ਸ਼ਵਿੰਦਰ ਸਿੱਧੂ ਨੇ ਵਿਸ਼ਵ ਪੁਲੀਸ ਖੇਡਾਂ ’ਚ ਜੜੇ ਸੋਨ ਮੁੱਕੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਅਗਸਤ
ਮੁੱਕੇਬਾਜ਼ੀ ’ਚ ਵਿਸ਼ਵ ਪੱਧਰੀ ਨਾਮਣਾ ਖੱਟਣ ਵਾਲੇ ਨੇੜਲੇ ਪਿੰਡ ਚਕਰ ਦਾ ਨਾਂ ਇਕ ਵਾਰ ਸੁਰਖੀਆਂ ’ਚ ਹੈ ਕਿਉਂਕਿ ਇਸ ਪਿੰਡ ਦੀ ਮੁੱਕੇਬਾਜ਼ ਸ਼ਵਿੰਦਰ ਕੌਰ ਸਿੱਧੂ ਨੇ ਕੈਨੇਡਾ ’ਚ ਅੱਜ ਖ਼ਤਮ ਹੋਈਆਂ ਵਿਸ਼ਵ ਪੁਲੀਸ ਖੇਡਾਂ ’ਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪੰਜਾਬ ਸਪੋਰਟਸ ਅਕੈਡਮੀ ਵਲੋਂ ਜਸਕਿਰਨਪ੍ਰੀਤ ਸਿੱਧੂ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਸ਼ਵਿੰਦਰ ਕੌਰ ਚਕਰ ਦੀ ਪਹਿਲੀ ਮੁੱਕੇਬਾਜ਼ ਲੜਕੀ ਹੈ, ਜਿਸ ਨੇ ਸਾਲ 2022 ਦੇ ਨਵੰਬਰ ’ਚ ‘ਆਲ ਇੰਡੀਆ ਪੁਲੀਸ ਗੇਮਜ਼’ ’ਚ ਸੋਨੇ ਦਾ ਤਗ਼ਮਾ ਜਿੱਤਿਆ ਸੀ ਜਿਸ ਆਧਾਰ ’ਤੇ ਉਸ ਦੀ ਵਿਸ਼ਵ ਪੁਲੀਸ ਖੇਡਾਂ ’ਚ ਹਿੱਸਾ ਲੈਣ ਲਈ ਚੋਣ ਹੋਈ। ਵਿਨੀਪੈੱਗ (ਕੈਨੇਡਾ) ’ਚ 28 ਜੁਲਾਈ ਤੋਂ 6 ਅਗਸਤ ਤੱਕ ਹੋਈਆਂ ਵਰਲਡ ਪੁਲੀਸ ਐਂਡ ਫਾਇਰ ਗੇਮਜ਼-2023 ਵਿੱਚੋਂ ਸੋਨੇ ਦਾ ਤਗ਼ਮਾ ਜਿੱਤ ਕੇ ਪੰਜਾਬ ਪੁਲੀਸ ਅਤੇ ਚਕਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਰਪੰਚ ਬੂਟਾ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਅਤੇ ਰਛਪਾਲ ਸਿੰਘ ਸਿੱਧੂ ਨੇ ਕਿਹਾ ਸ਼ਵਿੰਦਰ ਕੌਰ ਦੇ ਚਕਰ ਪਰਤਣ ਉਪਰੰਤ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ। ਸ਼ਵਿੰਦਰ ਕੌਰ ਦੀ ਇਸ ਪ੍ਰਾਪਤੀ ਨਾਲ ਸਮੁੱਚੇ ਚਕਰ ਨਗਰ, ਗ੍ਰਾਮ ਪੰਚਾਇਤ ਚਕਰ, ਵੇਲਜ਼ ਕਬੱਡੀ ਕਲੱਬ, ਕਬੱਡੀ ਅਤੇ ਵਾਲੀਬਾਲ ਖਿਡਾਰੀਆਂ, ਪੰਜਾਬ ਫਾਊਂਡੇਸ਼ਨ ਨਾਲ ਜੁੜੇ ਖਿਡਾਰੀਆਂ ਅਤੇ ਪ੍ਰਬੰਧਕਾਂ ਸਮੇਰ ਪਰਵਾਸੀ ਪੰਜਾਬੀ ਵੀਰਾਂ ਵਲੋਂ ਸ਼ਵਿੰਦਰ ਕੌਰ ਰੋਜ਼ੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਚਕਰ ਵਾਸੀਆਂ ਨੇ ਸ਼ਵਿੰਦਰ ਕੌਰ ਨੂੰ ਇਨ੍ਹਾਂ ਵੱਡੇ ਪੱਧਰ ਦੀਆਂ ਖੇਡਾਂ ’ਚ ਹਿੱਸਾ ਲੈਣ ਦਾ ਮੌਕਾ ਦੇਣ ਲਈ ਪੰਜਾਬ ਪੁਲੀਸ ਦਾ ਵੀ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਚਕਰ ਪਰਵਾਸੀ ਪੰਜਾਬੀਆਂ ਦੀ ਮਾਲੀ ਮਦਦ ਅਤੇ ਦੂਰਅੰਦੇਸ਼ੀ ਸੋਚ ਸਦਕਾ ਨਮੂਨੇ ਦਾ ਪਿੰਡ ਬਣਨ ਕਰਕੇ ਦੁਨੀਆਂ ਦੇ ਨਕਸ਼ੇ ’ਤੇ ਉੱਭਰਿਆ ਸੀ। ਇਥੋਂ ਦੀਆਂ ਝੀਲਾਂ ਸਮੇਤ ਹੋਰ ਲਾਮਿਸਾਲ ਕੰਮ ਦੇਖਣ ਲਈ ਲੋਕ ਤੇ ਅਧਿਕਾਰੀ ਦੂਰੋਂ ਦੂਰੋਂ ਆਉਂਦੇ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਮੁੱਕੇਬਾਜ਼ੀ ਅਤੇ ਹੋਰਨਾਂ ਖੇਡਾਂ ’ਚ ਵੀ ਇਸ ਪਿੰਡ ਨੇ ਆਲਮੀ ਪੱਧਰ ’ਤੇ ਨਾਮਣਾ ਖੱਟਿਆ ਹੈ।