਝ ਦੇ ਸੂਤਰ ਵਿੱਚ ਪਰੁੱਚਿਆ ਹੋਇਆ ਹੈ। ਮਾਨਵੀ ਜਾਂ ਲੋਕ ਹਿੱਤ ਇਸ ਸਮੁੱਚੀ ਸ਼ਾਇਰੀ ਦਾ ਪਛਾਣ ਚਿੰਨ੍ਹ ਹੈ।
‘ਕਦੇ-ਕਦਾਈਂ’ ਪੁਸਤਕ ਵਿੱਚ ਦਰਸ਼ਨ ਬੁਲੰਦਵੀ ਨੇ ਆਪਣੀਆਂ ਅੱਧੀ ਦਰਜਨ ਪੁਸਤਕਾਂ ਵਿੱਚੋਂ ਨਜ਼ਮਾਂ ਦੀ ਚੋਣ ਕਰਕੇ ਇਸ ਪੁਸਤਕ ਨੂੰ ਰੂਪ ਤੇ ਆਕਾਰ ਪ੍ਰਦਾਨ ਕੀਤਾ ਹੈ। ਨਿਰਸੰਦੇਹ, ਉਸ ਦੀ ਸ਼ਾਇਰੀ ਵਿੱਚੋਂ ਭੂਹੇਰਵਾ, ਨਸਲੀ ਵਿਤਕਰਾ, ਪੀੜ੍ਹੀ ਪਾੜਾ ਅਤੇ ਸਭਿਆਚਾਰਕ ਤਣਾਓ ਵਰਗੇ ਸਰੋਕਾਰਾਂ ਨਾਲ ਸਬੰਧਿਤ ਨਜ਼ਮਾਂ ਮੌਜੂਦ ਹਨ। ਪਰ ਇਹ ਸ਼ਾਇਰੀ ਮਹਿਜ਼ ਇਨ੍ਹਾਂ ਸਰੋਕਾਰਾਂ ਦੇ ਇਰਦ-ਗਿਰਦ ਹੀ ਨਹੀਂ ਘੁੰਮਦੀ, ਇਨ੍ਹਾਂ ਤੋਂ ਪਾਰ ਫੈਲਦੀ ਹੈ। ਸ਼ਾਇਦ ਇਸੇ ਲਈ ਉਹ ਇਸ ਨੂੰ ਬਿਨਾਂ ਕੋਈ ਰਿਆਇਤ ਮੰਗੇ, ਮੁੱਖ ਧਾਰਾ ਵਿੱਚ ਸ਼ਾਮਲ ਕਰ ਕੇ ਇਸ ਵਿਚਲੇ ਅਦਬੀ ਗੁਣਾਂ ਦੀ ਪਛਾਣ ਲੋੜਦਾ ਹੈ। ਵਿਦਰੋਹੀ ਸੁਰ ਵਾਲੇ ਗੀਤਾਂ ਤੋਂ ਸ਼ੁਰੂ ਹੋਇਆ ਉਸ ਦੀ ਸ਼ਾਇਰੀ ਦਾ ਸਫ਼ਰ ਪੰਜ ਵਰ੍ਹੇ ਸਮੁੰਦਰ ਵਿੱਚ ਰਹਿਣ ਅਤੇ ਮੁੜ ਤਮਾਮ ਉਮਰ ਸਮੁੰਦਰ ਦੇ ਆਸ-ਪਾਸ ਜਾਂ ਨੇੜੇ-ਨੇੜੇ ਵਿਚਰਨ ਕਰਕੇ ਨਵੀਂ ਤੇ ਮੌਲਿਕ ਕਰਵਟ ਲੈਂਦਾ ਹੈ। ਸਮੁੰਦਰ ਦੇ ਆਸ-ਪਾਸ ਵਿਚਰਦਿਆਂ ਉਹ ਕਦੇ ਸਮੁੰਦਰ ਦੇ ਕਿਨਾਰੇ ਬੈਠ ਕਵਿਤਾਵਾਂ ਰਚਦਾ ਹੈ, ਕਦੇ ਉਹ ਇਸ ਨਾਲ ਗੱਲਾਂ ਕਰਦਾ ਹੈ, ਕਦੇ ਪੱਥਰ ਉਹਦਾ ਧਿਆਨ ਖਿੱਚਦੇ ਹਨ, ਕਦੇ ਦਿਲ ਅੰਦਰਲੇ ਤੇ ਬਾਹਰਲੇ ਤੂਫ਼ਾਨਾਂ ਨੂੰ ਇੱਕ ਦੂਜੇ ਦੇ ਰੂ-ਬ-ਰੂ ਕਰਦਾ ਹੈ ਅਤੇ ਕਦੇ ਸਮੁੰਦਰ ਕਿਨਾਰੇ ਖੜ੍ਹਾ ਉਹ ਆਸਮਾਨ ਨਾਲ ਬਾਤਾਂ ਪਾਉਂਦਾ ਹੈ। ਇੰਝ ਇਸ ਪੜਾਅ ਉਪਰ ਇਹ ਸ਼ਾਇਰੀ ਸਮੁੰਦਰ ਨੂੰ ਸਮਰਪਿਤ ਹੋ ਉਸ ਨੂੰ ਅਹਿਸਾਸਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਾ, ਇਸ ਰਾਹੀਂ ਵੱਖਰਾ ਤੇ ਅਨੂਠਾ ਸਕੂਨ ਤਲਾਸ਼ ਕਰਦੀ ਹੈ। ਇਸ ਵਿੱਚੋਂ ਅਨੂਠਾ ਸਕੂਨ ਭਾਲਦਾ ਉਹ ਕਿਧਰੇ ਇਸ ਨੂੰ ਇਨਸਾਨੀ ਜੱਦੋਜਹਿਦ ਦੇ ਪ੍ਰਤੀਕ ਵਜੋਂ ਵਰਤਦਾ ਹੈ ਅਤੇ ਕਿਧਰੇ ਇਸ ਵਿਚਲੀ ਅਨੰਤ ਵਿਸ਼ਾਲਤਾ ਉਸ ਲਈ ਅਨੰਤ ਤੇ ਅਮੁੱਕ ਊਰਜਾ ਦਾ ਸੋਮਾ ਹੋ ਨਬਿੜਦੀ ਹੈ। ਇਸ ਪੁਸਤਕ ਵਿਚਲੀਆਂ ਸਮੁੰਦਰ ਨਾਲ ਗੱਲਾਂ ਦੇ ਸਿਰਲੇਖ ਹੇਠ ਦਰਜ ਨਜ਼ਮਾਂ ਉਸ ਦੀ ਸ਼ਾਇਰੀ ਦਾ ਮੂਲ ਪ੍ਰੇਰਨਾ ਸਰੋਤ ਬਣੇ ਸਮੁੰਦਰ ਦੇ ਇਰਦ-ਗਿਰਦ ਹੀ ਘੁੰਮਦੀਆਂ ਹਨ। ਕੁਝ ਨਮੂਨੇ:
• ਪਾਣੀ ਦੀਏ ਲਹਿਰੇ ਜ਼ਰਾ ਪੋਲੇ ਪੋਲੇ ਆ ਨੀਂ
ਤੇਰੇ ਵਿੱਚ ਭਿੱਜਣੇ ਦਾ ਮੈਨੂੰ ਬੜਾ ਚਾਅ ਨੀਂ।
• ਸਮੁੰਦਰ!
ਅਸੀਂ ਇੱਕ ਦੂਜੇ ਦੀ ਮੰਜ਼ਿਲ ਹਾਂ
ਪਰ ਮਨ ਦਾ ਕੋਈ ਅਟਕਾ ਨਹੀਂ....
ਸਿੱਧ ਪੱਧਰੀ ਜ਼ਿੰਦਗੀ ਲਈ
ਰਹਿ ਰਹਿ ਕੇ ਤਰਸ ਰਹੇ ਹਾਂ
ਸਰਲ ਸੰਖੇਪ ਚਾਹੁੰਦੇ
ਪੇਚੀਦਗੀ ’ਚ ਹੰਢ ਰਹੇ ਹਾਂ।
‘ਧੁੱਪ ’ਚ ਜਗਦਾ ਦੀਵਾ’ ਤੱਕ ਅੱਪੜ ਕੇ ਉਸ ਦੀ ਸ਼ਾਇਰੀ ਮੁੜ ਨਵੇਂ ਸਰੋਕਾਰਾਂ ਨਾਲ ਜੁੜਦੀ ਹੈ। ਸ਼ਾਇਰੀ ਦੀ ਨਿਰੰਤਰ ਮਸ਼ਕ ਉਸ ਨੂੰ ਜਜ਼ਬਾਤ ਦੇ ਪ੍ਰਗਟਾਵੇ ਦੀਆਂ ਮਹੀਨ ਅਟਕਲਾਂ ਦੀ ਜਾਚ ਦੱਸਦੀ ਹੈ। ਉਹ ਸਿੱਧੇ-ਸਪਾਟ ਵਰਣਨ ਦੀ ਥਾਵੇਂ ਭਾਵ ਪ੍ਰਗਟਾਵੇ ਲਈ ਗੁੱਝੇ, ਅਸਿੱਧੇ ਢੰਗ ਤਰੀਕਿਆਂ ਤੇ ਪ੍ਰਤੀਕਮਈ ਜੁਗਤਾਂ ਨੂੰ ਇਸਤੇਮਾਲ ਕਰਦਾ ਹੈ। ਸੁਪਨੇ ਤੇ ਹਕੀਕਤ ਵਿਚਾਲੇ ਲਟਕਦੀ ‘ਮੈਂ’ ਕਦੇ ਪਿਛਾਂਹ ਯਾਨੀ ਮਾਜ਼ੀ ਵੱਲ ਝਾਕਦੀ ਹੈ ਅਤੇ ਕਦੇ ਵਸਤਪਲ ਜਾਂ ਖਪਤ ਸੰਸਕ੍ਰਿਤੀ ਨਾਲ ਆਹਢਾ ਲਾਉਂਦੀ ਹੈ। ਇਸ ਬਿੰਦੂ ਉਪਰ ਉਹ ਇਸ ‘ਖੰਡਿਤ ਸਥਿਤੀ ਦੇ ਪ੍ਰਗਟਾਵੇ ਲਈ’ ਨਿਪੱਤਰੇ ਰੁੱਖ ਦੇ ਪ੍ਰਤੀਕ ਦਾ ਸਹਾਰਾ ਲੈਂਦਾ ਹੈ। ਇਸ ਸੰਗ੍ਰਹਿ ਵਿੱਚੋਂ ਭੂਹੇਰਵੇ, ਪੀੜ੍ਹੀ ਪਾੜੇ ਅਤੇ ਸਭਿਆਚਾਰਕ ਤਣਾਅ ਨੂੰ ਜ਼ੁਬਾਨ ਦਿੰਦੀਆਂ ਨਜ਼ਮਾਂ ਨੂੰ ਸਹਿਜੇ ਹੀ ਤਲਾਸ਼ਿਆ ਜਾ ਸਕਦਾ ਹੈ। ਡਾ. ਦੇਵਿੰਦਰ ਕੌਰ ਦੀ ਧਾਰਨਾ ਮੁਤਾਬਿਕ ‘‘ਦੇਸ ਅਤੇ ਪ੍ਰਦੇਸ ਜਾਂ ਵਾਸ ਅਤੇ ਪਰਵਾਸ ਦੇ ਅੰਤਰ ਵਿਰੋਧ ਨੂੰ ਦਰਸ਼ਨ ਬੁਲੰਦਵੀ ਨੇ ਬਹੁਤ ਖ਼ੂਬਸੂਰਤ ਪ੍ਰਤੀਕਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ।’’ ਬੇਸ਼ੱਕ ਇਸ ਰਚਨਾ ਵਿੱਚੋਂ ਪਰਵਾਸੀ ਪੰਜਾਬੀ ਸਾਹਿਤ ਦੇ ਮਹੱਤਵਪੂਰਨ ਸੂਤਰਾਂ ਨੂੰ ਪਛਾਣਿਆ ਜਾ ਸਕਦਾ ਹੈ, ਪਰ ਇਹ ਸਿਰਫ਼ ਇਨ੍ਹਾਂ ਸਰੋਕਾਰਾਂ ਦੀ ਪੇਸ਼ਕਾਰੀ ਤੱਕ ਸੀਮਤ ਨਹੀਂ। ਆਪਣੀ ਪ੍ਰਤੀਬੱਧਤਾ ਦੀ ਪੈੜ ਉਪਰ ਤੁਰਦੀ ਇਹ ਸ਼ਾਇਰੀ ਪੂੰਜੀਵਾਦੀ ਪ੍ਰਬੰਧ ਵਿੱਚ ਕਿਰਤੀ-ਕਾਮਾ ਸ਼੍ਰੇਣੀ ਦੀ ਤ੍ਰਾਸਦਿਕ ਸਥਿਤੀ ਨੂੰ ਹਮਦਰਦੀ ਤੇ ਮਾਨਵੀ ਸੰਵੇਦਨਾ ਸਹਿਤ ਉਜਾਗਰ ਕਰਦੀ ਹੈ। ਲੋਟੂ ਦਾ ਵਿਰੋਧ ਤੇ ਲੁੱਟੇ ਜਾ ਰਹੇ ਨਾਲ ਹਮਦਰਦੀ, ਦੱਬੀ-ਕੁਚਲੀ ਤੇ ਨਿਤਾਣੀ ਧਿਰ ਦੀ ਵਕਾਲਤ, ਧਾਰਮਿਕ ਅੰਧ-ਵਿਸ਼ਵਾਸਾਂ ਪ੍ਰਤੀ ਖੰਡਨਕਾਰੀ ਰੁਚੀ, ਧਾਰਮਿਕ ਅੰਧਕਾਰਵਾਦ ਤੇ ਸਭਿਆਚਾਰਕ ਪਛੜੇਵੇਂ ਦੇ ਮਜ਼ਬੂਤ ਦਾਇਰਿਆਂ ਵਿੱਚੋਂ ਬਾਹਰ ਨਿਕਲਣ ਦੀ ਪ੍ਰੇਰਨਾ ਅਤੇ ਗ਼ੁਲਾਮ ਮਾਨਸਿਕਤਾ ਤੇ ਸੰਸਕਾਰਾਂ ਤੋਂ ਸੁਰਖਰੂ ਹੋਣ ਦਾ ਮਸ਼ਵਰਾ ਆਦਿ ਕੁੱਲ ਉਹ ਪੱਖ ਹਨ ਜਿਹੜੇ ਉਸ ਦੀ ਸ਼ਾਇਰੀ ਵਿਚਲੇ ਪ੍ਰਗਤੀਵਾਦੀ ਮੁਹਾਂਦਰੇ ਨੂੰ ਉਘਾੜਦੇ ਹਨ। ਇਸ ਪੜਾਅ ਤੱਕ ਉਸ ਦੀ ਸ਼ਾਇਰੀ ਪਿੰਡ, ਪਰਵਾਸ, ਬੀਤੇ ਵਰਤਾਰਿਆਂ, ਅਜੋਕੇ ਜੀਵਨ ਦੀਆਂ ਜਟਿਲਤਾਵਾਂ ਅਤੇ ਉਸ ਦੇ ਭਾਗਾਂ ਵਿਭਾਗਾਂ ਨੂੰ ‘ਚਿਤਰਣ ਦੇ ਨਾਲ ਨਾਲ ਅਜੋਕੇ ਆਲਮੀ ਪ੍ਰਸੰਗ ਵਿੱਚ ਬੰਦੇ ਨੂੰ ਦਰਪੇਸ਼ ਚੁਣੌਤੀਆਂ ਦੀ ਪਛਾਣ ਵੱਲ ਵੀ ਰਜੂਅ ਕਰਦੀ ਹੈ। ਵਿਰੋਧ-ਜੁੱਟ, ਪ੍ਰਸ਼ਨ-ਮੂਲਕ ਵਿਧੀ, ਨਾਟਕੀ ਸੰਵਾਦ, ਬਿੰਬਾਵਲੀ, ਸੱਜਰੇ ਪ੍ਰਤੀਕ ਤੇ ਉਪਮਾਵਾਂ ਇਸ ਦੇ ਕਾਵਿਕ-ਵਜੂਦ ਦਾ ਹਿੱਸਾ ਬਣੇ ਦਿਖਾਈ ਦਿੰਦੇ ਹਨ। ਉੱਚੀ ਸੁਰ ਵਿੱਚ ਕੁਝ ਕਹਿਣ, ਆਖਣ ਤੇ ਦਿਖਾਉਣ ਨਾਲੋਂ ਧੀਮੀ ਸੁਰ ਵਿੱਚ ‘ਪੇਸ਼ ਕਰਨ’ ਵਿੱਚ ਇਸ ਦਾ ਕਾਵਿਕ ਸੁਹਜ ਛੁਪਿਆ ਨਜ਼ਰੀਂ ਆਉਂਦਾ ਹੈ।
‘ਕਿਰਦੀ ਮਿੱਟੀ’ ਵਿਚਲੀ ਸ਼ਾਇਰੀ ਆਲਮੀ ਪ੍ਰਬੰਧ ਵਿੱਚ ਅੱਜ ਦੇ ਬੰਦੇ ਨੂੰ ਪੇਸ਼ ਮਸਲਿਆਂ ਤੇ ਚੁਣੌਤੀਆਂ ਦੇ ਕਰੀਬ ਅੱਪੜ ਜਾਂਦੀ ਹੈ। ਪੂੰਜੀਵਾਦੀ ਵਰਤਾਰਿਆਂ ਦੀ ਦਿਸਦੀ ਚਮਕ-ਦਮਕ ਹੇਠ ਛੁਪੀ ਸੰਵੇਦਨਹੀਣਤਾ ਨੂੰ ਉਹ ਸੰਤੁਲਿਤ ਜ਼ਾਵੀਏ ਨਾਲ ਪ੍ਰਗਟਾਉਂਦਾ ਹੈ। ਉਹ ਆਪਣੀ ਮਿੱਟੀ ਤੇ ਭੋਇੰ ਨਾਲ ਮੋਹ-ਰੱਤਾ ਰਿਸ਼ਤਾ ਰੱਖਣ ਦੇ ਬਾਵਜੂਦ ਇਸ ਵਿਚਲੀਆਂ ਗ਼ਲਤ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਲਗਾਤਾਰ ਰੱਦਦਾ ਜਾਂਦਾ ਹੈ। ਇੰਝ ਉਹ ਵਿਰਾਸਤ ਜਾਂ ਪਰਵਾਸ ਪ੍ਰਤੀ ਫੋਕੀ ਭਾਵੁਕਤਾ ਤੋਂ ਮੁਕਤ ਹੋ ਕੇ ਅਜਿਹਾ ਸੰਤੁਲਿਤ ਰਵੱਈਆ ਅਪਣਾਉਂਦਾ ਹੈ ਜਿਸ ਦਾ ਸਬੰਧ ਨਿਰੋਲ ਮਾਨਵੀ ਸਰੋਕਾਰਾਂ ਨਾਲ ਹੈ। ਉਸ ਦਾ ਸਾਫ਼-ਸ਼ਫ਼ਾਫ਼ ਮਾਨਵੀ ਨਜ਼ਰੀਆ ਰੱਦਣਯੋਗ ਅਤੇ ਕਬੂਲਣਯੋਗ ਜੀਵਨ-ਕੀਮਤਾਂ ਦੀ ਸੋਝੀ ਕਰਵਾਉਂਦਾ ਹੈ। ਖਪਤ ਸਭਿਆਚਾਰ ਤੇ ਇੰਦਰੇ ਉਕਸਾਊ ਦੇਹੀ ਮਸਲਿਆਂ ਨੂੰ ਰੱਦ ਕਰਦੀ ਹੋਈ ਇਹ ਸ਼ਾਇਰੀ ਅਜੋਕੇ ਮਾਨਵ ਅੰਦਰਲੀ ਲਤੀਫ਼ ਬਿਰਤੀ ਤੇ ਸੂਖ਼ਮ ਸੁਰਤੀ ਨੂੰ ਵੀ ਜ਼ੁਬਾਨ ਦਿੰਦੀ ਹੈ। ‘ਮਹਿਕਾਂ ਦਾ ਸਿਰਨਾਵਾਂ’ ਵਿਚਲੀ ਪ੍ਰਥਮ ਨਜ਼ਮ ‘ਕਵਿਤਾ ਦੇ ਰੂ-ਬ-ਰੂ’ ਵਿੱਚੋਂ ਉਸ ਦੀ ਸ਼ਾਇਰੀ ਦੇ ਅਜਿਹੇ ਸੂਖ਼ਮ ਤੇ ਕੋਮਲ ਅਹਿਸਾਸਾਂ ਨਾਲ ਜੁੜਨ ਦੀ ਟੋਹ ਹਾਸਲ ਹੋ ਜਾਂਦੀ ਹੈ। ਉਸ ਲਿਖਿਆ ਹੈ:
ਹੇ ਕਵਿਤਾ
ਅੱਜ ਫੇਰ ਮੈਂ ਤੇਰੇ ਰੂ-ਬ-ਰੂ ਹਾਂ...
ਕਿ ਤੂੰ ਹਾਸ਼ੀਏ ਤੋਂ ਬਾਹਰ
ਅਸੀਮ ਦਾ ਸਫ਼ਰ ਹੋਵੇਂ
ਕਿ ਤੂੰ ਗੁਆਚੇ ਪਲਾਂ ਦਾ
ਸਾਕਾਰ ਹੋਇਆ ਰੂਪ ਹੋਵੇਂ...
ਅਸਲੀਅਤ ਇਹ ਹੈ ਕਿ ਇਸ ਸ਼ਾਇਰੀ ਨੂੰ ਬਣੇ-ਬਣਾਏ ਰਾਹ ਅਤੇ ਘੜੇ ਘੜਾਏ ਰਸਤੇ ਅਸਲੋਂ ਨਾਪਸੰਦ ਹਨ। ਉਸ ‘ਚਾਨਣ ਦੇ ਪ੍ਰਛਾਵੇਂ’ ਵਿੱਚ ਲਿਖਿਆ ਹੈ ਕਿ ‘ਮੈਂ ਲੱਗੀ ਲਗਾਈ ਪੌੜੀ ਨਹੀਂ ਚੜ੍ਹਦਾ/ ਮੈਂ ਆਪਣੀ ਪੌੜੀ ਆਪ ਲਾਉਂਦਾ ਹਾਂ’। ਇਸ ਪੁਸਤਕ ਵਿਚਲੀਆਂ ਨਜ਼ਮਾਂ ਅਜੋਕੇ ਮਾਨਵ ਦੇ ਅੰਦਰਲੇ, ਕੌਮੀ ਅਤੇ ਕੌਮਾਂਤਰੀ ਮਸਲਿਆਂ ਨੂੰ ਆਪਣੇ ਘੇਰੇ ਵਿੱਚ ਲਿਆਉਂਦੀਆਂ ਹਨ। ਅਜੋਕੇ ਭਾਰਤੀ ਸਮਾਜ ਵਿਚਲੀ ਵੰਡਾਂ, ਵਿੱਥਾਂ, ਵਿਤਕਰਿਆਂ ਅਤੇ ਨਫ਼ਰਤ ਫੈਲਾਉਣ ਵਾਲੀ ਸਿਆਸਤ ਇਸ ਸ਼ਾਇਰੀ ਨੂੰ ਬੇਜ਼ਾਰ ਕਰਦੀ ਨਜ਼ਰ ਆਉਂਦੀ ਹੈ। ਜੇਕਰ ਵਰਤਮਾਨ ਭਾਰਤੀ ਸਿਆਸਤ, ਭਾਰਤੀ ਸਮਾਜ ਦੇ ਸੁਲਗ਼ਦੇ ਮਸਲਿਆਂ, ਗੰਭੀਰ ਸਵਾਲਾਂ ਅਤੇ ਦਰਪੇਸ਼ ਚੁਣੌਤੀਆਂ ਨਾਲ ਸਾਂਝ ਪਾਉਣੀ ਹੋਵੇ ਤਾਂ ਇਸ ਕਾਵਿ ਸੰਗ੍ਰਹਿ ਵਿਚਲੀਆਂ ਨਜ਼ਮਾਂ ਨਾਲ ਨੇੜਲਾ ਨਾਤਾ ਸਥਾਪਿਤ ਕਰਨ ਦੀ ਜ਼ਰੂਰਤ ਹੈ। ਦਰਸ਼ਨ ਬੁਲੰਦਵੀ ਕੋਈ ਭਾਵੁਕ, ਰੁਮਾਂਟਿਕ ਜਾਂ ਰਹੱਸਵਾਦੀ ਕਿਸਮ ਦਾ ਸ਼ਾਇਰ ਨਹੀਂ ਸਗੋਂ ਇਸ ਧਰਤੀ, ਮਨੁੱਖ ਅਤੇ ਕੁਦਰਤ ਨਾਲ ਜੁੜਿਆ ਚੇਤੰਨ ਤੇ ਸਜੱਗ ਕਲਾਕਾਰ ਹੈ। ਉਹ ਮਸਲਿਆਂ ਨੂੰ ਪਹਿਲਾਂ ਖ਼ੁਦ ਸਮਝਦਾ ਤੇ ਫਿਰ ਸਿਰਜਦਾ ਹੈ। ਕਿਸਾਨ ਅੰਦੋਲਨ ਸਬੰਧੀ ਲਿਖੀਆਂ ਉਸ ਦੀਆਂ ਨਜ਼ਮਾਂ ਚੋਖੀਆਂ ਸਾਰਥਕ ਤੇ ਮੁੱਲਵਾਨ ਹਨ। ‘ਕਦੇ ਕਦਾਈਂ’ ਕਾਵਿ-ਗ੍ਰੰਥ ਵਿਚਲੀ ਸਮੁੱਚੀ ਸ਼ਾਇਰੀ ਨੂੰ ਕਿਸੇ ਇੱਕ ਖਾਨੇ, ਡੱਬੇ ਜਾਂ ਸਰੋਕਾਰ ਨਾਲ ਜੋੜ ਕੇ ਨਹੀਂ ਸਮਝਿਆ ਜਾ ਸਕਦਾ। ਇਸ ਸ਼ਾਇਰੀ ਦਾ ਰਿਸ਼ਤਾ ਮਨੁੱਖ ਦੇ ਅੰਦਰਲੇ, ਉਸ ਦੀ ਨਿਰੰਤਰ ਜੱਦੋਜਹਿਦ ਅਤੇ ਸਦੀਵੀ ਸੱਚ ਨਾਲ ਹੈ। ਇਹ ਪੜ੍ਹਨ ਅਤੇ ਸਮਝਣਯੋਗ ਸ਼ਾਇਰੀ ਹੈ।
ਸੰਪਰਕ: 98557-19118