ਸ਼ੰਘਾਈ ਸਹਿਯੋਗ ਸੰਮੇਲਨ: ਰਾਤਰੀ ਭੋਜ ’ਤੇ ਮਿਲੇ ਜੈਸ਼ੰਕਰ ਤੇ ਸ਼ਾਹਬਾਜ਼ ਸ਼ਰੀਫ
ਇਸਲਾਮਾਬਾਦ, 15 ਅਕਤੂਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅੱਜ ਇੱਥੇ ਇਕ-ਦੂਜੇ ਨੂੰ ਪੂਰੇ ਜੋਸ਼ ਨਾਲ ਮਿਲੇ। ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਇਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਇਸਲਾਮਾਬਾਦ ਪੁੱਜੇ। ਸ਼ਰੀਫ ਨੇ ਐੱਸਸੀਓ ਦੇ ਮੈਂਬਰ ਦੇਸ਼ਾਂ ਦੇ ਨਮੁਾਇੰਦਿਆਂ ਦੇ ਸਨਮਾਨ ਵਿੱਚ ਆਪਣੀ ਰਿਹਾਇਸ਼ ਵਿਖੇ ਰਾਤਰੀ ਭੋਜ ਦਿੱਤਾ ਅਤੇ ਇਸੇ ਦੌਰਾਨ ਉਨ੍ਹਾਂ ਤੇ ਜੈਸ਼ੰਕਰ ਦੀ ਮੁਲਾਕਾਤ ਹੋਈ ਤੇ ਦੋਹਾਂ ਆਗੂਆਂ ਨੇ ਇਕ-ਦੂਜੇ ਦਾ ਹਾਲ ਪੁੱਛਿਆ। ਜੈਸ਼ੰਕਰ ਤੇ ਸ਼ਰੀਫ ਨੇ ਕਾਫੀ ਜੋਸ਼ ਨਾਲ ਹੱਥ ਮਿਲਾਇਆ ਅਤੇ ਕਾਫੀ ਸੰਖੇਪ ਗੱਲਬਾਤ ਕੀਤੀ।ਇਸਲਾਮਾਬਾਦ ਪੁੱਜਣ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੀ ਹੋਈ ਬੱਚੀ। -ਫੋਟੋ: ਪੀਟੀਆਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਐੱਸਸੀਓ ਦੇ ਸਾਰੇ ਮੈਂਬਰ ਦੇਸ਼ਾਂ ਦੇ ਵਫ਼ਦਾਂ ਦੇ ਆਗੂਆਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਨੂਰ ਖ਼ਾਨ ਹਵਾਈ ਅੱਡੇ ’ਤੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਭਾਰਤ ਨੇ ਅੱਜ ਕਿਹਾ ਕਿ ਉਹ ਐੱਸਸੀਓ ਦੀਆਂ ਵੱਖ-ਵੱਖ ਪ੍ਰਣਾਲੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਇਸੇ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਦੇ ਸਮਰਥਕਾਂ ਨੇ ਐੱਸਸੀਓ ਦੇ ਸੰਮੇਲਨ ਦੇ ਮੱਦੇਨਜ਼ਰ ਅੱਜ ਵਿਰੋਧ ਪ੍ਰਦਰਸ਼ਨ ਬੰਦ ਕਰ ਦਿੱਤਾ ਹੈ। -ਪੀਟੀਆਈ