ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਪਾਇਲ, 1 ਅਗਸਤ
ਆਵਾਮੀ ਰੰਗਮੰਚ (ਪਲਸ ਮੰਚ) ਸਿਹੌੜਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਆਵਾਮੀ ਰੰਗਮੰਚ ਦੇ ਆਗੂ ਪਾਵੇਲ ਸਿਹੌੜਾ ਤੇ ਸ਼ੈਰੀ ਸਿਹੌੜਾ ਨੇ ਕਿਹਾ ਕਿ ਜਿੱਥੇ ਸ਼ਹੀਦ ਊਧਮ ਸਿੰਘ ਦਾ ਜੀਵਨ ਸੰਗਰਾਮ, ਲਾਸਾਨੀ ਕੁਰਬਾਨੀ, ਆਜ਼ਾਦ, ਧਰਮ-ਨਿਰਪੱਖ, ਖ਼ੁਸ਼ਹਾਲ, ਨਿਆਂ ਭਰੇ ਜਾਤ-ਪਾਤ ਦੇ ਕੋਹੜ ਤੋਂ ਮੁਕਤ ਰਾਜ ਅਤੇ ਉਸਾਰੂ ਸਮਾਜ ਨੂੰ ਸਿਰਜਣ ਦਾ ਸੁਫ਼ਨਾ ਦਿਲ ’ਚ ਸਮੋਇਆ ਸੀ। ਉਸ ਅਧੂਰੇ ਸੁਫ਼ਨਿਆਂ ਨੂੰ ਸੋਚਣ ਤੇ ਫਰੋਲਣ ਤੇ ਸਮਝਣ ਦੀ ਲੋੜ ਹੈ ਕਿ ਕਿਵੇਂ ਅੱਜ ਭਾਜਪਾ ਸਰਕਾਰ ਕਿਵੇਂ ਹੱਕਾਂ ਲਈ ਲੜਦੇ ਲੋਕਾਂ ਨੂੰ ਕੁਚਲਣ ਲਈ ਉਤਾਵਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਸਾਂਝੇ ਰੂਪ ਵਿੱਚ ਮਿਲ ਕੇ ਕਿਵੇਂ ਲੜਨਾ ਤੇ ਜਿੱਤਣਾ ਹੈ, ਸਾਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਨੇ ਲੋਕਾਂ ਲਈ ਫਾਂਸੀ ਦਾ ਰੱਸਾ ਚੁੰਮਿਆ। ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਲੜਨ ਵਾਲੇ ਸ਼ਹੀਦ ਦੇ ਜੀਵਨ ਤੋਂ ਸੇਧ ਲੈ ਕੇ ਹੀ ਨੌਜਵਾਨ ਸਹੀ ਰਸਤੇ ’ਤੇ ਚੱਲ ਸਕਦੇ ਹਨ।