ਸ਼ਾਮਲਾਟ ਜ਼ਮੀਨ: ਲੋਕ ਬੋਲੀ ਲਈ ਅੜੇ, ਸਰਕਾਰ ਬਾਇਓਗੈਸ ਪਲਾਂਟ ਲਈ
ਜੈਸਮੀਨ ਭਾਰਦਵਾਜ
ਨਾਭਾ, 18 ਜੁਲਾਈ
ਪਿੰਡ ਕਕਰਾਲਾ ਵਿੱਚ ਪਿੰਡ ਵਾਸੀਆਂ ਦੀ ਮਨਜ਼ੂਰੀ ਤੋਂ ਬਿਨਾਂ 18 ਏਕੜ ਸ਼ਾਮਲਾਟ ਵਿੱਚ ਬਾਇਓਗੈਸ ਪਲਾਂਟ ਲਗਾਉਣ ਦੀ ਯੋਜਨਾ ਦਾ ਵਿਰੋਧ ਤਾਂ ਪਹਿਲਾਂ ਹੀ ਜਾਰੀ ਹੈ ਅਤੇ ਹੁਣ ਲੋਕਾਂ ਨੇ ਮੀਟਿੰਗ ਕਰਕੇ 18 ਏਕੜ ਜ਼ਮੀਨ ਵਿੱਚ ਖੇਤੀ ਲਈ ਬੋਲੀ ਕਰਵਾਉਣ ਖਾਤਰ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪੰਚਾਇਤ ਘਰ ਵਿਚ ਮੀਟਿੰਗ ਕਰਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਉਸੇ ਸ਼ਾਮਲਾਟ ਵਿਚ ਪੱਕੇ ਧਰਨੇ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵਿਚਾਲੇ ਕਈ ਮੀਟਿੰਗਾਂ ਬੇਸਿੱਟਾ ਰਹੀਆਂ ਜਿਸ ਵਿਚ ਪ੍ਰਸ਼ਾਸਨ ਪਿੰਡ ਵਾਸੀਆਂ ਨੂੰ ਪ੍ਰਦੂਸ਼ਣ ਦੇ ਮਾਮਲੇ ’ਤੇ ਸੰਤੁਸ਼ਟ ਕਰਾਉਣ ਵਿਚ ਅਸਫਲ ਰਿਹਾ। ਪਿੰਡ ਵਾਸੀ ਹਰਮਨ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਪਹਿਲਾਂ ਉਹ ਖੰਨੇ ਦੇ ਕੰਗਰਾਲੀ ਰਾਜਪੂਤਾਂ ਪਿੰਡ ਵਿੱਚ ਇਸ ਦੇ ਹੀ ਨਾਲ ਦੇ ਪਲਾਂਟ ਦਾ ਦੌਰਾ ਕਰਕੇ ਆਏ ਤੇ ਉਥੇ ਲੋਕ ਪਲਾਂਟ ਤੋਂ ਐਨੇ ਦੁਖੀ ਹਨ ਕਿ ਸੱਤ ਪਿੰਡਾਂ ਨੇ ਰੋਸ ਵੱਜੋਂ ਲੋਕ ਸਭਾ ਚੋਣਾਂ ਵਿਚ ਵੋਟ ਨਹੀਂ ਪਾਈ। ਉਨ੍ਹਾਂ ਦੱਸਿਆ ਕਿ ਪਲਾਂਟ ਵਿਚ ਪਰਾਲੀ ਨੂੰ ਗਾਲਣ ਖਾਤਰ ਜਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਉਸ ਦੀ ਬਦਬੂ ਕਾਰਨ ਆਸਪਾਸ ਦੇ ਕਈ ਪਿੰਡ ਦੁਖੀ ਹਨ ਤੇ ਪ੍ਰਸ਼ਾਸਨ ਸਾਨੂੰ ਨਾ ਤਾਂ ਇਸ ਸਮੱਸਿਆ ਬਾਰੇ ਸੰਤੁਸ਼ਟ ਕਰਵਾ ਸਕਿਆ ਤੇ ਨਾ ਹੀ ਇਸ ਪਲਾਂਟ ਦਾ ਵਿੱਤੀ ਢਾਂਚਾ ਸਮਝਾ ਸਕਿਆ। ਰਾਜਿੰਦਰ ਸਿੰਘ ਨੇ ਦੱਸਿਆ ਇਨ੍ਹਾਂ ਕਾਰਨਾਂ ਕਰਕੇ ਲੋਕਾਂ ਨੂੰ ਸ਼ੱਕ ਹੈ ਕਿ ਪਹਿਲਾਂ ਉਦਯੋਗੀ ਫੋਕਲ ਪੁਆਇੰਟ ਕੱਟਣ ਦੇ ਨਾਮ ’ਤੇ ਪਿੰਡ ਤੋਂ 55 ਏਕੜ ਜ਼ਮੀਨ ਲੈ ਲਈ ਤੇ ਉਹ ਤਕਰੀਬਨ ਫੇਲ੍ਹ ਹੈ।
ਉਥੇ ਲੋਕਾਂ ਨੇ ਗੁਦਾਮ ਬਣਾ ਛੱਡੇ ਹਨ ਜਾਂ ਪਲਾਟ ਖਾਲੀ ਪਏ ਹਨ ਤੇ ਸਰਕਾਰ ਹੁਣ ਪਿੰਡ ਦੀ ਹੋਰ ਜ਼ਮੀਨ ਨੂੰ ਆਪਣੇ ਕਬਜ਼ੇ ਹੇਠ ਲੈਣਾ ਚਾਹੁੰਦੇ ਹਨ। ਇਸ ਕਰਕੇ ਪਿੰਡ ਦੀ ਮੰਗ ਹੈ ਕਿ ਫੈਕਟਰੀ ਦਾ ਪ੍ਰਾਜੈਕਟ ਰੱਦ ਕਰਕੇ ਸ਼ਾਮਲਾਟ ਦੀ ਖੇਤੀ ਖਾਤਰ ਬੋਲੀ ਕਰਵਾਈ ਜਾਵੇ। ਡੀਡੀਪੀਓ ਅਮਨਦੀਪ ਕੌਰ ਪਟਿਆਲਾ ਨੇ ਕਿਹਾ ਕਿ ਇਹ ਮਾਮਲਾ ਹੁਣ ਏਡੀਸੀ ਪੇਂਡੂ ਵਿਕਾਸ ਦੇ ਸਪੁਰਦ ਕੀਤਾ ਗਿਆ ਹੈ। ਏਡੀਸੀ ਐੱਚਐੱਸ ਬੇਦੀ ਨੇ ਨਾ ਫੋਨ ਚੁੱਕਿਆ ਨਾ ਮੈਸੇਜ ਦਾ ਜਵਾਬ ਦਿੱਤਾ।