For the best experience, open
https://m.punjabitribuneonline.com
on your mobile browser.
Advertisement

ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਜ਼ੁਲਮ ਭੁੱਲਿਆ: ਮੋਦੀ

06:44 AM Apr 29, 2024 IST
ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਜ਼ੁਲਮ ਭੁੱਲਿਆ  ਮੋਦੀ
ਉੱਤਰ ਕੰਨੜ ’ਚ ਰੈਲੀ ਦੌਰਾਨ ਵੱਖਰੇ ਅੰਦਾਜ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਬੇਲਗਾਵੀ/ਦਾਵਨਗੇਰੇ(ਕਰਨਾਟਕ), 28 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਰਾਜਿਆਂ-ਮਹਾਰਾਜਿਆਂ ਦਾ ਅਪਮਾਨ ਕਰਨ ਅਤੇ ਤੁਸ਼ਟੀਕਰਨ ਦੀ ਸਿਆਸਤ ਲਈ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਹੋਰਨਾਂ ਨਵਾਬਾਂ/ਨਿਜ਼ਾਮਾਂ ਵੱਲੋਂ ਕੀਤੇ ਜ਼ੁਲਮਾਂ ਨੂੰ ਭੁੱਲਣ ਤੇ ਚੁੱਪ ਧਾਰਨ ਦਾ ਦੋਸ਼ ਲਾਇਆ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ‘ਇੰਡੀਆ’ ਬਲਾਕ ਵੱਲੋਂ ਤਿਆਰ ‘ਫਾਰਮੂਲੇ’ ਤਹਿਤ ਵਿਰੋਧੀ ਧਿਰਾਂ ਦੇ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਨੂੰ ਹਰ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧ ਨਾਲ ਦੇਸ਼ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਸ੍ਰੀ ਮੋਦੀ ਕਰਨਾਟਕ ਦੇ ਬੇਲਗਾਵੀ ਤੇ ਦਾਵਨਗੇਰੇ ਵਿਚ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਦੇ ਸ਼ਹਿਜ਼ਾਦੇ ਦਾ ਕਹਿਣਾ ਹੈ ਕਿ ਭਾਰਤ ਦੇ ਰਾਜੇ ਮਹਾਰਾਜੇ ਜ਼ਾਲਮ ਸਨ, ਉਨ੍ਹਾਂ ਗਰੀਬਾਂ ਦੀਆਂ ਜ਼ਮੀਨਾਂ ਖੋਹੀਆਂ। ਉਸ (ਰਾਹੁਲ) ਨੇ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਕਿੱਤੁਰ ਦੀ ਰਾਣੀ ਚੇਨੰਮਾ ਜਿਹੀਆਂ ਸ਼ਖ਼ਸੀਅਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੇ ਸ਼ਾਸਨ, ਉਨ੍ਹਾਂ ਦੀ ਦੇਸ਼ਭਗਤੀ ਸਾਨੂੰ ਸਾਰਿਆਂ ਨੂੰ ਅੱਜ ਵੀ ਪ੍ਰੇਰਨਾ ਦਿੰਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਦੇ ਸ਼ਹਿਜ਼ਾਦੇ ਦੀ ਟਿੱਪਣੀ ਤੁਸ਼ਟੀਕਰਨ ਲਈ ਬਹੁਤ ਸੋਚ-ਸਮਝ ਕੇ ਘੜੀ ਗਈ ਹੈ। ਉਹ ਰਾਜਿਆਂ ਤੇ ਮਹਾਰਾਜਿਆਂ ਦਾ ਜ਼ਿਕਰ ਕਰਦੇ ਹਨ ਪਰ ਉਨ੍ਹਾਂ ਇਕ ਵਾਰ ਵੀ ਭਾਰਤ ਦੇ ਇਤਿਹਾਸ ਵਿਚ ਨਿਜ਼ਾਮਾਂ-ਨਵਾਬਾਂ ਤੇ ਸੁਲਤਾਨਾਂ ਵੱਲੋਂ ਕੀਤੇ ਜ਼ੁਲਮਾਂ ਦਾ ਜ਼ਿਕਰ ਨਹੀਂ ਕੀਤਾ। ਕਾਂਗਰਸ ਔਰੰਗਜ਼ੇਬ, ਜਿਸ ਨੇ ਸਾਡੇ ਸੈਂਕੜੇ ਮੰਦਰਾਂ ਨੂੰ ਤਬਾਹ ਕੀਤਾ ਤੇ ਉਨ੍ਹਾਂ ਦੀ ਬੇਅਦਬੀ ਕੀਤੀ, ਦੇ ਜ਼ੁਲਮਾਂ ਤੇ ਅੱਤਿਆਚਾਰਾਂ ਨੂੰ ਯਾਦ ਨਹੀਂ ਕਰਦੀ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ‘ਤੁਸ਼ਟੀਕਰਨ ਦੀ ਮਾਨਸਿਕਤਾ’ ਹੁਣ ‘ਖੁੱਲ੍ਹ ਕੇ ਸਾਹਮਣੇ’ ਆ ਗਈ ਹੈ, ਜਿਹੜੀ ਉਨ੍ਹਾਂ ਦੇ ਚੋਣ ਮੈਨੀਫੈਸਟੋ ਵਿਚ ਵੀ ਨਜ਼ਰ ਆਉਂਦੀ ਹੈ। ਸ੍ਰੀ ਮੋਦੀ ਨੇ ਕਿਹਾ, ‘‘ਕੀ ਬਨਾਰਸ ਦੇ ਰਾਜੇ ਬਿਨਾਂ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਸਥਾਪਤ ਕੀਤਾ ਜਾ ਸਕਦਾ ਸੀ? ਕੀ ਮਹਾਰਾਣੀ ਆਹਿੱਲਿਆਬਾਈ ਹੋਲਕਰ ਨੇ ਮੰਦਿਰਾਂ ਦਾ ਮੁੜ ਨਿਰਮਾਣ ਤੇ ਸਾਡੇ ਪੂਜਾ ਅਸਥਾਨਾਂ ਦੀ ਰਾਖੀ ਨਹੀਂ ਕੀਤੀ? ਇਹ ਉਹੀ ਮਹਾਨ ਰਾਜੇ ਸਨ, ਜਿਨ੍ਹਾਂ ਡਾ.ਬਾਬਾਸਾਹਿਬ ਦੇ ਹੁਨਰ ਦੀ ਪਛਾਣ ਕੀਤੀ ਤੇ ਪੜ੍ਹਨ ਲਈ ਵਿਦੇਸ਼ ਭੇਜਿਆ। ਕਾਂਗਰਸ ਨੂੰ ਉਨ੍ਹਾਂ ਦਾ ਯੋਗਦਾਨ ਨਜ਼ਰ ਨਹੀਂ ਆਉਂਦਾ।’’

Advertisement

ਉੱਤਰ ਕੰਨੜਾ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਵਰਕਰ। -ਫੋਟੋ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ ਕਈ ਮੁੱਦਿਆਂ ’ਤੇ ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਬਾਰੇ ਝੂਠ ਬੋਲਿਆ। ਕਾਂਗਰਸ ਨੇ ਕਰੋਨਾ ਮਹਾਮਾਰੀ ਦੌਰਾਨ ਭਾਰਤ ਵਿਚ ਬਣੀ ਕੋਵਿਡ ਵੈਕਸੀਨ ਦਾ ਵਿਰੋਧ ਕੀਤਾ। ਕਾਂਗਰਸ ਨੇ ਈਵੀਐੱਮ ਦੇ ਬਹਾਨੇ ਭਾਰਤੀ ਜਮਹੂਰੀਅਤ ਨੂੰ ਆਲਮੀ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਮੂੰਹ ’ਤੇ ਜ਼ੋਰਦਾਰ ਚਪੇੜ ਮਾਰੀ। ਈਵੀਐੱਮ ਬਾਰੇ ਝੂਠ ਬੋਲਣ ਵਾਲੇ ਦੇਸ਼ ਤੋਂ ਮੁਆਫ਼ੀ ਮੰਗਣ।’’ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਲਈ ਨੇਹਾ ਜਿਹੀਆਂ ਧੀਆਂ ਦੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਕਾਂਗਰਸ ਤੁਸ਼ਟੀਕਰਨ ਦੀ ਸਿਆਸਤ ਦੇ ਦਬਾਅ ਕਰਕੇ ਐੱਮਸੀਏ ਦੀ ਵਿਦਿਆਰਥਣ ਨੇਹਾ, ਜਿਸ ਦਾ ਕਾਲਜ ਕੈਂਪਸ ਵਿਚ ਕਤਲ ਹੋ ਗਿਆ ਸੀ, ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਦੇ ਰਹੀ। ਉੱਤਰੀ ਕੰਨੜਾ ਜ਼ਿਲ੍ਹੇ ਦੇ ਸਿਰਸੀ ਵਿਚ ਵੱਖਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੱਦੇ ਨੂੰ ਠੁਕਰਾਉਣ ਵਾਲਿਆਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿਚ ਲੋਕ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦੇ ਨਿਰਮਾਣ ਸਬੰਧੀ ਫੈਸਲਾ ਦੇਸ਼ ਆਜ਼ਾਦੀ ਤੋਂ ਅਗਲੇ ਦਿਨ ਲੈਣਾ ਚਾਹੀਦਾ ਸੀ। ਉਨ੍ਹਾਂ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਇਨ੍ਹਾਂ ਤਾਕਤਾਂ’ ਨੇ ਐਨ ਆਖਰੀ ਮੌਕੇ ਰਾਮ ਮੰਦਿਰ ਦੇ ਨਿਰਮਾਣ ਵਿਚ ਅੜਿੱਕਾ ਡਾਹੁਣ ਲਈ ਆਖਰੀ ਦਿਨ ਵੀ ਕੋਰਟ ਤੱਕ ਪਹੁੰਚ ਕੀਤੀ। ਉਨ੍ਹਾਂ ਕਿਹਾ, ‘‘ਕਾਂਗਰਸ ਤੇ ਉਨ੍ਹਾਂ ਦੀ ਜੁੰਡਲੀ ਨੇ 70 ਸਾਲਾਂ ਤੱਕ ਕੋੋਸ਼ਿਸ਼ ਕੀਤੀ ਕਿ ਰਾਮ ਮੰਦਿਰ ਦਾ ਨਿਰਮਾਣ ਨਾ ਹੋਵੇ।’’ ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ’ਤੇ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦੇ ਕੇ ਕਰਨਾਟਕ ਨੂੰ ਤਬਾਹ ਕਰਨ ਦਾ ਦੋਸ਼ ਲਾਇਆ। -ਆਈਏਐੱਨਐੱਸ/ਪੀਟੀਆਈ

ਰਾਹੁਲ ਦੇ ਬਿਆਨ ਤੋੜ-ਮਰੋੜ ਕੇ ਪੇਸ਼ ਕਰ ਰਹੇ ਨੇ ਮੋਦੀ: ਕਾਂਗਰਸ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ’ਤੇ ਮੁਲਕ ਦੇ ਰਾਜੇ-ਮਹਾਰਾਜਿਆਂ ਦਾ ਅਪਮਾਨ ਕਰਨ ਅਤੇ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਦੀਆਂ ਵਧੀਕੀਆਂ ’ਤੇ ਖਾਮੋਸ਼ ਰਹਿਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਮੋਦੀ ਫਿਰਕੂ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ ਪਾਰਟੀ ਦੇ ਸਾਬਕਾ ਪ੍ਰਧਾਨ ਦੇ ਹਰੇਕ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ’ਚ ਹਮਦਰਦੀ ਦੀ ਕੋਈ ਭਾਵਨਾ ਨਹੀਂ ਰਹੀ ਹੈ ਅਤੇ ਉਹ ਇਸ ਤੋਂ ਅਗਾਂਹ ਵਧ ਗਏ ਹਨ। ‘ਐਕਸ’ ’ਤੇ ਪਾਈ ਪੋਸਟ ’ਚ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਦੀ ਰਵਾਨਗੀ ਤੈਅ ਹੈ ਅਤੇ ਇਹੋ ਸੋਚ ਕੇ ਉਨ੍ਹਾਂ ’ਚ ਨਿਰਾਸ਼ਾ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਭਾਸ਼ਣ ਸ਼ਰਮਨਾਕ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×