For the best experience, open
https://m.punjabitribuneonline.com
on your mobile browser.
Advertisement

ਸ਼ਾਹ ਦੀ ਫਰਜ਼ੀ ਵੀਡੀਓ: ਰੇਵੰਤ ਰੈੱਡੀ ਨੂੰ ਜਾਂਚ ’ਚ ਸ਼ਾਮਲ ਹੋਣ ਦਾ ਹੁਕਮ

07:00 AM Apr 30, 2024 IST
ਸ਼ਾਹ ਦੀ ਫਰਜ਼ੀ ਵੀਡੀਓ  ਰੇਵੰਤ ਰੈੱਡੀ ਨੂੰ ਜਾਂਚ ’ਚ ਸ਼ਾਮਲ ਹੋਣ ਦਾ ਹੁਕਮ
ਚੋਣ ਕਮਿਸ਼ਨਰ ਨਾਲ ਮੁਲਾਕਾਤ ਮਗਰੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਸ਼ਵਨੀ ਵੈਸ਼ਨਵ। -ਫੋਟੋ: ਮਾਨਸ ਰੰਜਨ ਭੂਈ
Advertisement

ਨਵੀਂ ਦਿੱਲੀ, 29 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਸ਼ਲ ਮੀਡੀਆ ’ਤੇ ਤੋੜ-ਮਰੋੜ ਕੇ ਵਾਇਰਲ ਕੀਤੀ ਗਈ ਵੀਡੀਓ ਮਾਮਲੇ ਦਿੱਲੀ ਪੁਲੀਸ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਪਹਿਲੀ ਮਈ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲੀਸ ਨੇ ‘ਐਕਸ’ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੂੰ ਪੱਤਰ ਲਿਖ ਕੇ ਇਸ ਵੀਡੀਓ ਦੇ ਸਰੋਤਾਂ ਬਾਰੇ ਜਾਣਕਾਰੀ ਮੰਗੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਰੈੱਡੀ ਸਮੇਤ ਤਿਲੰਗਾਨਾ ਕਾਂਗਰਸ ਦੇ ਪੰਜ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਰੈੱਡੀ ਨੂੰ ਪੁੱਛ ਪੜਤਾਲ ਦੌਰਾਨ ਆਪਣਾ ਮੋਬਾਈਲ ਫੋਨ ਨਾਲ ਲਿਆਉਣ ਲਈ ਕਿਹਾ ਗਿਆ ਹੈ ਜਿਸ ਦੀ ਵਰਤੋਂ ਕਥਿਤ ਤੌਰ ’ਤੇ ਇਹ ਵੀਡੀਓ ‘ਐਕਸ’ ’ਤੇ ਸਾਂਝੀ ਕਰਨ ਲਈ ਕੀਤੀ ਗਈ ਸੀ। ਰੈੱਡੀ ਕਾਂਗਰਸ ਦੀ ਤਿਲੰਗਾਨਾ ਇਕਾਈ ਦੇ ਪ੍ਰਧਾਨ ਵੀ ਹਨ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸੋਸ਼ਲ ਮੀਡੀਆ ਮੰਚਾਂ ’ਤੇ ਸ਼ਾਹ ਦੀ ਫਰਜ਼ੀ ਵੀਡੀਓ ਸਾਂਝੀ ਕੀਤੇ ਜਾਣ ਦੇ ਸਿਲਸਿਲੇ ’ਚ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਬੀਤੇ ਦਿਨ ਕੇਸ ਦਰਜ ਕੀਤਾ ਸੀ।
ਇਸੇ ਦੌਰਾਨ ਪੁਲੀਸ ਨੇ ‘ਐਕਸ’ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੂੰ ਪੱਤਰ ਲਿਖ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਫਰਜ਼ੀ ਵੀਡੀਓ ਦੇ ਸਰੋਤ ਬਾਰੇ ਜਾਣਕਾਰੀ ਮੰਗੀ ਹੈ ਜਿਸ ਨੂੰ ਆਨਲਾਈਨ ਸਾਂਝਾ ਕੀਤਾ ਗਿਆ ਸੀ। ਸੂਤਰਾਂ ਨੇ ਕਿਹਾ, ‘ਮਾਮਲੇ ਦੀ ਢੁੱਕਵੀਂ ਜਾਂਚ ਕਰਨ ਤੇ ਦੋਸ਼ੀਆਂ ਨੂੰ ਫੜਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ। ਵੀਡੀਓ ਦੇ ਸਬੰਧ ਵਿੱਚ ਐਕਸ ਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੂੰ ਪੱਤਰ ਲਿਖਿਆ ਗਿਆ ਹੈ। ਅਸੀਂ ਵੀਡੀਓ ਦੇ ਸਰੋਤ ਤੇ ਇਸ ਨੂੰ ਅੱਗੇ ਫੈਲਾਉਣ ਲਈ ਜ਼ਿੰਮੇਵਾਰ ਲੋਕਾਂ, ਦੋਵਾਂ ਦੀ ਪੜਤਾਲ ਕਰ ਰਹੇ ਹਾਂ।’
ਜ਼ਿਕਰਯੋਗ ਹੈ ਕਿ ਕਥਿਤ ਫਰਜ਼ੀ ਵੀਡੀਓ ’ਚ ਤਿਲੰਗਾਨਾ ’ਚ ਧਾਰਮਿਕ ਆਧਾਰ ’ਤੇ ਮੁਸਲਮਾਨਾਂ ਲਈ ਰਾਖਵਾਂਕਰਨ ਖਤਮ ਕਰਨ ਦੀ ਪ੍ਰਤੀਬੱਧਤਾ ਜ਼ਾਹਿਰ ਕਰਨ ਦਾ ਸੰਕੇਤ ਦੇਣ ਸਬੰਧੀ ਸ਼ਾਹ ਦੇ ਬਿਆਨ ਨੂੰ ਤੋੜ-ਮਰੋੜ ਕੇ ਇਸ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਉਹ ਹਰ ਤਰ੍ਹਾਂ ਦਾ ਰਾਖਵਾਂਕਰਨ ਖਤਮ ਕਰਨ ਦੀ ਵਕਾਲਤ ਕਰ ਰਹੇ ਹੋਣ। ਪੁਲੀਸ ਦੇ ਸੂਤਰਾਂ ਅਨੁਸਾਰ ਇਸ ਮਾਮਲੇ ’ਚ ਦੇਸ਼ ਭਰ ਵਿੱਚ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। -ਪੀਟੀਆਈ

Advertisement

ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਕਾਂਗਰਸ ਖ਼ਿਲਾਫ਼ ਸ਼ਿਕਾਇਤ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਕਾਂਗਰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਕਿ ਉਸ ਨੇ ਚੋਣ ਪ੍ਰਕਿਰਿਆ ਨੂੰ ਲੀਹੋਂ ਲਾਹੁਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਬਹੁਤ ਹੀ ਫਰਜ਼ੀ ਤੇ ਤੋੜ ਮਰੋੜ ਕੇ ਪੇਸ਼ ਕੀਤੀ ਵੀਡੀਓ ਫੈਲਾਈ ਹੈ। ਭਾਜਪਾ ਨੇ ਕਾਂਗਰਸ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਤੇ ਪਾਰਟੀ ਦੇ ਕੌਮੀ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਟੀਐੱਮਸੀ ਖ਼ਿਲਾਫ਼ ਸ਼ਿਕਾਇਤ ਕੀਤੀ ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਹਿੰਸਾ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਭਾਜਪਾ ਨੇ ਪੱਛਮੀ ਬੰਗਾਲ ’ਚ ਨਿਰਪੱਖ ਤੇ ਆਜ਼ਾਦ ਚੋਣਾਂ ਕਰਾਉਣ ਦੀ ਵੀ ਮੰਗ ਕੀਤੀ। ਅਸ਼ਵਨੀ ਵੈਸ਼ਨਵ ਨੇ ਕਿਹਾ, ‘ਕਾਂਗਰਸ ਇੱਕ ਬੇਹੱਦ ਫਰਜ਼ੀ ਤੇ ਤੋੜੀ-ਮਰੋੜੀ ਹੋਈ ਵੀਡੀਓ ਰਾਹੀਂ ਪੂਰੀ ਚੋਣ ਪ੍ਰਕਿਰਿਆ ਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ। ਅਸੀਂ ਅੱਜ ਇਸ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਹੈਂਡਲ ’ਤੇ ਇੱਕ ਫਰਜ਼ੀ ਵੀਡੀਓ ਪੋਸਟ ਕਰਕੇ ਲੋਕਾਂ ਵਿਚਾਲੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।’ -ਪੀਟੀਆਈ

Advertisement
Author Image

Advertisement
Advertisement
×