Shahrukh Khan Threat Case: ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ
ਮੁੰਬਈ, 21 ਨਵੰਬਰ
Shahrukh Khan Threat Case: ਬਾਲੀਵੁੱਡ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ ਖਾਨ ਨੇ ਅਭਿਨੇਤਾ ਅਤੇ ਉਸ ਦੇ ਪਰਿਵਾਰ ਦੇ ਸੰਵੇਦਨਸ਼ੀਲ ਸੁਰੱਖਿਆ ਵੇਰਵੇ ਹਾਸਲ ਕਰਨ ਲਈ ਆਨਲਾਈਨ ਖੋਜ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕਰਨ ਤੋਂ ਪਹਿਲਾਂ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਅਤੇ ਬੇਟੇ ਆਰੀਅਨ ਖਾਨ ਦੇ ਸੁਰੱਖਿਆ ਵੇਰਵਿਆਂ ਅਤੇ ਉਨ੍ਹਾਂ ਬਾਰੇ ਵਿਆਪਕ ਆਨਲਾਈਨ ਖੋਜ ਕੀਤੀ ਸੀ।
ਬਾਂਦਰਾ ਪੁਲਿਸ ਦੀ ਜਾਂਚ ਟੀਮ ਨੇ ਫੈਜ਼ਾਨ ਖਾਨ ਦੇ ਦੂਜੇ ਮੋਬਾਈਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਖੁਲਾਸਾ ਕੀਤਾ। ਦੋਸ਼ੀ ਵਕੀਲ ਅਗਲੇ ਦਸ ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਪੁੱਛਗਿੱਛ ਦੌਰਾਨ ਜਾਣਕਾਰੀ ਇਕੱਠੀ ਕਰਨ ਦੇ ਪਿੱਛੇ ਦੇ ਉਸ ਦੇ ਉਦੇਸ਼ਾਂ ਬਾਰੇ ਗੁੰਮਰਾਹਕੁੰਨ ਜਵਾਬ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਫੈਜ਼ਾਨ ਖਾਨ ਬਾਂਦਰਾ ਪੁਲੀਸ ਸਟੇਸ਼ਨ ਲੈਂਡਲਾਈਨ ’ਤੇ ਧਮਕੀ ਭਰੀ ਕਾਲ ਕੀਤੀ ਸੀ। ਫੈਜ਼ਾਨ ਖਾਨ ਨੇ ਕਥਿਤ ਤੌਰ ’ਤੇ ਫੋਨ ਚੁੱਕਣ ਵਾਲੇ ਪੁਲੀਸ ਮੁਲਾਜ਼ਮ ਨੂੰ ਕਿਹਾ, ‘‘ਕੀ ਸ਼ਾਹਰੁਖ ਖਾਨ ਉਹੀ ਨਹੀਂ ਹੈ ਜੋ 'ਮੰਨਤ' (ਬੰਗਲਾ) ਵਿੱਚ ਰਹਿੰਦਾ ਹੈ... ਇੱਕ ਬੈਂਡਸਟੈਂਡ ਵਾਲਾ... ਜੇਕਰ ਉਹ 50 ਲੱਖ ਰੁਪਏ ਨਹੀਂ ਦਿੰਦਾ ਹੈ। , ਮੈਂ ਉਸਨੂੰ ਮਾਰ ਦਿਆਂਗਾ।” ਆਈਏਐੱਨਐੱਸ