For the best experience, open
https://m.punjabitribuneonline.com
on your mobile browser.
Advertisement

ਸ਼ਰਦ ਪਵਾਰ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਸਰਗਨਾ: ਸ਼ਾਹ

08:06 AM Jul 22, 2024 IST
ਸ਼ਰਦ ਪਵਾਰ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਸਰਗਨਾ  ਸ਼ਾਹ
ਪੁਣੇ ਵਿੱਚ ਭਾਜਪਾ ਦੇ ਸੂਬਾਈ ਸਮਾਗਮ ਦੌਰਾਨ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹੋਰ ਪਾਰਟੀ ਨੇਤਾ। -ਫੋਟੋ: ਏਐੱਨਆਈ
Advertisement

ਪੁਣੇ, 21 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਵਿਰੋਧੀ ਧਿਰ ਦੇ ਨੇਤਾ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸਪੀ) ਸੁਪਰੀਮੋ ਸ਼ਰਦ ਪਵਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਸਰਗਨਾ ਕਰਾਰ ਦਿੱਤਾ। ਪੁਣੇ ਵਿੱਚ ਭਾਜਪਾ ਦੇ ਸੂਬਾਈ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਬਾਵਜੂਦ ਹੰਕਾਰ ਦਿਖਾਉਣ ਦਾ ਦੋਸ਼ ਲਾਇਆ। ਉਨ੍ਹਾਂ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੂੰ ‘ਔਰੰਗਜ਼ੇਬ ਫੈਨ ਕਲੱਬ ਦਾ ਮੁਖੀ’ ਕਰਾਰ ਦਿੰਦਿਆਂ ਕਿਹਾ ਕਿ ਉਹ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਨਨ ਲਈ ਮੁਆਫ਼ੀ ਮੰਗਣ ਵਾਲੇ ਲੋਕਾਂ ਨਾਲ ਬੈਠਦੇ ਹਨ।
ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਮਹਾ ਗੱਠਜੋੜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 2014 ਅਤੇ 2019 ਦੀਆਂ ਚੋਣਾਂ ਤੋਂ ਬਿਹਤਰ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਜਿੱਤ ਦੇ ਬਾਅਦ ਰਾਹੁਲ ਗਾਂਧੀ ਦਾ ਹੰਕਾਰ ਚਕਨਾ-ਚੂਰ ਹੋ ਜਾਵੇਗਾ।’’
ਸ਼ਿਵ ਸੈਨਾ (ਯੂਬੀਟੀ) ਪ੍ਰਧਾਨ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਕਿਹਾ, ‘‘ਊਧਵ ਠਾਕਰੇ ਉਨ੍ਹਾਂ ਲੋਕਾਂ ਨਾਲ ਬੈਠੇ ਹਨ, ਜਿਨ੍ਹਾਂ ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਨਨ ਲਈ ਮੁਆਫ਼ੀ ਮੰਗੀ ਸੀ।’’ ਕੇਂਦਰੀ ਮੰਤਰੀ ਨੇ ਕਿਹਾ, ‘‘ਔਰੰਗਜ਼ੇਬ ਫੈਨ ਕਲੱਬ ਕੌਣ ਹੈ? ਜੋ (26/11 ਅਤਿਵਾਦੀ ਹਮਲੇ ਦੇ ਦੋਸ਼ੀ) ਕਸਾਬ ਨੂੰ ਬਿਰਯਾਨੀ ਖਵਾਉਂਦੇ ਹਨ, ਜੋ ਯਾਕੂਬ ਮੈਨਨ ਲਈ ਮੁਆਫ਼ੀ ਮੰਗਦੇ ਹਨ, ਜੋ (ਵਿਵਾਦਤ ਇਸਲਾਮੀ ਪ੍ਰਚਾਰਕ) ਜ਼ਾਕਿਰ ਨਾਇਕ ਨੂੰ ਸ਼ਾਂਤੀ ਦੂਤ ਪੁਰਸਕਾਰ ਦਿੰਦੇ ਹਨ, ਜੋ (ਪਾਬੰਦੀਸ਼ੁਦਾ ਇਸਲਾਮੀ ਸੰਗਠਨ) ਪੀਐੱਫਆਈ ਦਾ ਸਮਰਥਨ ਕਰਦੇ ਹਨ। ਊਧਵ ਠਾਕਰੇ ਨੂੰ ਇਨ੍ਹਾਂ ਲੋਕਾਂ ਨਾਲ ਬੈਠਦਿਆਂ ਸ਼ਰਮ ਆਉਣੀ ਚਾਹੀਦੀ ਹੈ।’’ ਭਾਜਪਾ ਵਰਕਰਾਂ ਦੀ ਪ੍ਰਸ਼ੰਸਾ ਕਰਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਲੋਕਾ ਸਭਾ ਚੋਣਾਂ ਦੇ ਨਤੀਜਿਆਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੋਕ ਭਲਾਈ ਯੋਜਨਾਵਾਂ ਸਦਕਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਨੇ ਪੁਣੇ ਦੀ ਤਾਰੀਫ਼ ਕਰਦਿਆਂ ਇਸ ਨੂੰ ਬਾਲ ਗੰਗਾਧਰ ਤਿਲਕ ਦਾ ਸ਼ਹਿਰ ਦੱਸਿਆ। -ਪੀਟੀਆਈ

ਦੁੱਧ ਪਾਊਡਰ ਦਰਾਮਦ ਦੀ ਯੋਜਨਾ ਦੇ ਦੋਸ਼ਾਂ ਨੂੰ ਨਕਾਰਿਆ

ਪੁਣੇ: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਦੁੱਧ ਦੇ ਪਾਊਡਰ ਨੂੰ ਦਰਾਮਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਵਿਰੋਧੀ ਮਹਾ ਵਿਕਾਸ ਅਗਾੜੀ ’ਤੇ ਝੂਠੀ ਜਾਣਕਾਰੀ ਫ਼ੈਲਾਉਣ ਦਾ ਦੋਸ਼ ਲਾਇਆ। ਪੁਣੇ ਵਿੱਚ ਭਾਜਪਾ ਦੇ ਮਹਾਰਾਸ਼ਟਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਇੱਕ ਪੁਰਾਣਾ ਨੋਟੀਫਿਕੇਸ਼ਨ ਵਾਇਰਲ ਕਰਕੇ ਐੱਮਵੀਏ ਦਾਅਵਾ ਕਰ ਰਹੀ ਹੈ ਕਿ ਸਰਕਾਰ ਦੁੱਧ ਦਾ ਪਾਊਡਰ ਦਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ, ‘‘ਇੱਥੋਂ ਤੱਕ ਕਿ ਮੈਂ ਵੀ ਭੁਲੇਖਾ ਖਾ ਗਿਆ ਅਤੇ ਮੈਂ ਪਿਊਸ਼ ਗੋਇਲ (ਵਣਜ ਮੰਤਰਾਲਾ) ਨੂੰ ਫੋਨ ਕੀਤਾ, ਜਿਨ੍ਹਾਂ ਮੈਨੂੰ ਦੱਸਿਆ ਕਿ ਇਹ ਸਾਡਾ ਨਹੀਂ ਬਲਕਿ ਸ਼ਰਦ ਪਵਾਰ ਦਾ ਫ਼ੈਸਲਾ ਸੀ। ਉਲਝਣ ਵਿੱਚ ਨਾ ਰਹੋ। ਇਹ ਸਰਕੁਲਰ ਉਨ੍ਹਾਂ ਵੱਲੋਂ ਹੀ ਬਣਾਇਆ ਗਿਆ ਸੀ।’’ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement