‘ਮਹਿਕ ਪੀੜਾਂ ਦੀ’ ਦਾ ਸ਼ਾਹਮੁਖੀ ਸੰਸਕਰਣ ਲੋਕ ਅਰਪਣ
ਸਤਨਾਮ ਸਿੰਘ ਢਾਅ/ਜਰਨੈਲ ਸਿੰਘ ਤੱਗੜ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਤਰਤਾ ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਖੇ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਮਨੁੱਖੀ ਜ਼ਿੰਦਗੀ ਨੂੰ ਦੁੱਖਾਂ ਸੁੱਖਾਂ ਦਾ ਸਮੇਲ ਦੱਸਦਿਆਂ (ਅਨੂਪ ਸਿੰਘ ਵਿਰਕ, ਸੁਰਜਨ ਜ਼ੀਰਵੀ, ਡਾ. ਮਨੋਹਰ ਸਿੰਘ ਗਿੱਲ, ਜੁਗਿੰਦਰ ਅਮਰ, ਸੁਖਪਾਲ ਸਿੰਘ ਸੱਗੂ, ਦੇਸ਼ ਭਗਤ ਯਾਦਗਾਰ ਦੇ ਸਹਾਇਕ ਸਕੱਤਰ ਚਰੰਜੀ ਲਾਲ ਦੇ ਨੌਜੁਆਨ ਸਪੁੱਤਰ ਨਵਦੀਪ ਕੁਮਾਰ ਦੀ ਬੇਵਕਤੀ ਮੌਤ) ਸ਼ੋਕ ਸਮਾਚਾਰ ਸਾਂਝੇ ਕੀਤੇ। ਵਿਸ਼ਵ ਯੱਧ ਦੇ ਸ਼ਹੀਦਾਂ, 1984 ਦੇ ਕਤਲੇਆਮ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਯਾਦ ਕੀਤਾ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਦੌਰਾਨ ਕੈਲਗਰੀ ਦੇ ਸ਼ਾਇਰ ਕੇਸਰ ਸਿੰਘ ਨੀਰ ਦੀ ‘ਮਹਿਕ ਪੀੜਾਂ ਦੀ’ ਪੁਸਤਕ ਸ਼ਾਹਮੁਖੀ ਵਿੱਚ ਰਿਲੀਜ਼ ਕੀਤੀ ਗਈ। ਗੁਰਚਰਨ ਕੌਰ ਥਿੰਦ ਨੇ ਇਸ ਕਿਤਾਬ ਦਾ ਕੀਤਾ ਵਿਸ਼ਲੇਸ਼ਣ ਪੜ੍ਹਿਆ, ਜਿਸ ਵਿੱਚ ਕੇਸਰ ਸਿੰਘ ਨੀਰ ਦੇ ਸਿਰਜਣ ਸਫ਼ਰ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕੇਸਰ ਸਿੰਘ ਨੀਰ ਦੇ ਸਮੁੱਚੇ ਕਾਵਿ-ਸਿਰਜਣ ਦੇ ਸਫ਼ਰ ਦਾ ਮੁਲਾਂਕਣ ਕੀਤਾ। ਉਨ੍ਹਾਂ ਇੱਕ ਕਵਿਤਾ ‘ਮਾਂ ਬੋਲੀ ਦੇ ਪਹਿਰੇਦਾਰੋ’ ਪੇਸ਼ ਕਰਕੇ ਮਾਂ ਬੋਲੀ ਦੀ ਮਹੱਤਤਾ ਬਾਰੇ ਸਰੋਤਿਆਂ ਨੂੰ ਹੋਰ ਸੁਚੇਤ ਕੀਤਾ। ਬੀਬੀ ਗੁਰਮੀਤ ਕੌਰ ਸਰਪਾਲ ਨੇ ਵੀ ਨੀਰ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਰਵੀ ਜਨਾਗਲ ਨੇ ਸ਼ਿਵ ਬਟਾਲਵੀ ਦਾ ਇੱਕ ਗੀਤ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ਨੀਰ ਦੀਆਂ ਗ਼ਜ਼ਲਾਂ ਗਾ ਕੇ ਪੇਸ਼ ਕੀਤੀਆਂ। ਅਮਰਪ੍ਰੀਤ ਸਿੰਘ ਨੇ ਇੱਕ ਗੀਤ ਪੇਸ਼ ਕੀਤਾ। ਭਗਵਾਨ ਸਿੰਘ ਲਿੱਟ ਨੇ ਆਪਣੀ ਕਵਿਤਾ ‘ਜਦ ਦਿਲ ਦੀਆਂ ਤਾਰਾਂ ਜੁੜ ਜਾਵਣ’ ਸੁਣਾ ਕੇ ਸਰੋਤਿਆਂ ਨੂੰ ਸ਼ਰਸ਼ਾਰ ਕਰ ਦਿੱਤਾ। ਪ੍ਰੀਤ ਸਾਗਰ ਸਿੰਘ ਨੇ ਆਪਣੀ ਮਿੱਟੀ (ਪੰਜਾਬ) ਦੀ ਸੁੱਖ ਮੰਗੀ। ਗਾਇਕ ਮਨਜੀਤ ਰੂਪੋਵਾਲੀਆ ਨੇ ਲਾਲਚੀ ਮਾਪਿਆਂ ਵੱਲੋਂ ਧੀ ਨੂੰ ਨਸ਼ਈ ਮੁੰਡੇ ਨਾਲ ਵਿਆਹੁਣ ਦੀ ਦਾਸਤਾਨ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਹਲੂਣ ਦਿੱਤਾ। ਸੁਰਿੰਦਰ ਸਿੰਘ ਢਿੱਲੋਂ ਨੇ ਏਅਰ ਫੋਰਸ ਦੀ ਨੌਕਰੀ ਦੌਰਾਨ 1965 ਅਤੇ 1971 ਦੀਆਂ ਲੜਾਈਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਯੁੱਧਾਂ ਵਿੱਚ ਸਿਆਸਤਦਾਨਾਂ ਦਾ ਕੁਝ ਨਹੀਂ ਜਾਂਦਾ, ਬਲਕਿ ਨਿਰਦੋਸ਼ ਤੇ ਨਿਹੱਥੇ ਲੋਕ ਹੀ ਮਾਰੇ ਜਾਂਦੇ ਹਨ।
ਬੀਬੀ ਗੁਰਨਾਮ ਕੌਰ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਪੇਸ਼ ਕਰਦੀ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਸਭਾ ਵੱਲੋਂ ਯੂਕਰੇਨ, ਫਲਸਤੀਨੀ ਜੰਗਾਂ ਦੀ ਨਿਖੇਧੀ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਤਾਰਾ ਸਿੰਘ ਹੁੰਝਣ, ਇਕਬਾਲ ਖ਼ਾਨ, ਮਹਿੰਦਰ ਕੌਰ, ਗੁਰਦੀਪ ਸਿੰਘ ਗਹੀਰ, ਕੁਲਦੀਪ ਕੌਰ ਘਟੌੜ, ਸੁਖਦੇਵ ਕੌਰ ਢਾਅ, ਅਵਤਾਰ ਕੌਰ ਤੱਗੜ, ਸੁਬਾ ਸ਼ੇਖ ਪ੍ਰੋ. ਸੁਖਵਿੰਦਰ ਸਿੰਘ ਥਿੰਦ, ਡਾ. ਹਰਮਿੰਦਰਪਾਲ ਸਿੰਘ, ਗੁਰਦਿਆਲ ਸਿੰਘ ਅਤੇ ਅਦਰਸ਼ਪਾਲ ਘਟੌੜਾ ਨੇ ਭਰਪੂਰ ਹਿੱਸਾ ਲਿਆ।
ਸੰਪਰਕ: 403-207-4412
ਤਲਵੰਡੀ ਖੁਰਦ ਦੇ ਪਰਵਾਸੀਆਂ ਵੱਲੋਂ ਭਾਈਚਾਰਕ ਸਾਂਝ ਦਾ ਸੱਦਾ
ਗੁਰਪ੍ਰੀਤ ਸਿੰਘ ਤਲਵੰਡੀ
ਸਰੀ: ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀਆਂ ਦੀ ਵਸੋਂ ਲਗਾਤਾਰ ਵਧ ਰਹੀ ਹੈ। ਸਮੁੱਚੇ ਕੈਨੇਡਾ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇਗਾ, ਜਿੱਥੇ ਪੰਜਾਬੀ ਜਾ ਕੇ ਨਾ ਵਸੇ ਹੋਣ। ਕੈਨੇਡਾ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਦੂਰ ਦਰਾਜ ਵਾਲੇ ਪੇਂਡੂ ਖੇਤਰਾਂ ਵਿੱਚ ਵੀ ਪੰਜਾਬੀਆਂ ਨੇ ਸਖ਼ਤ ਮਿਹਨਤ ਦੇ ਬਲਬੂਤੇ ਆਪਣੀ ਚੰਗੀ ਪਛਾਣ ਬਣਾਈ ਹੈ। ਵੱਖੋ-ਵੱਖ ਸਮਿਆਂ ’ਤੇ ਇਨ੍ਹਾਂ ਪੰਜਾਬੀਆਂ ਵੱਲੋਂ ਇਕੱਤਰਤਾਵਾਂ ਕੀਤੀਆਂ ਜਾਂਦੀਆਂ ਹਨ। ਇਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਲਵੰਡੀ ਖੁਰਦ ਦੇ ਵਸਨੀਕਾਂ ਵੱਲੋਂ ਸਰੀ ਵਿਖੇ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਸਮੁੱਚੇ ਸਰੀ ਸ਼ਹਿਰ, ਲੈਂਗਲੀ, ਐਲਡਰ ਗਰੋਵ, ਐਬਟਸਫੋਰਡ ਅਤੇ ਸੋਈਅਸ ਵਰਗੇ ਦੂਰ ਦੁਰਾਡੇ ਸ਼ਹਿਰਾਂ ਜਾਂ ਪੇਂਡੂ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਪਰਿਵਾਰ ਪੁੱਜੇ ਹੋਏ ਸਨ। ਪਿੰਡ ਦੇ ਉੱਦਮੀ ਨੌਜਵਾਨ ਹਰਜੀਤ ਸਿੰਘ ਧਨੋਆ, ਸੁਖਦੇਵ ਸਿੰਘ ਘੋਨਾ ਧਨੋਆ, ਗੁਰਵਿੰਦਰ ਸਿੰਘ ਸਰਾਂ, ਮਨਪ੍ਰੀਤ ਸਿੰਘ ਔਜਲਾ ਆਦਿ ਸਮੇਤ ਹੋਰ ਵੀ ਨੌਜਵਾਨਾਂ ਦੇ ਉਪਰਾਲੇ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਰਾਜਸੀ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਉਪਰਾਲੇ ਕਰਨ ਦੇ ਨਾਲ ਨਾਲ ਪੰਜਾਬ ਵਿੱਚ ਨਿੱਤ ਦਿਨ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਬਾਰੇ ਵੀ ਚਿੰਤਾ ਪ੍ਰਗਟਾਈ।
ਨੌਜਵਾਨ ਆਗੂ ਸੁਖਦੇਵ ਸਿੰਘ ਧਨੋਆ ਨੇ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਪਰਿਵਾਰਾਂ ਨੂੰ ਪੜ੍ਹਾਈ ਲਈ ਕੈਨੇਡਾ ਪੁੱਜੇ ਨਵੇਂ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਔਜਲਾ ਨੇ ਵਿਦੇਸ਼ੀ ਧਰਤੀਆਂ ’ਤੇ ਵਸਦੇ ਪਰਵਾਸੀਆਂ ਨੂੰ ਭਾਈਚਾਰਕ ਸਾਂਝ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪਿੰਡ ਦੇ ਛੋਟੇ ਬੱਚਿਆਂ ਸਮੇਤ ਗੱਭਰੂ ਤੇ ਮੁਟਿਆਰਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਬਲਜਿੰਦਰ ਸਿੰਘ ਧਨੋਆ, ਅਮਰ ਸਿੰਘ ਔਜਲਾ, ਚਮਕੌਰ ਸਿੰਘ ਸਰਾਂ, ਤਰਸੇਮ ਸਿੰਘ ਗਰੇਵਾਲ, ਟਹਿਲ ਸਿੰਘ ਸਰਾਂ, ਦਰਸ਼ਨ ਸਿੰਘ ਸਰਾਂ, ਦਲਵੀਰ ਸਿੰਘ ਸਰਾਂ, ਗਿਆਨ ਸਿੰਘ ਔਜਲਾ, ਚਮਕੌਰ ਸਿੰਘ, ਬਨਜੋਤ ਸਿੰਘ ਸੰਘੇੜਾ ਵੀ ਹਾਜ਼ਰ ਸਨ।
ਸੰਪਰਕ: 001-778-980-9196