ਸ਼ਰਦ ਪਵਾਰ ਧੜੇ ਨੂੰ ‘ਐੱਨਸੀਪੀ-ਸ਼ਰਦਚੰਦਰ ਪਵਾਰ’ ਨਾਂ ਵਰਤਣ ਦੀ ਇਜਾਜ਼ਤ
ਨਵੀਂ ਦਿੱਲੀ, 19 ਮਾਰਚ
ਸੁਪਰੀਮ ਕੋਰਟ ਨੇ ਅੱਜ ਸ਼ਰਦ ਪਵਾਰ ਧੜੇ ਨੂੰ ਅਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ‘ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਰਦਚੰਦਰ ਪਵਾਰ’ ਨਾਂ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਅਤੇ ਕੇ.ਵੀ ਵਿਸ਼ਵਨਾਥਨ ਦੇ ਬੈਂਚ ਨੇ ਸੀਨੀਅਰ ਆਗੂ ਸ਼ਰਦ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਨੂੰ ‘ਤੁਰ੍ਹਾ (ਰਵਾਇਤੀ ਸਾਜ਼) ਵਜਾਉਂਦੇ ਆਦਮੀ’ ਨੂੰ ਆਪਣੇ ਚੋਣ ਨਿਸ਼ਾਨ ਵਜੋਂ ਵਰਤਣ ਦੀ ਵੀ ਇਜਾਜ਼ਤ ਦਿੱਤੀ ਹੈ। ਬੈਂਚ ਨੇ ਕਿਹਾ, ‘‘ਪਟੀਸ਼ਨਰ ਆਉਣ ਵਾਲੀਆਂ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ‘ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਰਦਚੰਦਰ ਪਵਾਰ’ ਨਾਮ ਅਤੇ ‘ਤੁਰ੍ਹਾ ਵਜਾਉਂਦਾ ਆਦਮੀ’ ਚੋਣ ਨਿਸ਼ਾਨ ਵਜੋਂ ਵਰਤਣ ਦੇ ਹੱਕਦਾਰ ਹੋਣਗੇ।’’ ਬੈਂਚ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੇ ਧੜੇ ਦੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ ਜਿਸ ਵਿੱਚ ਅਜੀਤ ਪਵਾਰ ਧੜੇ ਨੂੰ ਚੋਣ ਕਮਿਸ਼ਨ ਵੱਲੋਂ ਅਲਾਟ ਕੀਤੇ ਗਏ ‘ਘੜੀ’ ਚੋਣ ਨਿਸ਼ਾਨ ਦੀ ਵਰਤੋਂ ਕਰਨ ’ਤੇ ਇਸ ਆਧਾਰ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਕਿ ਇਹ ਬਰਾਬਰ ਦੇ ਮੌਕਿਆਂ ਵਿੱਚ ਰੁਕਾਵਟ ਪੈਦਾ ਕਰਦਾ ਹੈ।
ਸ਼ਰਦ ਪਵਾਰ ਵੱਲੋਂ ਸਥਾਪਿਤ ਐੱਨਸੀਪੀ ਦੇ ਦੋਫਾੜ ਹੋਣ ਤੋਂ ਪਹਿਲਾਂ ਇਸ ਦਾ ਚੋਣ ਨਿਸ਼ਾਨ ‘ਘੜੀ’ ਸੀ। ਹੁਣ ਇਹ ਚੋਣ ਨਿਸ਼ਾਨ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਕੋਲ ਹੈ। ਬੈਂਚ ਨੇ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਨੂੰ ‘ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਰਦਚੰਦਰ ਪਵਾਰ’ ਅਤੇ ਇਸ ਦੇ ਚੋਣ ਨਿਸ਼ਾਨ ‘ਤੁਰ੍ਹਾ ਵਜਾਉਂਦੇ ਆਦਮੀ’ ਨੂੰ ਮਾਨਤਾ ਦੇਣ ਦਾ ਹੁਕਮ ਦਿੱਤਾ। ਬੈਂਚ ਨੇ ਕਮਿਸ਼ਨ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਚੋਣ ਨਿਸ਼ਾਨ ਕਿਸੇ ਹੋਰ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੂੰ ਅਲਾਟ ਨਾ ਕੀਤਾ ਜਾਵੇ। ਅਦਾਲਤ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਧੜੇ ਨੂੰ ਅੰਗਰੇਜ਼ੀ, ਹਿੰਦੀ ਅਤੇ ਮਰਾਠੀ ਅਖਬਾਰਾਂ ’ਚ ਇਹ ਜਨਤਕ ਨੋਟਿਸ ਜਾਰੀ ਕਰਨ ਲਈ ਕਿਹਾ ਕਿ ‘ਘੜੀ’ ਚੋਣ ਨਿਸ਼ਾਨ ਅਦਾਲਤ ਵਿੱਚ ਵਿਚਾਰਅਧੀਨ ਹੈ ਅਤੇ ਇਸ ਦੀ ਵਰਤੋਂ ਫ਼ੈਸਲੇ ਦੇ ਆਧਾਰ ’ਤੇ ਹੋਵੇਗੀ। ਉਸ ਨੇ ਚੋਣ ਕਮਿਸ਼ਨ ਵੱਲੋਂ 6 ਫਰਵਰੀ ਨੂੰ ਅਜੀਤ ਪਵਾਰ ਧੜੇ ਨੂੰ ਅਸਲ ਐੱਨਸੀਪੀ ਮੰਨਣ ਦੇ ਦਿੱਤੇ ਗਏ ਹੁਕਮਾਂ ਖ਼ਿਲਾਫ਼ ਸ਼ਰਦ ਪਵਾਰ ਗੁੱਟ ਦੀ ਪਟੀਸ਼ਨ ’ਤੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ। -ਪੀਟੀਆਈ