For the best experience, open
https://m.punjabitribuneonline.com
on your mobile browser.
Advertisement

ਕਿੱਸਾਕਾਰੀ ਦਾ ਸ਼ਾਹਸਵਾਰ ਹਾਸ਼ਮ ਸ਼ਾਹ

12:19 PM Sep 21, 2024 IST
ਕਿੱਸਾਕਾਰੀ ਦਾ ਸ਼ਾਹਸਵਾਰ ਹਾਸ਼ਮ ਸ਼ਾਹ
Advertisement

ਬਲਵਿੰਦਰ ਸਿੰਘ ਭੁੱਲਰ

ਸਦੀਆਂ ਪਹਿਲਾਂ ਵੀ ਪੰਜਾਬੀ ਨੂੰ ਉੱਚ ਦੁਮਾਲੜੇ ਤੱਕ ਪਹੁੰਚਾਉਣ ਵਾਲੇ ਉੱਚਕੋਟੀ ਦੇ ਕਵੀ ਹੋਏ ਹਨ। ਉਨ੍ਹਾਂ ਨੇ ਭਾਵੇਂ ਵੱਖ ਵੱਖ ਵਿਸ਼ਿਆਂ ’ਤੇ ਕਈ ਕਈ ਲੰਬੀਆਂ ਕਾਵਿਕ ਰਚਨਾਵਾਂ ਰਚੀਆਂ, ਪਰ ਕੋਈ ਇੱਕ ਅਜਿਹੀ ਹੋ ਨਿੱਬੜਦੀ ਹੈ ਜੋ ਉਨ੍ਹਾਂ ਦੇ ਨਾਂ ਨਾਲ ਹੀ ਜੁੜ ਜਾਂਦੀ ਹੈ। ਜਿਵੇਂ ਵਾਰਸ ਸ਼ਾਹ ਦੀ ਹੀਰ, ਕਾਦਰਯਾਰ ਦਾ ਪੂਰਨ ਭਗਤ, ਪੀਲੂ ਦਾ ਮਿਰਜ਼ਾ, ਫ਼ਜ਼ਲ ਸ਼ਾਹ ਦੀ ਸੋਹਣੀ, ਰਮਲ ਨਜੂਮ ਹਾਸ਼ਮੀ ਦੀ ਲੈਲਾ ਮਜਨੂੰ। ਇਸੇ ਤਰ੍ਹਾਂ ਦੀ ਰਚਨਾ ਹੈ ਹਾਸ਼ਮ ਸ਼ਾਹ ਦੀ ਸੱਸੀ ਪੁੰਨੂੰ ਜੋ ਸੁਣੀ ਸੁਣਾਈ ਨਹੀਂ ਬਲਕਿ ਖੋਜ ਭਰਪੂਰ ਰਚਨਾ ਹੈ।
ਹਾਸ਼ਮ ਆਪਣੇ ਸਮੇਂ ਦਾ ਰਹੱਸਮਈ ਸ਼ਾਇਰ, ਰੁਮਾਂਸ ਵਿੱਚੋਂ ਸੂਫ਼ੀਆਨਾ ਅਤੇ ਸੂਫ਼ੀਆਨਾ ਵਿੱਚੋਂ ਰੁਮਾਂਸ ਦਾ ਨਿਖੇੜਾ ਕਰਨ ਵਾਲਾ ਪੰਜਾਬੀ ਦਾ ਪਹਿਲਾ ਅਜਿਹਾ ਕਵੀ ਹੈ, ਜਿਸ ਦੀ ਕਵਿਤਾ ਵਿੱਚ ਦਰਦ, ਚੀਸ, ਬਿਰਹਾ ਦੇ ਨਾਲ ਨਾਲ ਪ੍ਰੇਮ ਰੰਗ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਸੰਨ 1735 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਵਿਖੇ ਕਾਸਮ ਸ਼ਾਹ ਦੇ ਘਰ ਮਾਤਾ ਰਜਨੀ ਮਾਈ ਦੀ ਕੁੱਖੋਂ ਜਨਮੇ ਹਾਸ਼ਮ ਨੇ ਆਪਣਾ ਸਮੁੱਚਾ ਜੀਵਨ ਇਸੇ ਪਿੰਡ ਵਿੱਚ ਬਤੀਤ ਕੀਤਾ। ਉਸ ਨੇ ਕੁਝ ਪੜ੍ਹਾਈ ਕੀਤੀ ਤੇ ਹਿਕਮਤ ਵੀ ਕੀਤੀ। ਉਸ ਦੇ ਪਿੰਡ ਦੇ ਹੀ ਨਜ਼ਦੀਕ ਪਿੰਡ ਕੰਦੋਵਾਲੀ ਦੇ ਇੱਕ ਸੰਤ ਮਾਣਕ ਦਾਸ ਨਾਲ ਉਸ ਦਾ ਸੰਪਰਕ ਹੋ ਗਿਆ, ਜਿੱਥੋਂ ਉਸ ਨੂੰ ਅਧਿਆਤਮਕ ਸਿੱਖਿਆ ਪ੍ਰਾਪਤ ਹੋਈ। ਉਸ ਨੇ ਕਵਿਤਾ ਲਿਖਣੀ ਅਰੰਭ ਕੀਤੀ, ਜਿਸ ਵਿੱਚ ਸੂਫ਼ੀਆਨਾ ਪ੍ਰਭਾਵ ਵੀ ਮਿਲਦਾ ਹੈ ਅਤੇ ਪ੍ਰੇਮ ਰਸ ਵੀ ਘੁਲਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ’ਤੇ ਉਸ ਨੇ ਇੱਕ ਵਾਰ ਆਪਣੀ ਕਵਿਤਾ ਸੁਣਾਈ ‘ਕਾਮਿਲ ਸ਼ੌਕ ਮਾਹੀ ਦਾ ਮੈਨੂੰ, ਰਹੇ ਜਿਗਰ ਵਿੱਚ ਵਸਦਾ, ਲੂੰ ਲੂੰ ਰਸਦਾ।’ ਮਹਾਰਾਜੇ ਨੇ ਖ਼ੁਸ਼ ਹੋ ਕੇ ਬਹੁਤ ਸਾਰਾ ਇਨਾਮ ਦਿੱਤਾ। ਉਸ ਤੋਂ ਬਾਅਦ ਦਰਬਾਰ ਵਿੱਚ ਉਸ ਨੂੰ ਬਹੁਤ ਮਾਣ ਸਨਮਾਨ ਮਿਲਦਾ ਰਿਹਾ। ਉਸ ਦੀ ਸ਼ਾਇਰੀ ਬੜੀ ਅਨੂਠੀ ਤੇ ਸਰਲ ਸੀ, ਜਿਸ ਵਿੱਚ ਕਿਤੇ ਕਿਤੇ ਅਰਬੀ, ਉਰਦੂ, ਫ਼ਾਰਸੀ ਦੇ ਸ਼ਬਦ ਵੀ ਮਿਲਦੇ ਹਨ। ਉਸ ਨੇ ਕਵਿਤਾ ਰੂਪ ਵਿੱਚ ਸੀਰੀ ਫਰਹਾਦ, ਹੀਰ ਰਾਂਝਾ, ਸੱਸੀ ਪੁੰਨੂੰ, ਵਾਰ ਮਹਾਂ ਸਿੰਘ, ਮਹਿਮੂਦ ਗਜ਼ਨਵੀ, ਗਿਆਨ ਪ੍ਰਕਾਸ਼ ਸਮੇਤ ਦੋਹਰੇ, ਸੀਹਰਫ਼ੀਆ ਆਦਿ ਵੀ ਲਿਖੀਆਂ ਹਨ। ਉਸ ਦੀ ਸਭ ਤੋਂ ਸ਼ਾਹਕਾਰ ਰਚਨਾ ਸੱਸੀ ਪੁੰਨੂੰ ਮੰਨੀ ਜਾਂਦੀ ਹੈ, ਜਿਸ ਨੂੰ ਲੋਕਾਂ ਨੇ ਅਜਿਹੀ ਮਾਨਤਾ ਦਿੱਤੀ ਕਿ ਉਸ ਦੇ ਨਾਲ ਇਹ ਰਚਨਾ ਅਮਰ ਹੋ ਗਈ ਹੈ। ਸੰਨ 1843 ਵਿੱਚ ਉਸ ਦੀ ਆਪਣੇ ਪਿੰਡ ਵਿੱਚ ਹੀ ਮੌਤ ਹੋ ਗਈ, ਪਰ ਉਸ ਨੂੰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿਖੇ ਦਫ਼ਨਾਇਆ ਗਿਆ, ਜਿੱਥੇ ਉਸ ਦੀ ਦਰਗਾਹ ਮੌਜੂਦ ਹੈ। ਹਾਸ਼ਮ ਦੇ ਸਿਰਫ਼ ਇਕਲੌਤੀ ਪੁੱਤਰੀ ਸੀ, ਜਿਸ ਦੀ ਔਲਾਦ ਅੱਜ ਵੀ ਜ਼ਿਲ੍ਹਾ ਸਿਆਲਕੋਟ ਵਿੱਚ ਵਸਦੀ ਹੈ।
ਹਾਸ਼ਮ ਨੇ ਅਧਿਆਤਮਕ ਰਹੱਸ ਨੂੰ ਇਸ਼ਕ ਦੇ ਰੂਪ ਵਿੱਚ ਵੇਖਿਆ ਅਤੇ ਰਚਿਆ। ਉਸ ਦੀ ਇਸ਼ਕ ਮਜਾਜ਼ੀ ਦੀ ਰਚਨਾ ਉੱਚ ਦਰਜੇ ਦੀ ਹੈ, ਜਿਸ ਵਿੱਚ ਰੁਮਾਂਸ ਤੇ ਸੂਫ਼ੀ ਅੰਸ਼ ਰਲੇ ਮਿਲੇ ਹੋਏ ਹਨ। ਇਹੋ ਕਾਰਨ ਹੈ ਕਿ ਉਸ ਦੀ ਰਚਨਾ ਪਾਠਕ ਨੂੰ ਉਤੇਜਿਤ ਨਹੀਂ ਕਰਦੀ ਬਲਕਿ ਉਸ ਦੇ ਮਨ ਦੇ ਭਾਵਾਂ ਨੂੰ ਹਲੂਣ ਕੇ ਡੂੰਘੇ ਵਹਿਣ ਵੱਲ ਤੋਰ ਦਿੰਦੀ ਹੈ। ਉਸ ਨੇ ਇਸ਼ਕ ਨੂੰ ਪਾਰਸ ਦਾ ਰੁਤਬਾ ਦਿੱਤਾ ਹੈ;
ਪਾਰਸ ਇਸ਼ਕ ਜਿਨ੍ਹਾਂ ਨੂੰ ਮਿਲਿਆ
ਉਹਦੀ ਜਾਤ ਸਕਲ ਸਭ ਮੇਟੀ।
ਹਾਸ਼ਮ ਹੀਰ ਬਣੀ ਜਗ ਮਾਤਾ
ਭਲਾ ਕੌਣ ਕੰਗਾਲ ਜਟੇਟੀ।
ਉਹ ਆਪਣੀ ਮਕਬੂਲ ਰਚਨਾ ਸੱਸੀ ਪੁੰਨੂੰ ਰਚਦਿਆਂ ਵਰਣਨ ਕਰਦਾ ਹੈ ਕਿ ਜਦ ਪੁੰਨੂੰ ਨੂੰ ਉਸ ਦੇ ਭਰਾ ਚੁੱਕ ਕੇ ਲੈ ਗਏ ਅਤੇ ਸੱਸੀ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਵਿਛੋੜੇ ਵਿੱਚ ਆਪਣੇ ਸਿੰਗਾਰ ਤੋੜ ਸੁੱਟੇ। ਹਾਸ਼ਮ ਲਿਖਦਾ ਹੈ;
ਨਾ ਉਹ ਊਠ ਨਾ ਊਠਾਂ ਵਾਲੇ
ਨਾ ਉਹ ਜਾਮ ਸੁਰਾਹੀ।
ਹਾਸ਼ਮ ਤੋੜ ਸ਼ਿੰਗਾਰ ਸੱਸੀ ਨੇ
ਖਾਕ ਮਿੱਟੀ ਸਿਰ ਪਾਈ।
ਫਿਰ ਪੁੰਨੂੰ ਦੀ ਭਾਲ ਵਿੱਚ ਸੱਸੀ ਕਿਵੇਂ ਤੱਤੇ ਰੇਤ ’ਤੇ ਵਿਲਕਦੀ ਫਿਰਦੀ ਹੈ? ਉਨ੍ਹਾਂ ਹਾਲਤਾਂ ਬਾਰੇ ਇੱਕ ਮਨ ਹੋ ਕੇ ਪੜ੍ਹਦਿਆਂ ਪਾਠਕ ਨੂੰ ਇੱਕ ਤਰ੍ਹਾਂ ਸੱਸੀ ਦੀਆਂ ਚੀਕਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ, ਉਸ ਨੂੰ ਸਾਹਮਣੇ ਥੱਕੀ ਟੁੱਟੀ ਭੱਜੀ ਜਾਂਦੀ ਸੱਸੀ ਦਿਸਣ ਲੱਗ ਪੈਂਦੀ ਹੈ। ਉਹ ਲਿਖਦਾ ਹੈ;
ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ,ਜਿਉਂ ਜੌ ਭੁੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬੱਦਲੀ
ਡਰਦਾ ਲਿਸ਼ਕ ਨਾ ਮਾਰੇ।
ਹਾਸ਼ਮ ਦੇਖ ਯਕੀਨ ਸੱਸੀ ਦਾ, ਸਿਦਕੋ ਮੂਲ ਨਾ ਹਾਰੇ।
ਹਾਲਾਤ ਨੂੰ ਕਰੁਣਾਮਈ ਰੰਗਤ ਨਾਲ ਇਉਂ ਪੇਸ਼ ਕਰਦਾ ਹੈ ਕਿ ਪੱਥਰ ਵੀ ਢਲ ਜਾਵੇ। ਪਾਠਕ ਅੱਖਾਂ ਬੰਦ ਕਰਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ;
ਓੜਕ ਵਕਤ ਕਹਿਰ ਦੀਆਂ ਕੂਕਾਂ
ਸੁਣ ਪੱਥਰ ਢਲ ਜਾਵੇ।
ਜਿਸ ਡਾਚੀ ਮੇਰਾ ਪੁੰਨੂੰ ਖੜਿਆ
ਸ਼ਾਲਾ ਉਹ ਨਰਕਾਂ ਨੂੰ ਜਾਵੇ।
ਸੱਸੀ ਦੀ ਮੌਤ ਤੋਂ ਬਾਅਦ ਪੁੰਨੂੰ ਵੀ ਉਸ ਨੂੰ ਭਾਲਦਾ ਹੋਇਆ ਸੱਸੀ ਦੀ ਕਬਰ ’ਤੇ ਪਹੁੰਚ ਜਾਂਦਾ ਹੈ ਤੇ ਪ੍ਰਾਣ ਤਿਆਗ ਦਿੰਦਾ ਹੈ, ਜਿੱਥੇ ਇਹ ਪ੍ਰੇਮ ਸਿਰੇ ਚੜ੍ਹਦਿਆਂ ਕਹਾਣੀ ਦਾ ਅੰਤ ਹੁੰਦਾ ਹੈ। ਇਸ ਅੰਤਲੇ ਸਮੇਂ ਨੂੰ ਹਾਸ਼ਮ ਇਉਂ ਵਰਣਨ ਕਰਦਾ ਹੈ;
ਗੱਲ ਸੁਣ ਹੋਤ ਜ਼ਿਮੀਂ ਤੇ ਡਿੱਗਾ, ਖਾ ਕਲੇਜੇ ਕਾਨੀ।
ਖੁੱਲ੍ਹ ਗਈ ਗੌਰ ਪਿਆ ਵਿੱਚ ਕਬਰੇ, ਫੇਰ ਮਿਲੇ ਦਿਲ ਜਾਨੀ।
ਖਾਤਰ ਇਸ਼ਕ ਗਈ ਰਲ ਮਿੱਟੀ, ਸੂਰਤ ਹੁਸਨ ਜਵਾਨੀ।
ਹਾਸ਼ਮ ਇਸ਼ਕ ਕਮਾਲ ਸੱਸੀ ਦਾ, ਜਗ ਵਿੱਚ ਰਹੀ ਕਹਾਣੀ।
ਹਾਸ਼ਮ ਵਿੱਚ ਘੱਟ ਸ਼ਬਦਾਂ ਰਾਹੀਂ ਵੱਡੀ ਗੱਲ ਕਹਿਣ ਦੀ ਕਲਾ ਸੀ, ਸੱਸੀ ਪੁੰਨੂੰ ਦੀ ਰਚਨਾ ਵੀ ਉਸ ਨੇ ਸੰਜਮ ਨਾਲ ਸ਼ਬਦਾਂ ਦੀ ਵਰਤੋਂ ਕਰਦਿਆਂ ਕੀਤੀ। ਇਸ ਦੇ 126 ਦਵੱਈਆ ਛੰਦ ਹਨ, ਜਿਸ ਵਿੱਚ ਪੂਰੀ ਕਹਾਣੀ ਕਲਮਬੱਧ ਕਰ ਦਿੱਤੀ ਹੈ। ਇਹ ਲਿਖਤ ਉਸਦੀ ਰੁਮਾਂਟਿਕ ਤੇ ਇਸ਼ਕ ਮਜਾਜ਼ੀ ਕਲਾ ਦਾ ਨਮੂਨਾ ਹੈ ਤੇ ਇਸ ਵਿੱਚ ਮਿਠਾਸ ਤੇ ਰਸ ਡੁੱਲ੍ਹ ਡੁੱਲ ਪੈਂਦਾ ਹੈ। ਜਿਸ ਨੂੰ ਕਲਮਬੱਧ ਕਰਦਿਆਂ ਹਾਸ਼ਮ ਨੇ ਪੰਜਾਬੀ ਨੂੰ ਨਵਾਂ ਰੰਗ ਚਾੜ੍ਹਿਆ। ਉਹ ਸੂਫ਼ੀਆਨਾ ਤੇ ਰੁਮਾਂਸ ਨੂੰ ਸਾਂਝੇ ਤੌਰ ’ਤੇ ਪੇਸ਼ ਕਰਨ ਵਾਲਾ ਕਿੱਸਾਕਾਰੀ ਦਾ ਸਦੀਆਂ ਪਹਿਲਾਂ ਹੋਇਆ ਅਜਿਹਾ ਸ਼ਾਹਸਵਾਰ ਸ਼ਾਇਰ ਹੈ, ਜਿਸ ਦੀਆਂ ਰਚਨਾਵਾਂ ਨੂੰ ਅੱਜ ਵੀ ਪੰਜਾਬੀ ਪ੍ਰੇਮੀ ਪੂਰੇ ਮਾਣ ਸਤਿਕਾਰ ਨਾਲ ਪੜ੍ਹਦੇ ਹਨ।

Advertisement

ਸੰਪਰਕ: 98882-75913

Advertisement

Advertisement
Author Image

sukhwinder singh

View all posts

Advertisement