ਪੰਜਾਬ ’ਚ ਸਾਲ 2030 ਤੱਕ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ 30 ਫੀਸਦ ਤੱਕ ਵਧਾਈ ਜਾਵੇਗੀ: ਅਮਨ ਅਰੋੜਾ
ਚੰਡੀਗੜ੍ਹ, 13 ਅਕਤੂਬਰ
ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ 'ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ' ਵਿਸ਼ੇ ’ਤੇ ਕਰਵਾਈ ਇੱਕ ਰੋਜ਼ਾ ਕਾਨਫਰੰਸ-ਕਮ-ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸ ਦਾ ਉਦੇਸ਼ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਨਾਲ ਸਬੰਧਤ ਉਦਯੋਗਾਂ ਅਤੇ ਐੱਮਐੱਸਐੱਮਈਜ਼ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਕਰਨਾ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਜ਼ਨ ਡਾਕੂਮੈਂਟ 2030 ਰਣਨੀਤੀ ਤਹਿਤ ਸੂਬੇ ਵੱਲੋਂ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਸਾਲ 2030 ਤੱਕ ਮੌਜੂਦਾ 15 ਫੀਸਦ ਤੋਂ 30 ਫੀਸਦ ਤੱਕ ਵਧਾਉਣ ਲਈ ਸਰਗਰਮੀ ਨਾਲ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਇਸ ਵਿਜ਼ਨ ਤਹਿਤ ਨਾ ਸਿਰਫ਼ ਊਰਜਾ ਪੈਦਾ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਸਗੋਂ ਵੱਖ-ਵੱਖ ਖੇਤਰਾਂ ਵਿੱਚ ਊਰਜਾ ਦੀ ਮੰਗ ਸਬੰਧੀ ਢੁਕਵੇਂ ਕਦਮ ਚੁੱਕਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਸਵੱਛ ਅਤੇ ਕਾਰਬਨ ਦੀ ਘੱਟ ਨਿਕਾਸੀ ਵਾਲੇ ਉਪਾਅ ਲਾਗੂ ਕਰਨ ਅਤੇ ਨਵਿਆਉਣਯੋਗ ਖਰੀਦ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਊਰਜਾ ਤਬਦੀਲੀ ’ਚ ਮੋਹਰੀ ਭੂਮਿਕਾ ਨਿਭਾਉਣ ਵਾਸਤੇ ਪੰਜਾਬ ਦੇ ਨਾਮ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਬਿਜਲੀ ਮੰਤਰਾਲੇ ਅਧੀਨ ਊਰਜਾ ਕੁਸ਼ਲਤਾ ਬਿਊਰੋ ਦੇ ਜੁਆਇੰਟ ਡਾਇਰੈਕਟਰ ਸ਼ਿਆਮ ਸੁੰਦਰ ਨੇ ਸੂਬੇ ਵਿੱਚ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਉਦਯੋਗਾਂ ਅਤੇ ਐੱਮਐੱਸਐੱਮਈਜ਼ ਦੀ ਮਹੱਤਤਾ ਅਤੇ ਸ਼ਮੂਲੀਅਤ ਅਤੇ ਕਾਨਫਰੰਸ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨਾਲ ਹੀ ਇਹ ਸੁਝਾਅ ਦਿੱਤਾ ਕਿ ਬੈਂਕਾਂ/ਵਿੱਤੀ ਸੰਸਥਾਵਾਂ ਨੂੰ ਰਾਜ ਵਿੱਚ ਅਜਿਹੇ ਪ੍ਰਾਜੈਕਟਾਂ ਵਾਸਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਪੇਡਾ ਦੇ ਡਾਇਰੈਕਟਰ ਐੱਮਪੀ ਸਿੰਘ ਨੇ ਕਿਹਾ ਕਿ ਪੇਡਾ ਵੱਲੋਂ ਸਾਫ਼-ਸੁਥਰੀ ਅਤੇ ਕਾਰਬਨ ਦੀ ਘੱਟ ਨਿਕਾਸੀ ਵਾਲੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਊਰਜਾ ਖੇਤਰ ਦੀਆਂ ਰਣਨੀਤੀਆਂ ਨੂੰ ਕਾਰਬਨ ਦੀ ਘੱਟ ਨਿਕਾਸੀ ਵਾਲੇ ਪ੍ਰਭਾਵੀ ਉਪਾਵਾਂ ਵਿੱਚ ਬਦਲਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਵਰਗੀਆਂ ਨਵੀਆਂ ਤਕਨੀਕਾਂ ਦੇ ਸੰਭਾਵੀਂ ਪ੍ਰਵੇਸ਼ ਦਾ ਮੁਲਾਂਕਣ ਕਰਨ ਦੀ ਲੋੜ ਹੈ, ਜੋ ਟਰਾਂਸਪੋਰਟ ਅਤੇ ਉਦਯੋਗ ਵਿੱਚ ਊਰਜਾ ਦੀ ਮੰਗ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਇਹ ਹਾਨੀਕਾਰਕ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਪ੍ਰਦਰਸ਼ਨੀ ਦੌਰਾਨ ਸ਼ਨਾਈਡਰ, ਸਾਇਮੇਂਸ, ਐੱਲ ਐਂਡ ਟੀ, ਯੋਗੋਕਾਵਾ ਪ੍ਰਮੁੱਖ ਕੰਪਨੀਆਂ ਨੇ ਆਪਣੇ ਊਰਜਾ ਕੁਸ਼ਲ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ। ਕਾਨਫਰੰਸ ਵਿੱਚ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਆਈਆਰਈਡੀਏ) ਦੇ ਸੀਨੀਅਰ ਮੈਨੇਜਰ ਸ਼ੇਖਰ ਗੁਪਤਾ, ਪੇਡਾ ਦੇ ਪ੍ਰਾਜੈਕਟ ਇੰਜਨੀਅਰ ਮਨੀ ਖੰਨਾ, ਰੋਹਿਤ ਕੁਮਾਰ, ਸ਼ਰਦ ਸ਼ਰਮਾ ਅਤੇ ਜੀਆਈਜੈੱਡ., ਕੇਪੀਐੱਮਜੀ ਅਤੇ ਐੱਨਐੱਫਐੱਲ, ਨਾਹਰ, ਟ੍ਰਾਈਡੈਂਟ, ਅੰਬੁਜਾ ਸੀਮਿੰਟ, ਜੀਵੀਕੇ ਪਾਵਰ, ਸਟਰਲਾਈਟ, ਐੱਲ ਐਂਡ ਟੀ ਪਾਵਰ ਐੱਚਪੀਸੀਐੱਲ ਮਿੱਤਲ ਰਿਫਾਇਨਰੀ ਵਰਗੇ ਉਦਯੋਗਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।