ਸ਼ਾਹੀ ਇਮਾਮ ਵੱਲੋਂ ਨੂਹ ਅਤੇ ਗੁਰੂਗ੍ਰਾਮ ਹਿੰਸਾ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਗਸਤ
ਮਜਲਿਸ ਅਹਿਰਾਰ ਪਾਰਟੀ ਨੇ ਹਰਿਆਣਾ ਦੇ ਨੂਹ ਮਗਰੋਂ ਗੁਰੂਗ੍ਰਾਮ ’ਚ ਹੋਈਆਂ ਹਿੰਸਕ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਘਟਨਾਵਾਂ ਲਈ ਖੱਟਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਅਹਿਰਾਰ ਦੇ ਕੌਮੀ ਪ੍ਰਧਾਨ ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਬੀਤੇ ਦੋ ਦਿਨਾਂ ਦੌਰਾਨ ਹਰਿਆਣਾ ’ਚ ਜੋ ਕੁਝ ਹੋਇਆ ਹੈ, ਉਸ ਕਾਰਨ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਨੂਹ ਤੋਂ ਬਾਅਦ ਗੁਰੂਗ੍ਰਾਮ ਵਿੱਚ ਇੱਕ ਮਸਜਿਦ ਦੇ ਇਮਾਮ ਦੇ ਕਤਲ ਦੀ ਘਟਨਾ ਇੱਕ ਸ਼ਰਮਨਾਕ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਇਨਸਾਨ ’ਤੇ ਹਮਲਾ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ, ਜਿਸ ਲਈ ਗੁਰੂਗ੍ਰਾਮ ਪ੍ਰਸ਼ਾਸਨ ਜ਼ਿੰਮੇਵਾਰ ਬਣਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ’ਚ ਹੋਈ ਹਿੰਸਾ ਦੇ ਮਾਮਲੇ ’ਚ ਸਖਤ ਕਾਰਵਾਈ ਕਰਨ। ਉਨ੍ਹਾਂ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਭਾਵਿਤ ਲੋਕਾਂ ਨੂੰ ਇੱਕ-ਇਕ ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਕਰਨਗੇ ਮੁਲਾਕਾਤ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 5 ਅਗਸਤ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਨਗੇ। ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਸਥਿਤ ਸ਼ਾਹੀ ਇਮਾਮ ਪੰਜਾਬ ਦੇ ਦਫ਼ਤਰ ਵੱਲੋਂ ਮੁਹੰਮਦ ਮੁਸਤਕੀਮ ਅਹਿਰਾਰੀ ਨੇ ਦੱਸਿਆ ਹੈ ਕਿ ਸ਼ਾਹੀ ਇਮਾਮ ਮੁਲਾਕਾਤ ਦੌਰਾਨ ਹਰਿਆਣਾ ਨੂਹ ਦੀ ਹਿੰਸਾ, ਗੁਰੂਗਰਾਮ ’ਚ ਮਸਜਿਦ ਦੇ ਇਮਾਮ ਦੇ ਕਤਲ ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਵੱਲੋਂ ਕਾਦਿਆਨੀਆਂ ਦੇ ਹੱਕ ’ਚ ਦਿੱਤੇ ਬਿਆਨ ਸਬੰਧੀ ਮੁੱਦੇ ਰੱਖਣਗੇ।