ਪੰਜਾਬੀ ਕਲਚਰ ਦਾ ਸ਼ਾਹਜਹਾਨ
ਡਾ. ਐਮ.ਐੱਸ. ਰੰਧਾਵਾ ਨੇ ਪੰਜਾਬ ਦੇ ਨਕਸ਼ ਘੜਨ ਅਤੇ ਸੱਭਿਆਚਾਰਕ ਵਿਰਾਸਤ ਸੰਭਾਲਣ ਲਈ ਲਾਮਿਸਾਲ ਕੰਮ ਕੀਤੇ। ਉਨ੍ਹਾਂ ਨੂੰ ਪੰਜਾਬ ਦੇ ਛੇਵੇਂ ਦਰਿਆ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਾਂ ਤੇ ਸ਼ਖ਼ਸੀਅਤ ਸਬੰਧੀ ਸ਼ਬਦਾਂ ਦੇ ਜਾਦੂਗਰ ਬਲਵੰਤ ਗਾਰਗੀ ਵੱਲੋਂ ਲਿਖੀ ਦਿਲਚਸਪ ਰਚਨਾ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਾਲਾਨਾ ਚੋਣ ਸੀ।
ਪ੍ਰਧਾਨਗੀ ਲਈ ਐੱਮ.ਐੱਸ. ਰੰਧਾਵੇ ਦਾ ਨਾਮ ਪੇਸ਼ ਹੋਇਆ ਤਾਂ ਸਭ ਨੇ ਤਾੜੀਆਂ ਮਾਰੀਆਂ ਤੇ ਇਸ ਤਜਵੀਜ਼ ਦਾ ਸੁਆਗਤ ਕੀਤਾ।
ਇੱਕ ਲੇਖਕ-ਅਫਸਰ ਨੇ ਵਿਰੋਧਤਾ ਕੀਤੀ ਤੇ ਆਖਿਆ, ‘‘ਇਸ ਤਰ੍ਹਾਂ ਤਾੜੀਆਂ ਮਾਰਨ ਨਾਲ ਕਿਸੇ ਨੂੰ ਪ੍ਰਧਾਨ ਬਣਾ ਦੇਣਾ ਵਾਜਬ ਨਹੀਂ। ਬਾਕਾਇਦਾ ਚੋਣ ਹੋਣੀ ਚਾਹੀਦੀ ਹੈ। ਕੋਈ ਇੱਕ ਜਣਾ ਪ੍ਰਧਾਨ ਦਾ ਨਾਂ ਪ੍ਰਪੋਜ਼ ਕਰੇ ਤੇ ਦੂਜਾ ਇਸ ਦੀ ਤਾਈਦ ਕਰੇ। ਹੋਰ ਨਾਂ ਵੀ ਪੇਸ਼ ਹੋ ਸਕਦੇ ਹਨ।’’
ਇਹ ਸੁਣ ਕੇ ਰੰਧਾਵਾ ਗੁੱਸੇ ਵਿੱਚ ਬੋਲਿਆ, ‘‘ਚੁੱਕੋ ਆਪਣੀ ਪ੍ਰਧਾਨਗੀ। ਮੈਨੂੰ ਨਹੀਂ ਲੋੜ ਇਸ ਦੀ। ਮੈਂ ਚੀਫ਼-ਕਮਿਸ਼ਨਰੀਆਂ ਕੀਤੀਆਂ ਨੇ। ਇਹੋ ਜਿਹੇ ਸਰਕਾਰੀ ਅਫਸਰ ਤਾਂ ਮੈਂ ਨੌਕਰ ਰੱਖੇ ਨੇ। ਇਹਦੇ ਵਰਗੇ ਬੰਦੇ ਮੈਂ ਬਾਹਰ ਖੜ੍ਹੇ ਰੱਖਦਾ ਸਾਂ। ਮੈਂ ਕੀ ਲੈਣਾ ਇਸ ਟੁੱਟੀ ਪ੍ਰਧਾਨਗੀ ਤੋਂ? ਮੈਨੂੰ ਨਹੀਂ ਲੋੜ।’’
ਇਹ ਆਖ ਕੇ ਰੰਧਾਵਾ ਡਾਇਸ ਤੋਂ ਉਤਰਿਆ ਤੇ ਤੇਜ਼ੀ ਨਾਲ ਬਾਹਰ ਜਾਣ ਲੱਗਾ। ਕਈ ਲੇਖਕ ਉਸ ਦੇ ਮਗਰ ਦੌੜੇ। ਪ੍ਰੀਤਮ ਸਿੰਘ ਤੇ ਮੋਹਨ ਸਿੰਘ ਨੇ ਉਸ ਨੂੰ ਫੜਿਆ ਤੇ ਮਿੰਨਤਾਂ ਕਰਨ ਲੱਗੇ, ਪਰ ਰੰਧਾਵੇ ਦਾ ਗੁੱਸਾ ਠੰਢਾ ਨਹੀਂ ਸੀ ਹੋਇਆ, ‘‘ਮੈਂ ਇਸ ਤਰ੍ਹਾਂ ਦਾ ਪ੍ਰਧਾਨ ਬਣਨਾ ਹੀ ਨਹੀਂ ਚਾਹੁੰਦਾ।’’
ਲੇਖਕਾਂ ਨੇ ਫੇਰ ਮਿੰਨਤਾਂ ਕੀਤੀਆਂ ਤਾਂ ਉਹ ਬੋਲਿਆ, ‘‘ਜੇ ਸਾਰੇ ਜਣੇ ਸਰਬ-ਸੰਮਤੀ ਨਾਲ ਮੈਨੂੰ ਪ੍ਰਧਾਨ ਬਣਨ ਲਈ ਰੀਕੁਐਸਟ ਕਰਨਗੇ ਤਾਂ ਮੈਂ ਮਨਜ਼ੂਰ ਕਰਾਂਗਾ, ਨਹੀਂ ਤਾਂ ਜਾਓ ਆਪੇ ਕਰ ਲਓ ਪ੍ਰਧਾਨਗੀ।’’
ਸਾਰੇ ਜਣੇ ਡਰ ਗਏ ਕਿ ਕਿਤੇ ਇਹ ਚਲਾ ਹੀ ਨਾ ਜਾਵੇ। ਸਭ ਨੂੰ ਰੰਧਾਵੇ ਦੀ ਲੋੜ ਸੀ। ਸਭਨਾਂ ਨੇ ਹੱਥ ਖੜ੍ਹੇ ਕਰ ਦਿੱਤੇ। ਵਿਰੋਧੀ ਵਿੱਚੇ ਹੀ ਕਿਤੇ ਗੁਆਚ ਗਿਆ।
ਰੰਧਾਵੇ ਵਿੱਚ ਜਲਾਲ ਸੀ, ਇੱਕ ਸੁੱਚਾ ਗ਼ਰੂਰ, ਜਿਸ ਦਾ ਪ੍ਰਭਾਵ ਸਾਰੇ ਕਬੂਲਦੇ ਸਨ।
ਇੱਕ ਵਾਰ ਰੰਧਾਵੇ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਕਿਰਪਾਲ ਸਿੰਘ ਨਾਰੰਗ ਨੇ ਟੈਲੀਫੋਨ ਕੀਤਾ, ‘‘ਅਸੀਂ ਇੱਕ ਪ੍ਰੋਫੈਸਰ ਦੀ ਨਿਯੁਕਤੀ ਕਰਨੀ ਹੈ ਤੇ ਇਸ ਸਬੰਧ ਵਿੱਚ ਤੁਹਾਡੀ ਐਕਸਪਰਟ ਰਾਇ ਦੀ ਲੋੜ ਹੈ।’’
ਰੰਧਾਵਾ ਬੋਲਿਆ, ‘‘ਠੀਕ ਹੈ, ਪਰ ਸਿਲੈਕਸ਼ਨ ਕਮੇਟੀ ਕਿੱਥੇ ਜੁੜ ਰਹੀ ਹੈ?’’
‘‘ਮੇਰੇ ਦਫ਼ਤਰ ਵਿੱਚ।’’
‘‘ਤੁਸੀਂ ਮੀਟਿਗ ਦਿੱਲੀ ਕਰੋ, ਮੇਰੇ ਦਫ਼ਤਰ ਵਿੱਚ। ਮੈਂ ਕਿਤੇ ਬਾਹਰ ਨਹੀਂ ਜਾਣਾ,’’ ਤੇ ਟੈਲੀਫੋਨ ਬੰਦ।
ਮੀਟਿੰਗ ਦਿੱਲੀ ਹੋਈ ਤੇ ਪ੍ਰਧਾਨਗੀ ਰੰਧਾਵੇ ਨੇ ਕੀਤੀ।
ਰੰਧਾਵਾ ਆਖਦਾ ਸੀ, ‘‘ਜੇ ਮੈਨੂੰ ਕਿਸੇ ਫੰਕਸ਼ਨ ’ਤੇ ਬੁਲਾਉਣਾ ਹੈ ਤਾਂ ਮੇਰੀਆਂ ਸ਼ਰਤਾਂ ਉੱਤੇ। ਇੱਕ ਵੇਲੇ ਇੱਕ ਬੰਦੇ ਨੂੰ ਹੀ ਬੁਲਾਇਆ ਕਰੋ। ਇਹ ਨਹੀਂ ਕਿ ਦੋ ਵਜ਼ੀਰਾਂ ਨੂੰ ਤੇ ਤਿੰਨ ਜੱਜਾਂ ਨੂੰ ਇਕੱਠੇ ਕਰ ਦਿੱਤਾ ਤੇ ਮੈਨੂੰ ਵੀ ਬੁਲਾ ਲਿਆ। ਮੈਂ ਇਸ ਤਰ੍ਹਾਂ ਨਹੀਂ ਆਉਣਾ। ਇਸ ਤਰ੍ਹਾਂ ਕੋਈ ਕੰਮ ਦੀ ਗੱਲ ਨਹੀਂ ਹੋ ਸਕਦੀ।’’
ਰੰਧਾਵਾ ਆਪਣੀ ਤਾਰੀਫ਼ ਸੁਣ ਕੇ ਬੱਚਿਆਂ ਵਾਂਗ ਖ਼ੁਸ਼ ਹੁੰਦਾ ਸੀ। ਇਸ ਖ਼ੁਸ਼ੀ ਵਿੱਚ ਕੋਈ ਬਨਾਵਟ ਨਹੀਂ ਸੀ, ਕੋਈ ਲੁਕੋ ਨਹੀਂ ਸੀ। ਨਿੱਤਰੀ ਹੋਈ ਖੁੱਲ੍ਹੀ ਖ਼ੁਸ਼ੀ।
ਤੁਸੀਂ ਆਖੋ, ‘‘ਰੰਧਾਵਾ ਸਾਹਿਬ, ਤੁਸੀਂ ਚੰਡੀਗੜ੍ਹ ਦਾ ਰੋਜ਼ ਗਾਰਡਨ ਬਣਵਾਇਆ, ਬਹੁਤ ਸੋਹਣਾ ਹੈ।’’
ਉਹ ਆਖਦਾ, ‘‘ਸਿਰਫ਼ ਰੋਜ਼ ਗਾਰਡਨ ਕੀ, ਸਾਰਾ ਚੰਡੀਗੜ੍ਹ ਹੀ ਮੈਂ ਬਣਵਾਇਆ। ਤੂੰ ਮਿਊਜ਼ੀਅਮ ਦੇਖਿਐ? ਇਸ ਵਿੱਚ ਅੰਮ੍ਰਿਤਾ ਸ਼ੇਰਗਿੱਲ, ਸਤੀਸ਼ ਗੁਜਰਾਲ ਤੇ ਸੋਭਾ ਸਿੰਘ ਦੀਆਂ ਪੇਂਟਿੰਗਾਂ ਮੈਂ ਖ਼ਰੀਦ ਕੇ ਰਖਵਾਈਆਂ ਨੇ। ਇਹ ਪ੍ਰੋਫੈਸਰ ਲੋਕ ਬਾਈ ਸੈਕਟਰ ਵਿੱਚ ਛੋਲੇ-ਭਟੂਰੇ ਖਾਣ ਤੁਰ ਪੈਂਦੇ ਨੇ ਪਰ ਇਨ੍ਹਾਂ ਨੂੰ ਆਰਟ ਦਾ ਕੋਈ ਸ਼ੌਕ ਨਹੀਂ। ਆਰਟ-ਗੈਲਰੀਆਂ ਸ਼ਹਿਰ ਦੀ ਸ਼ੋਭਾ ਹੁੰਦੀਆਂ ਨੇ। ਇਸ ਮਿਊਜ਼ੀਅਮ ਵਿੱਚ ਕਾਂਗੜੇ ਦੇ ਮਿਨੀਏਚਰਜ਼ ਪਏ ਨੇ, ਕਮਾਲ ਦੀ ਪਹਾੜੀ ਕਲਾ ਤੇ ਬਸੌਲੀ ਆਰਟ। ਇੱਕ ਬੁਰਸ਼ ਵਿੱਚ ਸੌ ਚਮਤਕਾਰ। ਯੂਰਪ ਵਾਲੇ ਇਸ ਬਾਰੀਕੀ ਦੀ ਕੀ ਰੀਸ ਕਰਨਗੇ? ਇੱਕ ਮਿਊਜ਼ੀਅਮ ਬਣਵਾਇਆ ਹੈ ਨੈਚੁਰਲ ਹਿਸਟਰੀ ਦਾ। ਤੇ ਹੁਣ ਮੈਂ ਪੰਜਾਬ ਆਰਟਸ ਕੌਂਸਲ ਦਾ ਭਵਨ ਬਣਵਾ ਰਿਹਾ ਹਾਂ। ਇਸ ਵਿੱਚ ਵੀ ਆਰਟ-ਗੈਲਰੀ ਤੇ ਲਾਇਬ੍ਰੇਰੀ ਤੇ ਰਾਈਟਰਾਂ ਦੇ ਰਹਿਣ ਲਈ ਕਮਰੇ ਹੋਣਗੇ ਤੇ ਗੋਸ਼ਟੀਆਂ ਲਈ ਵੱਡਾ ਹਾਲ।
ਰੰਧਾਵਾ ਪੰਜਾਬੀ ਕਲਚਰ ਦਾ ਸ਼ਾਹਜਹਾਨ ਸੀ। ਉਸ ਨੂੰ ਕਲਾ ਭਵਨ, ਸਾਹਿਤਕ ਕਿਲ੍ਹੇ ਤੇ ਕਲਚਰਲ ਇਮਾਰਤਾਂ ਉਸਾਰਨ ਦਾ ਜਨੂੰਨ ਸੀ। ਸੜਕਾਂ ਤੇ ਭਵਨਾਂ ਨੂੰ ਵਚਿੱਤਰ ਪੌਦਿਆਂ, ਵੇਲਾਂ ਤੇ ਰੰਗਦਾਰ ਦਰੱਖ਼ਤਾਂ ਨਾਲ ਸ਼ਿੰਗਾਰਨ ਦਾ ਸ਼ੌਕ ਸੀ। ਉਸ ਨੇ ਚੰਡੀਗੜ੍ਹ ਨੂੰ ਫੁੱਲਾਂ ਦੀਆਂ ਬੇਸ਼ੁਮਾਰ ਵੰਨਗੀਆਂ, ਚੰਗਿਆੜੇ-ਰੰਗੇ ਗੁਲਮੋਹਰ ਤੇ ਸਦਾ-ਬਹਾਰ ਰਾਂਗਲੇ ਦਰੱਖ਼ਤਾਂ ਨਾਲ ਸ਼ਿੰਗਾਰਿਆ। ਹਿੰਦੋਸਤਾਨ ਦੇ ਧੁਰ ਦੱਖਣ ਵਿੱਚੋਂ ਚੁਣ-ਚੁਣ ਕੇ ਪੌਦਿਆਂ ਤੇ ਦਰੱਖਤਾਂ ਦੀ ਪਨੀਰੀ ਲਿਆਂਦੀ। ਚੰਡੀਗੜ੍ਹ ਦੀ ਅਰਧ-ਪਹਾੜੀ ਜ਼ਮੀਨ ਵਿੱਚ, ਜਿੱਥੇ ਸੱਪ, ਠੂੰਹੇਂ ਤੇ ਕੋਹੜਕਿਰਲੇ ਸਨ, ਨੂੰ ਨਰੰਗੀ, ਜਾਮਨੀ ਤੇ ਪਿਆਜ਼ੀ ਫੁੱਲਾਂ ਵਾਲੇ ਦਰੱਖ਼ਤਾਂ ਨਾਲ ਸਜਾ ਦਿੱਤਾ।
ਉਹ ਬਾਟਨੀ ਦਾ ਡੀ.ਐੱਸ.ਸੀ. ਤੇ ਬਨਸਪਤੀ ਵਿਗਿਆਨ ਦਾ ਮਾਹਰ ਸੀ। ਉਹ ਮਨੁੱਖੀ ਜੀਵਨ ਨੂੰ ਪੌਦੇ ਤੇ ਦਰੱਖ਼ਤ ਦੇ ਤੁੱਲ ਸਮਝਦਾ ਸੀ ਤੇ ਦਰੱਖਤਾਂ ਨੂੰ ਮਨੁੱਖਾਂ ਦਾ ਰੂਪ...।
ਉਸ ਦੇ ਜ਼ੋਰ ਦੇਣ ਉੱਤੇ ਪੰਜਾਬ ਵਿੱਚ ਟੂਰਿਸਟ ਬੰਗਲਿਆਂ ਦੇ ਨਾਂ ਵੀ ਖ਼ੂਬਸੂਰਤ ਦਰੱਖਤਾਂ ਦੇ ਨਾਂ ਉੱਤੇ ਰੱਖੇ ਗਏ ਜਿਵੇਂ: ਅਮਲਤਾਸ, ਗੁਲਮੋਹਰ ਆਦਿ।
ਰੰਧਾਵਾ ਤਾਕਤ ਨੂੰ ਵੱਧ ਤੋਂ ਵੱਧ ਵਰਤਦਾ ਸੀ। ਉਹ ਅਜਿਹਾ ਘੋੜਾ ਸੀ ਜੋ ਸਰਪਟ ਦੌੜਦਾ ਸੀ। ਉਹ ਆਖਦਾ ਸੀ, ‘‘ਜ਼ਿੰਦਗੀ ਬਹੁਤ ਥੋੜ੍ਹੀ ਹੈ। ਝੱਟ ਫ਼ੈਸਲਾ ਕਰਕੇ ਕੰਮ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਤੁਰੰਤ ਆਰਡਰ ਦੇਂਦਾ ਹਾਂ। ਬਹੁਤੇ ਸਰਕਾਰੀ ਅਫ਼ਸਰ ਡਰਦੇ ਰਹਿੰਦੇ ਨੇ। ਫ਼ਾਈਲਾਂ ਦਾ ਢਿੱਡ ਹੀ ਭਰਦੇ ਰਹਿੰਦੇ ਨੇ। ਜੇ ਮਨ ਸਾਫ਼ ਹੋਵੇ ਤਾਂ ਕੋਈ ਕੰਮ ਗ਼ਲਤ ਨਹੀਂ ਹੁੰਦਾ।’’
ਰੰਧਾਵੇ ਨੂੰ ਟੈਲੀਫੋਨ ਕਰੋ ਤੇ ਆਖੋ ਕਿ ਮੈਂ ਤੁਹਾਨੂੰ ਮਿਲਣਾ ਹੈ, ਤਾਂ ਉਹ ਆਖਦਾ, ‘‘ਹੁਣੇ ਆ ਜਾ।’’ ਟੈਲੀਫੋਨ ਬੰਦ।
ਤੁਸੀਂ ਸ਼ਾਇਦ ਉਸ ਵੇਲੇ ਕਿਸੇ ਹੋਰ ਕੰਮ ਜਾਣਾ ਹੁੰਦਾ। ਹੈਰਾਨ ਹੁੰਦੇ ਕਿ ਇਹ ਵਿਹਲਾ ਹੀ ਬੈਠਾ ਸੀ। ਪਰ ਅਸਲ ਵਿੱਚ ਰੰਧਾਵਾ ਇੰਨਾ ਮਸਰੂਫ਼ ਰਹਿੰਦਾ ਸੀ ਕਿ ਉਸ ਕੋਲ ਵਕਤ ਹੀ ਨਹੀਂ ਸੀ ਹੁੰਦਾ ਕਿ ਉਹ ਤੁਹਾਡੀ ਮੁਲਾਕਾਤ ਦੀਆਂ ਪੇਸ਼ੀਆਂ ਪਾਵੇ। ਉਹ ਆਪਣੀ ਸੰਘਣੀ ਮਸਰੂਫ਼ੀਅਤ ਵਿੱਚੋਂ ਉਸੇ ਵੇਲੇ ਮਿਲ ਕੇ ਗੱਲ ਮੁਕਾ ਦੇਂਦਾ ਸੀ। ਕੋਈ ਕਿਸੇ ਨੌਕਰੀ ਲਈ, ਸਿਫ਼ਾਰਸ਼ ਲਈ, ਜ਼ਮੀਨ ਲਈ, ਚਿੱਤਰ-ਕਲਾ ਦੀ ਵਾਕਫ਼ੀਅਤ ਲਈ ਜਾਂ ਕਿਸੇ ਵੀ ਕੰਮ ਲਈ ਜਾਂਦਾ ਤਾਂ ਉਹ ਠੋਕ ਕੇ ਮਦਦ ਕਰਦਾ। ਝੱਟ ਤੁਹਾਡੇ ਲਈ ਆਪਣੇ ਪੀ.ਏ. ਨੂੰ ਚਿੱਠੀ ਡਿਕਟੇਟ ਕਰਵਾ ਦੇਂਦਾ।
ਜੇ ਤੁਸੀਂ ਗੱਲ ਨੂੰ ਬਹੁਤੀ ਲੰਮੀ ਕਰੋਗੇ ਤਾਂ ਉਹ ਤੋੜ ਕੇ ਆਖੇਗਾ, ‘‘ਮੈਂ ਸਮਝ ਗਿਆਂ, ਹੁਣ ਤੂੰ ਜਾਹ!’’
ਉਹ ਕਦੇ ਕਿਸੇ ਬੰਦੇ ਨੂੰ ‘ਤੁਸੀਂ’ ਨਹੀਂ ਸੀ ਆਖਦਾ। ਹਮੇਸ਼ਾ ‘ਤੂੰ’ ਨਾਲ ਮੁਖ਼ਾਤਬ ਕਰਦਾ। ਚਾਹੇ ਉਹ ਵਾਈਸ-ਚਾਂਸਲਰ ਹੁੰਦਾ, ਚਾਹੇ ਚੀਫ-ਸੈਕਟਰੀ, ਚਾਹੇ ਕਲਰਕ। ਉਸ ਦੇ ਮੂੰਹ ਤੋਂ ‘ਤੂੰ’ ਸਜਦਾ ਸੀ ਕਿਉਂਕਿ ਉਸ ਵਿੱਚ ਆਕੜ ਨਹੀਂ ਸੀ। ਇਹ ਉਸ ਦੇ ਸਾਦਾ ਤੇ ਸਿੱਧੇ ਕਲਚਰ ਦਾ ਹਿੱਸਾ ਸੀ।
ਉਹ ਆਖਦਾ, ‘‘ਮੇਰਾ ਕੰਮ ਹੈ ਮਿਊਜ਼ਿਕ ਕੰਡਕਟਰ ਦਾ। ਆਰਟ ਤੇ ਕਲਚਰ ਦੀਆਂ ਗੋਸ਼ਟੀਆਂ ਤੇ ਕੌਂਸਲਾਂ ਵਿੱਚ ਲੋਕਾਂ ਨੂੰ ਇਕਸੁਰ ਕਰਨਾ। ਮੇਰੇ ਕਰਕੇ ਹੀ ਦਿੱਲੀ ਦੀ ਫਾਈਨ ਆਰਟਸ ਤੇ ਕ੍ਰਾਫਟਸ ਸੁਸਾਇਟੀ ਉੱਨੀ ਸੌ ਛਿਆਲੀ ਤੋਂ ਲੈ ਕੇ ਹੁਣ ਤੀਕ ਚੱਲ ਰਹੀ ਹੈ। ਮੈਂ ਇਸ ਦਾ ਚੇਅਰਮੈਨ ਹਾਂ। ਆਰਟਿਸਟਾਂ ਨੂੰ ਇਕੱਠੇ ਰੱਖਣਾ ਬੜਾ ਮੁਸ਼ਕਲ ਕੰਮ ਹੈ। ਇਹ ਸਾਰੇ ਡੱਡੂਆਂ ਦੀ ਪੰਸੇਰੀ ਹਨ। ਇਨ੍ਹਾਂ ਨੂੰ ਇੱਕੋ ਛਾਬੇ ਵਿੱਚ ਰੱਖਣਾ ਮੇਰਾ ਹੀ ਕੰਮ ਹੈ।’’
1946 ਵਿੱਚ ਰੰਧਾਵਾ ਦਿੱਲੀ ਦਾ ਡਿਪਟੀ ਕਮਿਸ਼ਨਰ ਸੀ। ਉਸ ਵੇਲੇ ਫਾਈਨ ਆਰਟਸ ਸੁਸਾਇਟੀ ਵਿੱਚ ਬੰਗਾਲੀਆਂ ਦਾ ਜ਼ੋਰ ਸੀ। ਮਸ਼ਹੂਰ ਪੇਂਟਰ ਸ਼ਾਰਦਾ ਓਕਿਲ ਦਾ ਭਰਾ ਪਾਰਦਾ ਓਕਿਲ ਤੇ ਊਸ਼ਾ ਨਾਥ ਸੈਨ ਇਸ ਦੇ ਸੰਚਾਲਕ ਸਨ। ਉਸ ਵੇਲੇ ਸੁਸਾਇਟੀ ਕੋਲ ਕੋਈ ਬਿਲਡਿੰਗ ਨਹੀਂ ਸੀ। ਰੰਧਾਵੇ ਨੇ ਸੋਚਿਆ ਜਦੋਂ ਤੀਕ ਕਿਸੇ ਆਰਟਸ ਸੁਸਾਇਟੀ ਕੋਲ ਕੋਈ ਘਰ ਨਾ ਹੋਵੇ, ਉਦੋਂ ਤਕ ਉਹ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ? ਉਸ ਨੇ ਬੰਦੂਕਾਂ ਦੇ ਲਾਇਸੈਂਸ ਦੇਣੇ ਸਨ। ਜਿਸ ਨੂੰ ਬੰਦੂਕ ਦਾ ਲਾਇਸੈਂਸ ਦੇਂਦਾ ਉਸ ਨੂੰ ਆਖਦਾ, ‘‘ਤੂੰ ਆਪਣੀ ਹਿਫ਼ਾਜ਼ਤ ਲਈ ਬੰਦੂਕ ਚਾਹੁੰਨੈਂ ਤਾਂ ਆਰਟ ਦੀ ਹਿਫ਼ਾਜ਼ਤ ਲਈ ਚੰਦਾ ਦੇ।’’ ਇਸ ਤਰ੍ਹਾਂ 60 ਹਜ਼ਾਰ ਰੁਪਿਆ ਜਮ੍ਹਾਂ ਕਰ ਲਿਆ ਸੁਸਾਇਟੀ ਲਈ, ਤੇ ਜ਼ਮੀਨ ਦੇ ਦਿੱਤੀ ਸਸਤੇ ਭਾਅ। ਅੱਜ ਇਸ ਸੁਸਾਇਟੀ ਦੀ ਬਿਲਡਿੰਗ ਦੀ ਕੀਮਤ ਕਈ ਕਰੋੜ ਹੈ। ਇੱਥੇ ਥੀਏਟਰ ਹੈ, ਆਰਟ-ਗੈਲਰੀਆਂ ਹਨ, ਲਾਇਬ੍ਰੇਰੀ ਹੈ ਤੇ ਇੱਥੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਹੁੰਦੀਆਂ ਹਨ।
ਰੰਧਾਵਾ 1952 ਵਿੱਚ ਇੱਕ ਵਾਰ ਮੇਰੇ ਘਰ ਆਇਆ। ਮੇਰੇ ਨਿੱਕੇ ਜਿਹੇ ਵਿਹੜੇ ਵਿੱਚ ਤਖਤਪੋਸ਼ ਉੱਤੇ ਬੈਠ ਗਿਆ ਤੇ ਆਖਣ ਲੱਗਾ, ‘‘ਮੈਂ ਕੁਝ ਖ਼ਾਸ ਪਲਾਟ ਰਾਈਟਰਾਂ ਲਈ ਰੱਖੇ ਹਨ। ਹੌਜ਼ ਖ਼ਾਸ ਵਿੱਚ। ਤੂੰ ਵੀ ਇੱਕ ਲੈ ਲੈ। ਕੀਮਤ ਦੋ ਹਜ਼ਾਰ ਰੁਪਈਆ। ਇਹ ਫਾਰਮ ਭਰ ਦੇ। ਦਿੱਲੀ ਵਿੱਚ ਤੇਰਾ ਕੋਈ ਘਰ ਨਹੀਂ। ਘਰ ਬਹੁਤ ਜ਼ਰੂਰੀ ਚੀਜ਼ ਹੈ। ਚਿੜੀਆਂ-ਤੋਤੇ ਵੀ ਆਲ੍ਹਣਾ ਬਣਾਉਂਦੇ ਨੇ। ਮੈਂ ਦੁੱਗਲ ਨੂੰ ਪਲਾਟ ਦਿੱਤੈ, ਅੰਮ੍ਰਿਤਾ ਨੂੰ ਪਲਾਟ ਦਿੱਤੈ, ਤੂੰ ਵੀ ਲੈ ਲੈ।’’
ਪਰ ਮੈਂ ਪਲਾਟ ਨਾ ਲਿਆ, ਹੌਜ਼ ਖ਼ਾਸ ਉਸ ਵੇਲੇ ਬਾਰ੍ਹਾਂ ਪੱਥਰ ਦੂਰ ਲੱਗਦਾ ਸੀ। ਕੌਣ ਜਾਊਗਾ ਹੌਜ਼ ਖ਼ਾਸ? ਹੌਜ਼ ਲਫ਼ਜ਼ ਤੋਂ ਹੀ ਮੈਨੂੰ ਖ਼ੌਫ਼ ਆਉਂਦਾ ਸੀ ਕਿਉਂਕਿ ਬਚਪਨ ਵਿੱਚ ਮੈਂ ਇੱਕ ਨਿੱਕੇ ਜਿਹੇ ਹੌਜ਼ ਵਿੱਚ ਡੁੱਬਦੇ-ਡੁੱਬਦੇ ਬਚਿਆ ਸੀ। ਪਰ ਦਿੱਲੀ ਦਾ ਇਹ ਹੌਜ਼ ਖ਼ਾਸ ਸਮਾਂ ਪੈਣ ਉੱਤੇ ਫੁੱਲਾਂ ਵਾਲੇ ਦਰੱਖਤਾਂ ਵਿੱਚ ਘਿਰੀ ਇੱਕ ਖ਼ੂਬਸੂਰਤ ਕਾਲੋਨੀ ਬਣ ਗਿਆ।
ਦੇਸ਼ ਦੀ ਵੰਡ ਪਿੱਛੋਂ ਜਦੋਂ ਲੱਖਾਂ ਪੰਜਾਬੀ ਉੱਜੜ ਕੇ ਭਾਰਤ ਵਿੱਚ ਆਏ ਤਾਂ ਉਨ੍ਹਾਂ ਨੂੰ ਦਿੱਲੀ ਵਿੱਚ ਵਸਾਉਣ ਦਾ ਕੰਮ ਰੰਧਾਵੇ ਨੇ ਸਾਂਭਿਆ। ਦਿੱਲੀ ਦਾ ਡਿਪਟੀ ਕਮਿਸ਼ਨਰ ਇਉਂ ਲੱਗਦਾ ਸੀ ਜਿਵੇਂ ਗਵਰਨਰ ਜਨਰਲ ਹੋਵੇ। ਜੇ ਕਿਤੇ ਜਮਨਾ ਵਿੱਚ ਹੜ੍ਹ ਆ ਗਿਆ ਜਾਂ ਕੋਈ ਹੋਰ ਕਰੋਪੀ ਆ ਪਈ ਤਾਂ ਰੰਧਾਵਾ ਆਪਣੀ ਝੰਡੀ ਵਾਲੀ ਕਾਰ ਵਿੱਚ ਸਵਾਰ ਆਪਣੇ ਅਹਿਲਕਾਰਾਂ ਨਾਲ ਉੱਥੇ ਪਹੁੰਚ ਜਾਂਦਾ। ਤੁਰੰਤ ਲੱਖਾਂ ਦੇ ਫ਼ੈਸਲੇ ਸੁਣਾਉਂਦਾ। ਲੋਕ ਹੈਰਾਨ ਹੁੰਦੇ ਕਿ ਇਸ ਕੋਲ ਇਤਨੀ ਸ਼ਕਤੀ ਕਿੱਥੋਂ ਆ ਗਈ? ਬਾਕੀ ਅਫਸਰ ਤਾਂ ਸੌ ਰੁਪਏ ਦਾ ਆਰਡਰ ਦੇਣ ਲਈ ਤਿੰਨ ਕੁਟੇਸ਼ਨਾਂ ਮੰਗਦੇ ਸਨ, ਰੰਧਾਵਾ ਕਿਵੇਂ ਲੱਖਾਂ-ਕਰੋੜਾਂ ਦੇ ਫ਼ੈਸਲੇ ਕਰੀ ਜਾਂਦਾ।
ਉਸ ਦੇ ਦਫ਼ਤਰ ਅੱਗੇ ਰਫਿਊਜੀਆਂ ਦੀ ਲੰਮੀ ਕਤਾਰ ਲੱਗੀ ਹੁੰਦੀ। ਉਹ ਬਾਹਰ ਹੀ ਇੱਕ ਕੁਰਸੀ ਤੇ ਨਿੱਕੀ ਮੇਜ਼ ਡਾਹ ਕੇ ਦਫ਼ਤਰ ਲਾ ਲੈਂਦਾ।
ਇੱਕ ਦਿਨ ਉਸ ਨੇ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਨੂੰ ਕਤਾਰ ਵਿੱਚ ਖੜ੍ਹੇ ਦੇਖਿਆ ਤਾਂ ਉਸ ਨੇ ਵਾਰੀ ਤੋਂ ਬਿਨਾਂ ਆਪ ਉੱਠ ਕੇ ਆਦਰ ਨਾਲ ਉਸ ਨੂੰ ਬੁਲਾਇਆ। ਉਸੇ ਵੇਲੇ ਗੁਰਬਖ਼ਸ਼ ਸਿੰਘ ਨੂੰ ਮਹਿਰੌਲੀ ਵਿੱਚ ਵੱਡਾ ਮਕਾਨ ਅਲਾਟ ਕੀਤਾ। ਪ੍ਰੀਤਨਗਰ ਤੋਂ ਉਸ ਦੇ ਘਰ ਦਾ ਬੇਸ਼ੁਮਾਰ ਸਾਮਾਨ, ਕਿਤਾਬਾਂ ਤੇ ਪੂਰੇ ਪ੍ਰੈੱਸ ਦੀਆਂ ਮਸ਼ੀਨਾਂ ਆਦਿ ਸਰਕਾਰੀ ਟਰੱਕਾਂ ਵਿੱਚ ਲੱਦ ਕੇ ਦਿੱਲੀ ਲਿਆਂਦੀਆਂ ਤੇ ਗੁਰਬਖ਼ਸ਼ ਸਿੰਘ ਤੇ ਉਸ ਦੇ ਟੱਬਰ ਨੂੰ ਉਸ ਨੇ ਵਸਾਇਆ। ਭਾਪਾ ਪ੍ਰੀਤਮ ਸਿੰਘ ਨੂੰ ਵੀ ਉਸ ਨੇ ਦੁਕਾਨ ਅਲਾਟ ਕੀਤੀ। ਉਹ ਬੇਸ਼ੁਮਾਰ ਲੋਕਾਂ ਨੂੰ ਰਾਸ਼ਨ, ਬਿਜਲੀ, ਘਰ, ਦੁਕਾਨਾਂ ਤੇ ਜ਼ਮੀਨਾਂ ਵੰਡ ਰਿਹਾ ਸੀ। ਲੱਖਾਂ ਉੱਤੇ ਕਲਮ ਚਲਾ ਰਿਹਾ ਸੀ। ਉਹ ਪੂਰਾ ਲਖਦਾਤਾ ਸਿੰਘ ਸੀ।
ਦੇਸ਼ ਆਜ਼ਾਦ ਹੋਣ ਪਿੱਛੋਂ ਰੰਧਾਵੇ ਨੇ ਨਿਕੋਲਾਈ ਰੋਰਿਕ ਦੀਆਂ ਪੇਂਟਿੰਗਾਂ ਦੀ ਨੁਮਾਇਸ਼ ਕੀਤੀ। ਇੱਕ ਚਾਹ-ਪਾਰਟੀ ਵਿੱਚ ਗਿਆ ਜਿੱਥੇ ਨਵੀਂ ਦਿੱਲੀ ਦੇ ਪਤਵੰਤੇ ਤੇ ਅਮੀਰ ਜੁੜੇ ਹੋਏ ਸਨ। ਚਾਹ ਪੀਂਦਿਆਂ ਤੇ ਪੇਸਟਰੀ ਖਾਂਦਿਆਂ ਲੋਕਾਂ ਨੂੰ ਯਕਦਮ ਉਸ ਨੇ ਆਖਿਆ, ‘‘ਚਲੋ ਤੁਹਾਨੂੰ ਨੁਮਾਇਸ਼ ਵਿਖਾਈਏ-ਇੱਕ ਬਹੁਤ ਵੱਡੇ ਕਲਾਕਾਰ ਦੀਆਂ ਪੇਂਟਿੰਗਾਂ।’’
ਉਹ ਸਭਨਾਂ ਨੂੰ ਹਿੱਕ ਕੇ ਆਰਟ-ਗੈਲਰੀ ਵਿੱਚ ਲੈ ਗਿਆ ਤੇ ਉੱਥੇ ਪੰਜ-ਪੰਜ ਸੌ ਰੁਪਏ ਦੀਆਂ ਪੇਂਟਿੰਗਾਂ ਚੁਕਵਾ ਦਿੱਤੀਆਂ।
ਰੰਧਾਵੇ ਨੇ ਕਾਂਗੜਾ ਚਿੱਤਰ-ਕਲਾ ਦੀਆਂ ਨਾਇਕਾਵਾਂ ਦੀਆਂ ਕਾਮ-ਮੱਤੀਆਂ ਸੁੰਦਰੀਆਂ ਬਾਰੇ ਖੁੱਲ੍ਹ ਕੇ ਲਿਖਿਆ। ਸੈਕਸ ਬਾਰੇ ਉਸ ਦੇ ਵਿਚਾਰ ਬੜੇ ਖੁੱਲ੍ਹੇ ਸਨ। ਇਸ ਬਾਰੇ ਉਹ ਇਉਂ ਦਲੀਲ ਨਾਲ ਗੱਲਾਂ ਕਰਦਾ ਜਿਵੇਂ ਪੌਦਿਆਂ ਤੇ ਫੁੱਲਾਂ ਦੇ ਪ੍ਰਜਨਨ ਬਾਰੇ ਗੱਲ ਕਰ ਰਿਹਾ ਹੋਵੇ। ਉਹ ਸੁੰਦਰਤਾ ਦਾ ਪੁਜਾਰੀ ਸੀ- ਹੁਸੀਨ ਕਲਾ ਤੇ ਹੁਸੀਨ ਔਰਤ ਦਾ, ਪਰ ਰਹਿੰਦਾ ਸੀ ਯੋਗੀਆਂ ਵਾਂਗ। ਕੰਮ ਵਿੱਚ ਜੁਟਿਆ ਹੋਇਆ ਜਿਵੇਂ ਤਪ ਕਰ ਰਿਹਾ ਹੋਵੇ।
ਮੈਂ ਪੁੱਛਿਆ, ‘‘ਰੰਧਾਵਾ ਸਾਹਿਬ, ਤੁਸੀਂ ਬਾਟਨੀ ਦੀ ਡੀ.ਐੱਸ.ਸੀ. ਕੀਤੀ। ਪੌਦਿਆਂ ਦੀ ਸਾਇੰਸ ਤੋਂ ਤੁਸੀਂ ਆਰਟ ਵੱਲ ਕਿਵੇਂ ਆ ਗਏ?’’
ਉਹ ਬੋਲਿਆ, ‘‘ਪੌਦਿਆਂ ਬਾਰੇ ਖੋਜ ਕਰਦੇ ਹੋਏ ਮੈਂ ਦੇਖਿਆ ਕਿ ਸਾਡੀਆਂ ਪ੍ਰਾਚੀਨ ਪੇਂਟਿੰਗਾਂ ਤੇ ਸਾਹਿਤ ਵਿੱਚ ਇਨ੍ਹਾਂ ਦਾ ਬਹੁਤ ਰੰਗਲਾ ਵਰਣਨ ਹੈ। ਪੁਰਾਣੇ ਕਵੀਆਂ ਤੇ ਚਿੱਤਰਕਾਰਾਂ ਨੂੰ ਪੌਦਿਆਂ ਤੇ ਫੁੱਲਾਂ ਦਾ ਡੂੰਘਾ ਗਿਆਨ ਸੀ। ਮੈਂ ਕੰਧ-ਚਿੱਤਰਾਂ ਤੇ ਪੇਂਟਿੰਗਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲਾਂ, ਵੇਲਾਂ ਤੇ ਵਚਿੱਤਰ ਪੌਦਿਆਂ ਨੂੰ ਤੱਕਿਆ। ਮੈਨੂੰ ਚਿੱਤਰਕਲਾ ਵਿੱਚ ਦਿਲਚਸਪੀ ਜਾਗੀ। ਜਦੋਂ ਮੈਂ ਜਲੰਧਰ ਕਮਿਸ਼ਨਰ ਲੱਗਿਆ ਤਾਂ ਕਾਂਗੜਾ ਦੇ ਪਹਾੜੀ ਰਾਜਿਆਂ ਦੇ ਮਹਿਲਾਂ ਤੇ ਉਨ੍ਹਾਂ ਦੇ ਚਿੱਤਰਕਲਾ ਦੇ ਖ਼ਜ਼ਾਨਿਆਂ ਨੂੰ ਦੇਖਣ ਦਾ ਮੌਕਾ ਮਿਲਿਆ। ਲੰਡਨ ਦੇ ਮਸ਼ਹੂਰ ਆਲੋਚਕ ਤੇ ਇਤਿਹਾਸਕਾਰ ਮਿਸਟਰ ਆਰਚਰ ਨਾਲ ਮੁਲਾਕਾਤ ਹੋਈ ਜੋ ਪੇਂਟਿੰਗ ਉੱਤੇ ਖੋਜ ਕਰ ਰਿਹਾ ਸੀ। ਅਸੀਂ ਕਾਂਗੜਾ ਚਿੱਤਰਕਲਾ ਦੀਆਂ ਪੈੜਾਂ ਲੱਭਦੇ, ਰਾਜਾ ਸੰਸਾਰ ਚੰਦ ਦੇ ਵਾਰਸਾਂ ਨੂੰ ਮਿਲਦੇ, ਬਸੌਲੀ ਤੇ ਗੁਲੇਰ ਕਲਾ ਦੇ ਚਿੱਤਰ-ਖ਼ਜ਼ਾਨੇ ਨੂੰ ਲੱਭਿਆ। ਮੈਂ ਕਾਂਗੜਾ ਦੀ ਕਲਾ ਬਾਰੇ ਲਿਖਿਆ, ਇਹਦੇ ਬੇਮਿਸਾਲ ਤੇ ਖ਼ੂਬਸੂਰਤ ਮਿਨੀਏਚਰਜ਼ ਨੂੰ ਇਕੱਠਾ ਕੀਤਾ ਤੇ ਥਾਂ-ਥਾਂ ਤੋਂ ਖਰੀਦ ਕੇ ਚੰਡੀਗੜ੍ਹ ਦੇ ਮਿਊਜ਼ੀਅਮ ਵਿੱਚ ਸਾਂਭਿਆ। ਮੇਰੇ ਲਈ ਸਾਇੰਸ ਤੇ ਸੂਖ਼ਮ ਕਲਾ ਇੱਕ-ਦੂਜੇ ਦੇ ਬਹੁਤ ਨੇੜੇ ਹਨ।’’
ਰੰਧਾਵਾ ਆਰਟਿਸਟਾਂ ਦਾ ਸਭ ਤੋਂ ਵੱਡਾ ਸਰਪ੍ਰਸਤ ਸੀ। ਪੰਜਾਬ ਦਾ ਕੋਈ ਵਿਰਲਾ ਹੀ ਪੇਂਟਰ ਜਾਂ ਕਲਾਕਾਰ ਹੋਵੇਗਾ ਜਿਸ ਦੀ ਰੰਧਾਵੇ ਨੇ ਮਦਦ ਨਾ ਕੀਤੀ ਹੋਵੇ- ਕੀ ਸੋਭਾ ਸਿੰਘ, ਕੀ ਜਸਵੰਤ ਸਿੰਘ, ਕੀ ਕਿਰਪਾਲ ਸਿੰਘ ਤੇ ਕੀ ਸ਼ਿਵ ਸਿੰਘ।
ਜਦੋਂ ਉਹ 1966 ਵਿੱਚ ਚੰਡੀਗੜ੍ਹ ਦਾ ਚੀਫ-ਕਮਿਸ਼ਨਰ ਬਣਿਆ ਤਾਂ ਉਸ ਨੇ ਕਿਤਾਬਾਂ ਦੀਆਂ ਦੁਕਾਨਾਂ ਵਾਸਤੇ 17 ਸੈਕਟਰ ਵਿੱਚ ਇੱਕ ਪੂਰਾ ਬਲਾਕ ਹੀ ਰਿਜ਼ਰਵ ਕਰਾ ਦਿੱਤਾ। ਕਾਨੂੰਨ ਪਾਸ ਕਰ ਦਿੱਤਾ ਕਿ ਇੱਥੇ ਸਿਰਫ਼ ਕਿਤਾਬਾਂ ਹੀ ਵਿਕਣਗੀਆਂ। ਇਸ ਤਰ੍ਹਾਂ ਇਹ ਦੁਕਾਨਾਂ ਸਸਤੀ ਕੀਮਤ ਉੱਤੇ ਖ਼ਰੀਦੀਆਂ ਗਈਆਂ ਤੇ ਸਸਤੇ ਕਿਰਾਏ ਉੱਤੇ ਚੜ੍ਹ ਗਈਆਂ। ਹੁਣ ਤੀਕ ਇਨ੍ਹਾਂ ਦੁਕਾਨਾਂ ਨੂੰ ਵੇਚ ਕੇ ਕੋਈ ਮਾਲਕ ਕੱਪੜੇ ਜਾਂ ਜੁੱਤਿਆਂ ਦੀ ਦੁਕਾਨ ਨਹੀਂ ਬਣਾ ਸਕਿਆ।
ਰੰਧਾਵਾ ਆਖਦਾ ਸੀ, ‘‘ਇਹ ਰੇਸ਼ਮੀ ਸਾੜ੍ਹੀਆਂ ਵੇਚਣ ਵਾਲੇ ਬੜਾ ਰੁਪਿਆ ਕਮਾਉਂਦੇ ਨੇ। ਤੇ ਇਹ ਹੋਟਲਾਂ ਵਾਲੇ ਵੀ। ਪੰਜਾਬੀਆਂ ਨੂੰ ਖਾਣ ਤੇ ਪਹਿਨਣ ਦਾ ਹੀ ਸ਼ੌਕ ਹੈ, ਪੜ੍ਹਨ ਦਾ ਨਹੀਂ। ਮੈਂ ਡੰਡੇ ਦੇ ਜ਼ੋਰ ਨਾਲ ਚੰਡੀਗੜ੍ਹ ਵਿੱਚ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹਵਾ ਦਿੱਤੀਆਂ। ਇਸ ਵੇਲੇ ਨਿਊ ਦਿੱਲੀ ਦੇ ਕਨਾਟ ਪਲੇਸ ਵਿੱਚ ਕਿਤਾਬਾਂ ਦੀਆਂ ਇੰਨੀਆਂ ਦੁਕਾਨਾਂ ਨਹੀਂ, ਜਿੰਨੀਆਂ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ।’’
ਉਸ ਨੇ ਚੰਡੀਗੜ੍ਹ ਵਿੱਚ ਵੀ ਰਾਈਟਰਾਂ ਤੇ ਕਲਾਕਾਰਾਂ ਲਈ ਪਲਾਟ ਰਿਜ਼ਰਵ ਕੀਤੇ। ਬਹੁਤ ਸਾਰੇ ਰਾਈਟਰਾਂ, ਪ੍ਰੋਫੈਸਰਾਂ ਨੇ ਇਸ ਖੁੱਲ੍ਹਦਿਲੀ ਸਹੂਲਤ ਦਾ ਲਾਭ ਉਠਾਇਆ। ਕਲਚਰ ਦੇ ਮਾਮਲੇ ਵਿੱਚ ਉਹ ਹਰ ਪੱਖ ਤੋਂ ਸ਼ਾਹਜਹਾਨ ਸੀ।