ਕੌਮਾਂਤਰੀ ਕਬੱਡੀ ਖਿਡਾਰੀ ਰਹੇ ਸ਼ੰਟੀ ਕਿਸ਼ਨਪੁਰਾ ਕਲਾਂ ਵੱਲੋਂ ਖ਼ੁਦਕੁਸ਼ੀ
05:33 PM Nov 17, 2024 IST
ਹਰਦੀਪ ਸਿੰਘ
ਧਰਮਕੋਟ, 17 ਨਵੰਬਰ
Advertisement
ਕੌਮਾਂਤਰੀ ਪੱਧਰ ’ਤੇ ਕਬੱਡੀ ਵਿੱਚ ਧੁੰਮਾਂ ਪਾਉਣ ਵਾਲੇ ਸਾਬਕਾ ਖਿਡਾਰੀ ਅਵਤਾਰ ਸਿੰਘ ਸ਼ੰਟੀ ਨੇ ਲੰਘੇ ਕੱਲ੍ਹ ਖ਼ੁਦਕੁਸ਼ੀ ਕਰ ਲਈ। ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਨਸ਼ਾ ਕਰਨ ਲੱਗ ਪਿਆ ਸੀ ਅਤੇ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿੰਦਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਉਸ ਦੀ ਆਪਣੀ ਮਾਂ ਨਾਲ ਕੱਲ੍ਹ ਮਾਮੂਲੀ ਜਿਹੀ ਬਹਿਸ ਹੋਈ ਅਤੇ ਉਹ ਘਰੋਂ ਚਲਿਆ ਗਿਆ। ਉਸ ਨੇ ਸਿੱਧਵਾਂ ਬੇਟ ਨੇੜੇ ਇਕ ਸਫੈਦੇ ਦੇ ਦਰੱਖਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਕਿਸ਼ਨਪੁਰਾ ਕਲਾਂ ਦੇ ਬੰਟੀ ਅਤੇ ਸ਼ੰਟੀ ਭਰਾਵਾਂ ਦੀ ਜੋੜੀ ਕਿਸੇ ਵੇਲੇ ਕਬੱਡੀ ਜਗਤ ਵਿੱਚ ਬਹੁਤ ਮਸ਼ਹੂਰ ਸੀ ਅਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਕਈ ਕਬੱਡੀ ਕੱਪ ਖੇਡੇ ਸਨ। ਸ਼ੰਟੀ ਨੂੰ ਕਬੱਡੀ ਦਾ ਥੰਮ੍ਹ ਮੰਨਿਆ ਜਾਂਦਾ ਸੀ।
ਕਬੱਡੀ ਖਿਡਾਰੀ ਸ਼ੰਟੀ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਅਤੇ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਪੁਲੀਸ ਚੌਂਕੀ ਗਿੱਦੜ ਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
Advertisement