ਸ਼ਹੀਦੀ ਛੋਟੇ ਸਾਹਿਬਜ਼ਾਦੇ
ਅਮਨਦੀਪ ਸਿੰਘ
ਸ਼ਹੀਦੀ ਛੋਟੇ ਸਾਹਿਬਜ਼ਾਦੇ
ਸਰਸਾ ਪਈ ਠਾਠਾਂ ਮਾਰੇ।
ਮਾਤਾ ਗੁਜਰੀ ਜੀ ਤੇ ਛੋਟੇ ਲਾਲ
ਵਿੱਛੜੇ ਨਦੀ ਕਿਨਾਰੇ।
ਗੰਗੂ ਪਾਪੀ ਨੇ ਕਹਿਰ ਕਮਾਇਆ।
ਛੋਟੇ ਲਾਲਾਂ ਤੇ ਮਾਂ ਗੁਜਰੀ ਨੂੰ -
ਸੂਬੇ ਸਰਹਿੰਦ ਕੋਲ ਜਾ ਫੜਾਇਆ।
ਸੂਬੇ ਆਖਿਆ ਕਿ ਈਨ ਮੰਨ ਲਓ।
ਮਾਲਾ ਮਾਲ ਕਰ ਦੇਊਂਗਾ -
ਜੇ ਇਸਲਾਮ ਕਬੂਲ ਕਰ ਲਓ।
ਅਸੀਂ ਪੁੱਤ ਹਾਂ ਕਲਗੀਧਰ ਦੇ।
ਕਦੇ ਨਹੀਂ ਝੁਕ ਸਕਦੇ -
ਮਹਿਲਾਂ ਨੂੰ ਠੋਕਰ ਮਾਰਦੇ।
ਸੁਣ ਕੇ ਸੂਬੇ ਨੂੰ ਗੁੱਸਾ ਆਇਆ।
ਉਸ ਨੇ ਕਾਜ਼ੀ ਦੇ ਕੋਲੋਂ -
ਮੌਤ ਦਾ ਫਤਵਾ ਸੁਣਾਇਆ।
ਸਾਰੇ ਲੋਕ ਵੀ ਰੋ ਪਏ।
ਗੁਰੂ ਜੀ ਦੇ ਲਖ਼ਤੇ-ਜਿਗਰ
ਜਦ ਨੀਂਹਾਂ ’ਚ ਖਲੋ ਗਏ।
‘ਜਪੁ’ ਜੀ ਦਾ ਪਾਠ ਕਰਦੇ।
ਖ਼ੂਨੀ ਦੀਵਾਰ ਵਿੱਚ ਖੜ੍ਹੇ
ਰਤਾ ਵੀ ਨਾ ਸੀ ਕਰਦੇ।
ਇੱਟਾਂ ਮੋਢਿਆਂ ਤੱਕ ਆ ਗਈਆਂ।
ਸਿੱਖੀ ਦੇ ਮਹਿਲ ਦੀਆਂ
ਕੰਧਾਂ ਪੱਕੀਆਂ ਹੋ ਗਈਆਂ।
ਸਾਹ ਹੌਲੀ-ਹੌਲੀ ਚੱਲ ਰਹੇ।
ਜ਼ੁਲਮ ਦੀ ਕੰਧ ਢਾਹ ਕੇ
ਛੋਟੇ ਲਾਲ ਸ਼ਹੀਦ ਹੋ ਗਏ।
ਠੰਢੇ ਬੁਰਜ ’ਚ ਸਮਾਧੀ ਲਾ ਕੇ।
ਮਾਤਾ ਗੁਜਰੀ ਜੀ ਵੀ
ਲਿਵ ’ਚ ਵਲੀਨ ਹੋ ਗਏ।
ਬੂਟਾ ਕਾਹੀ ਦਾ ਪੁੱਟ ਦਿੱਤਾ।
ਜ਼ੁਲਮ ਦੇ ਨਾਸ਼ ਲਈ
ਗੁਰੂ ਜੀ ਨੇ ਬੰਦਾ ਸਿੰਘ ਭੇਜ ਦਿੱਤਾ।
ਬਸ ਥੋੜ੍ਹੀ ਜਿਹੀ ਦੇਰ ਹੋਈ।
ਬਸਤੀ ਸਰਹਿੰਦ ਦੀ -
ਫਿਰ ਇੱਟਾਂ ਦਾ ਢੇਰ ਹੋਈ।
ਹੋਵੇ ਕਿੱਡਾ ਵੀ ਨਿਜ਼ਾਮ ਕੋਈ।
ਇੱਕ ਦਿਨ ਢਹਿ ਜਾਣਾ -
ਜਦੋਂ ਉੱਠਿਆ ਜਵਾਨ ਕੋਈ।