ਡਾ. ਮਨਮੋਹਨ ਸਿੰਘ ਦੇ ਦੇਹਾਂਤ ਸਬੰਧੀ ਸੋਗ ਨਾ ਪ੍ਰਗਟਾਉਣ ’ਤੇ ਸ਼ਰੀਫ਼ ਭਰਾਵਾਂ ਦੀ ਆਲੋਚਨਾ
ਲਾਹੌਰ, 30 ਦਸੰਬਰ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਸੋਗ ਨਾ ਪ੍ਰਗਟਾਉਣ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਫੈਸਲੇ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਲਹਿੰਦੇ ਪੰਜਾਬ ਦੇ ਚੱਕਵਾਲ ਜ਼ਿਲ੍ਹੇ ਦੇ ਗਾਹ ਪਿੰਡ ਵਿੱਚ ਜਨਮੇ ਡਾ. ਮਨਮੋਹਨ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ’ਤੇ ਆਲਮੀ ਆਗੂਆਂ ਵੱਲੋਂ ਸੋਗ ਸੰਦੇਸ਼ ਭੇਜੇ ਗਏ ਹਨ ਪਰ ਨਾ ਤਾਂ ਸ਼ਾਹਬਾਜ਼ ਸ਼ਰੀਫ਼ ਤੇ ਨਾ ਹੀ ਉਨ੍ਹਾਂ ਦੇ ਵੱਡੇ ਭਰਾ ਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੇ ਕੋਈ ਸ਼ਬਦ ਬੋਲਿਆ ਹੈ। ਇਸ ਤੋਂ ਉਲਟ ਸ਼ਾਹਬਾਜ਼ ਸ਼ਰੀਫ਼ ਤੇ ਪਾਕਿਸਤਾਨ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੇ ਦੇਹਾਂਤ ’ਤੇ ਸੋਗ ਪ੍ਰਗਟਾਉਣ ’ਚ ਕੋਈ ਦੇਰ ਨਹੀਂ ਕੀਤੀ।
ਵਿਲਸਨ ਸੈਂਟਰ ਸਾਊਥ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਹੁਣ ਜ਼ਿਆਦਾ ਕੁੱਝ ਦਾਅ ’ਤੇ ਲਾਉਣ ਨੂੰ ਨਹੀਂ ਬਚਿਆ ਕਿਉਂਕਿ ਸ਼ਰੀਫਾਂ ਭਰਾਵਾਂ ਨੂੰ ਜਾਪਦਾ ਹੈ ਕਿ ਉਹ ਮੋਦੀ ਨੂੰ ਨਾਰਾਜ਼ ਕਰਨਗੇ ਤਾਂ ਕੁੱਝ ਗੁਆ ਸਕਦੇ ਹਨ?’’ ਪਾਕਿਸਤਾਨੀ ਲੇਖਿਕਾ ਤੇ ਫੌਜੀ ਮਾਮਲਿਆਂ ਦੀ ਮਾਹਿਰ ਆਇਸ਼ਾ ਸਿੱਦੀਕਾ ਨੇ ਤਨਜ਼ ਕੱਸਦਿਆਂ ਕਿਹਾ,‘‘ਜਾਪਦਾ ਹੈ ਕਿ ਉਹ (ਸ਼ਰੀਫ ਭਰਾ) ਮੋਦੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।’’ ਪਾਕਿਸਤਾਨੀ ਪੱਤਰਕਾਰ ਅਮਾਰਾ ਅਹਿਮਦ ਨੇ ਕਿਹਾ, “ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।’’ -ਪੀਟੀਆਈ