For the best experience, open
https://m.punjabitribuneonline.com
on your mobile browser.
Advertisement

ਸ਼ਹਿਜ਼ਾਦਾ ਦੱਸੇ ਅੰਬਾਨੀ-ਅੰਡਾਨੀ ਤੋਂ ਕਿੰਨਾ ਮਾਲ ਚੁੱਕਿਆ: ਮੋਦੀ

06:43 AM May 09, 2024 IST
ਸ਼ਹਿਜ਼ਾਦਾ ਦੱਸੇ ਅੰਬਾਨੀ ਅੰਡਾਨੀ ਤੋਂ ਕਿੰਨਾ ਮਾਲ ਚੁੱਕਿਆ  ਮੋਦੀ
ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ
Advertisement

* ਰਾਹੁਲ ਅਤੇ ਕਾਂਗਰਸ ਦੀ ਖਾਮੋਸ਼ੀ ’ਤੇ ਪ੍ਰਧਾਨ ਮੰਤਰੀ ਨੇ ਚੁੱਕੇ ਸਵਾਲ

Advertisement

ਹੈਦਰਾਬਾਦ, 8 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ’ਤੇ ‘ਅੰਬਾਨੀ ਅਤੇ ਅਡਾਨੀ’ ਨਾਲ ਗੰਢ-ਤੁੱਪ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਕੀ ਪਾਰਟੀ ਨੂੰ ਦੋਵੇਂ ਕਾਰੋਬਾਰੀਆਂ ਤੋਂ ਟੈਂਪੂ ਭਰ ਕੇ ਕਾਲਾ ਧਨ ਮਿਲਿਆ ਹੈ ਜਿਸ ਕਾਰਨ ਉਨ੍ਹਾਂ ਦੇ ਆਗੂ ਰਾਹੁਲ ਗਾਂਧੀ ਨੇ ਦੋਹਾਂ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਅੰਬਾਨੀ-ਅਡਾਨੀ ਮੁੱਦੇ ’ਤੇ ਬਿਰਤਾਂਤ ’ਚ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਕਾਂਗਰਸ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਣ ਲਈ ਦੋਵੇਂ ਕਾਰੋਬਾਰੀਆਂ ਦੇ ਨਾਵਾਂ ਦੀ ਵਰਤੋਂ ਕਰਦੀ ਹੁੰਦੀ ਸੀ ਪਰ ਹੁਣ ਮੋਦੀ ਨੇ ਦੋਹਾਂ ਦਾ ਨਾਮ ਕਾਂਗਰਸ ਨਾਲ ਜੋੜ ਕੇ ਹਲਚਲ ਮਚਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਮੰਗ ਕੀਤੀ ਹੈ ਕਿ ਕਾਂਗਰਸ ਲੋਕਾਂ ਨੂੰ ਦੱਸੇ ਕਿ ਉਸ ਦੇ ‘ਸ਼ਹਿਜ਼ਾਦੇ’ ਨੇ ਪਿਛਲੇ ਪੰਜ ਸਾਲਾਂ ਤੋਂ ਚੁੱਕੇ ਜਾ ਰਹੇ ਮੁੱਦੇ ’ਤੇ ਚੁੱਪੀ ਕਿਉਂ ਧਾਰ ਲਈ ਹੈ। ਤਿਲੰਗਾਨਾ ਦੇ ਵੇਮੁਲਾਵਾੜਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਉਸ ਦਾ ਰਾਫ਼ਾਲ ਮੁੱਦਾ ਜਦੋਂ ਢਹਿ-ਢੇਰੀ ਹੋ ਗਿਆ ਤਾਂ ਉਸ ਨੇ ਪੰਜ ਕਾਰੋਬਾਰੀਆਂ ਬਾਰੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ। ਫਿਰ ਉਸ ਨੇ ਅੰਬਾਨੀ-ਅਡਾਨੀ ਆਖਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਇਨ੍ਹਾਂ ਲੋਕਾਂ (ਕਾਂਗਰਸੀਆਂ) ਨੇ ਅੰਬਾਨੀ-ਅਡਾਨੀ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਮੈਂ ਤਿਲੰਗਾਨਾ ਦੀ ਧਰਤੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸ਼ਹਿਜ਼ਾਦਾ ਐਲਾਨ ਕਰੇ ਕਿ ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ ਗਿਆ ਹੈ। ਕੀ ਪੈਸਿਆਂ ਨਾਲ ਭਰਿਆ ਟੈਂਪੂ ਕਾਂਗਰਸ ਕੋਲ ਪਹੁੰਚ ਗਿਆ ਹੈ? ਅੰਬਾਨੀ-ਅਡਾਨੀ ਨਾਲ ਕੀ ਸਮਝੌਤਾ ਹੋਇਆ ਹੈ ਕਿ ਦੋਹਾਂ ਖ਼ਿਲਾਫ਼ ਰਾਤੋ-ਰਾਤ ਗਾਲ੍ਹਾਂ ਬੰਦ ਹੋ ਗਈਆਂ ਹਨ?’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਗੜਬੜ ਜ਼ਰੂਰ ਹੈ ਅਤੇ ਕਾਂਗਰਸ ਨੂੰ ‘ਚੋਰੀ ਦਾ ਮਾਲ ਟੈਂਪੂ ਭਰ ਕੇ ਮਿਲਿਆ ਹੈ ਅਤੇ ‘ਕਾਲੇ ਧਨ ਦੀਆਂ ਕਿੰਨੀਆਂ ਬੋਰੀਆਂ ਭਰ ਕੇ ਰੁਪਏ ਮਾਰੇ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਦੇਸ਼ ਵਾਸੀਆਂ ਨੂੰ ਜਵਾਬ ਦੇਣਾ ਪਵੇਗਾ। ਕਾਂਗਰਸ ਪ੍ਰਧਾਨ ਮੰਤਰੀ ’ਤੇ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਸਮੇਤ ਦੇਸ਼ ਦੇ ਸਿਖਰਲੇ ਪੰਜ ਕਾਰੋਬਾਰੀਆਂ ਦਾ ਪੱਖ ਪੂਰਨ ਦੇ ਦੋਸ਼ ਲਾਉਂਦੀ ਆਈ ਹੈ। -ਪੀਟੀਆਈ

ਮੋਦੀ ਜਾਂਚ ਲਈ ਸੀਬੀਆਈ ਤੇ ਈਡੀ ਭੇਜਣ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਅਡਾਨੀ ਅਤੇ ਅੰਬਾਨੀ ਨੇ ਉਨ੍ਹਾਂ ਦੀ ਪਾਰਟੀ ਨੂੰ ਟੈਂਪੂ ਭਰ ਕੇ ਪੈਸਾ ਭੇਜਿਆ ਹੈ ਤਾਂ ਉਹ ਸੀਬੀਆਈ ਜਾਂ ਈਡੀ ਤੋਂ ਇਸ ਦੀ ਜਾਂਚ ਕਰਵਾ ਲੈਣ। ਰਾਹੁਲ ਨੇ ਵੀਡੀਓ ਸੁਨੇਹੇ ’ਚ ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਕੀ ਮੋਦੀ ਕਾਰੋਬਾਰੀਆਂ ਵੱਲੋਂ ਪੈਸੇ ਭੇਜਣ ਬਾਰੇ ਆਪਣੇ ਨਿੱਜੀ ਤਜਰਬੇ ਨੂੰ ਦੇਖਦਿਆਂ ਅਜਿਹੇ ਬਿਆਨ ਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਨੇ ਜਿਹੜਾ ਪੈਸਾ ਦੋ ਕਾਰੋਬਾਰੀਆਂ ਨੂੰ ਦਿੱਤਾ ਹੈ, ਕਾਂਗਰਸ ਪਾਰਟੀ ਓਨਾ ਹੀ ਪੈਸਾ ਵੱਖ ਵੱਖ ਯੋਜਨਾਵਾਂ ਰਾਹੀਂ ਦੇਸ਼ ਦੇ ਲੋਕਾਂ ਨੂੰ ਦੇਵੇਗੀ ਜਿਸ ਦਾ ਪਾਰਟੀ ਨੇ ਵਾਅਦਾ ਵੀ ਕੀਤਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਭਾਜਪਾ ਦੇ ਭ੍ਰਿਸ਼ਟਾਚਾਰ ਦੇ ਟੈਂਪੂ ਦਾ ਡਰਾਈਵਰ ਅਤੇ ਹੈਲਪਰ ਕੌਣ ਹਨ। ‘ਮੋਦੀ ਜੀ, ਕੀ ਤੁਸੀਂ ਡਰ ਗਏ ਹੋ? ਆਮ ਤੌਰ ’ਤੇ ਤੁਸੀਂ ਬੰਦ ਕਮਰਿਆਂ ’ਚ ਅਡਾਨੀ ਅਤੇ ਅੰਬਾਨੀ ਬਾਰੇ ਗੱਲਬਾਤ ਕਰਦੇ ਹੋ ਪਰ ਪਹਿਲੀ ਵਾਰ ਹੈ ਜਦੋਂ ਤੁਸੀਂ ਅਡਾਨੀ ਤੇ ਅੰਬਾਨੀ ਬਾਰੇ ਜਨਤਕ ਤੌਰ ’ਤੇ ਗੱਲ ਕੀਤੀ ਹੈ।’ ਰਾਹੁਲ ਨੇ ਕਿਹਾ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਦੋਵੇਂ ਕਾਰੋਬਾਰੀ ਟੈਂਪੂ ਭਰ ਕੇ ਪੈਸੇ ਦਿੰਦੇ ਹਨ। ‘ਕੀ ਇਹ ਤੁਹਾਡਾ ਨਿੱਜੀ ਤਜਰਬਾ ਹੈ?’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਡਰਨ ਨਾ ਅਤੇ ਸੀਬੀਆਈ ਤੇ ਈਡੀ ਭੇਜ ਕੇ ਇਸ ਦੀ ਮੁਕੰਮਲ ਜਾਂਚ ਕਰਾਉਣ। -ਪੀਟੀਆਈ

Advertisement
Author Image

joginder kumar

View all posts

Advertisement
Advertisement
×