ਸ਼ਾਂਤੀ ਨਿਕੇਤਨ: ਮੋਦੀ ਅਤੇ ਵੀਸੀ ਦੇ ਨਾਮ ਤਖ਼ਤੀ ’ਤੇ ਲਿਖਣ ਤੋਂ ਵਿਵਾਦ
ਕੋਲਕਾਤਾ, 25 ਅਕਤੂਬਰ
ਵਿਸ਼ਵ ਭਾਰਤੀ ਯੂਨੀਵਰਸਿਟੀ ਨੇ ਕਿਹਾ ਹੈ ਕਿ ਸ਼ਾਂਤੀ ਨਿਕੇਤਨ ਨੂੰ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵੱਲੋਂ ਵਿਰਾਸਤੀ ਸਥਾਨ ਦਾ ਦਰਜਾ ਦੇਣ ਮਗਰੋਂ ਜਿਸ ਤਖ਼ਤੀ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ, ਉਹ ਇਸ ਸਥਾਨ ਨੂੰ ਦਰਸਾਉਣ ਲਈ ਸਿਰਫ਼ ਇਕ ਆਰਜ਼ੀ ਤਖ਼ਤੀ ਹੈ। ਸੈਂਟਰਲ ਯੂਨੀਵਰਸਿਟੀ ਦੇ ਵੱਡੇ ਕੈਂਪਸ ’ਚ ਵੱਖ ਵੱਖ ਥਾਵਾਂ ’ਤੇ ਸਥਾਪਤ ਤਖ਼ਤੀ ’ਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਾਈਸ ਚਾਂਸਲਰ ਵਿਦਯੁਤ ਚੱਕਰਵਰਤੀ ਦੇ ਨਾਮ ਹਨ ਪਰ ਗੁਰੂਦੇਵ ਰਾਬਿੰਦਰਨਾਥ ਟੈਗੋਰ ਦਾ ਕੋਈ ਜ਼ਿਕਰ ਨਹੀਂ ਹੈ ਜਨਿ੍ਹਾਂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਇਸ ਮੁੱਦੇ ’ਤੇ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਜਵਾਹਰ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਯੂਨੈਸਕੋ ਨੇ ਉਚੇਚੇ ਤੌਰ ’ਤੇ ਆਖਿਆ ਸੀ ਕਿ ਉਹ ਸ਼ਾਂਤੀ ਨਿਕੇਤਨ ਨੂੰ ਆਲਮੀ ਵਿਸ਼ਵ ਵਿਰਾਸਤੀ ਸਥਾਨ ਐਲਾਨ ਕੇ ਰਾਬਿੰਦਰਨਾਥ ਟੈਗੋਰ ਅਤੇ ਉਨ੍ਹਾਂ ਦੀ ਨਿਵੇਕਲੀ ਵਿਰਾਸਤ ਦਾ ਸਨਮਾਨ ਕਰ ਰਹੇ ਹਨ। ‘ਇੰਜ ਪ੍ਰਤੀਤ ਹੁੰਦਾ ਹੈ ਕਿ ਹੰਕਾਰ ’ਚ ਡੁੱਬੇ ਵੀਸੀ ਅਤੇ ਉਨ੍ਹਾਂ ਦੇ ਬੌਸ ਨੂੰ ਲਗਦਾ ਹੈ ਕਿ ਯੂਨੈਸਕੋ ਦੋਹਾਂ ਦਾ ਸਨਮਾਨ ਕਰ ਰਿਹਾ ਹੈ।’ ਵਿਸ਼ਵ ਭਾਰਤੀ ’ਚ ਰਹਿਣ ਵਾਲੇ ਅਤੇ ਖੱਬੇ-ਪੱਖੀਆਂ ਵੱਲ ਝੁਕਾਅ ਰੱਖਣ ਵਾਲੇ ਵਿਦਿਆਰਥੀ ਕਾਰਕੁਨਾਂ ਦੇ ਇਕ ਵਰਗ ਨੇ ਵੀ ਇਸ ਕਦਮ ’ਤੇ ਇਤਰਾਜ਼ ਜਤਾਇਆ ਸੀ। ਵਿਸ਼ਵ ਭਾਰਤੀ ਦੀ ਤਰਜਮਾਨ ਮਹੂਆ ਬੰਦੋਪਾਧਿਆਏ ਨੇ ਸੰਪਰਕ ਕਰਨ ’ਤੇ ਖ਼ਬਰ ਏਜੰਸੀ ਨੂੰ ਕਿਹਾ ਕਿ ਇਹ ਵਿਰਾਸਤੀ ਸਥਾਨ ਲਈ ਬਣਾਇਆ ਗਿਆ ਪੂਰੀ ਤਰ੍ਹਾਂ ਨਾਲ ਇਕ ਆਰਜ਼ੀ ਢਾਂਚਾ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਸਮੱਗਰੀ ਮੁਹਈਆ ਕਰਵਾਏਗਾ, ਉਸ ਮਗਰੋਂ ਉਸ ਨੂੰ ਤਖ਼ਤੀ ’ਤੇ ਉਕੇਰਿਆ ਜਾਵੇਗਾ। ਯੂਨੀਵਰਿਸਟੀ ਦੇ ਇਕ ਸੀਨੀਅਰ ਅਧਿਆਪਕ ਨੇ ਕਿਹਾ ਕਿ ਸ਼ਾਂਤੀ ਨਿਕੇਤਨ ਨੂੰ ਯੂਨੈਸਕੋ ਵੱਲੋਂ 17 ਸਤੰਬਰ ਨੂੰ ਵਿਸ਼ਵ ਵਿਰਾਸਤੀ ਸਥਾਨ ਵਜੋਂ ਮਨਜ਼ੂਰੀ ਦਿੱਤੇ ਜਾਣ ਮਗਰੋਂ ਇਥੇ ਅਜਿਹੀਆਂ ਤਿੰਨ ਤਖ਼ਤੀਆਂ ਲਾਈਆਂ ਗਈਆਂ ਸਨ। ਵਿਸ਼ਵ ਭਾਰਤੀ ਯੂਨੀਵਰਸਿਟੀ ਫੈਕਲਟੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਅਤੇ ਚਾਂਸਲਰ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰਾਜਪਾਲ ਸੀ ਵੀ ਆਨੰਦ ਬੋਸ ਨੂੰ ਈਮੇਲ ਭੇਜ ਕੇ ਕਿਹਾ ਹੈ ਕਿ ਇਹ ਗੁਰੂਦੇਵ ਰਾਬਿੰਦਰਨਾਥ ਟੈਗੋਰ ਦਾ ਅਪਮਾਨ ਹੈ। ਉਨ੍ਹਾਂ ਵੀਸੀ ਖ਼ਿਲਾਫ਼ ਲੋੜੀਂਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਤਰਜਮਾਨ ਸਾਮਿਕ ਭੱਟਾਚਾਰਿਆ ਨੇ ਪਹਿਲਾਂ ਕਿਹਾ ਸੀ ਕਿ ਜਵਾਹਰ ਸਰਕਾਰ ਜਿਹੇ ਲੋਕ ਬੇਲੋੜੇ ਵਿਵਾਦ ਪੈਦਾ ਕਰਨ ਲਈ ਸੋਸ਼ਲ ਮੀਡੀਆ ’ਤੇ ਅਜਿਹੇ ਮੁੱਦੇ ਚੁੱਕ ਰਹੇ ਹਨ ਤਾਂ ਜੋ ਉਹ ਟੀਐੱਮਸੀ ’ਚ ਆਪਣੀ ਸਥਿਤੀ ਮਜ਼ਬੂਤ ਕਰ ਸਕਣ। -ਪੀਟੀਆਈ